ਬਿਹਾਰ ਦੇ ਮੁੱਖ ਮੰਤਰੀ ਨੇ ਗੁ. ਬਾਲ ਲੀਲਾ ਸਾਹਿਬ ਵਿਖੇ ਲੰਗਰ ਦੀ ਕੀਤੀ ਆਰੰਭਤਾ

12/26/2019 5:17:49 PM

ਚੰਡੀਗੜ੍ਹ (ਟੱਕਰ) : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਗੁ. ਬਾਲ ਲੀਲਾ ਪਟਨਾ ਸਾਹਿਬ ਵਿਖੇ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਸੰਗਤਾਂ ਲਈ ਲਗਾਏ ਗਏ ਵਿਸ਼ਾਲ ਲੰਗਰ ਦੀ ਆਰੰਭਤਾ ਦੀ ਅਰਦਾਸ 'ਚ ਸ਼ਾਮਲ ਹੋਏ। ਇਸ ਦੌਰਾਨ ਪੰਗਤਾਂ 'ਚ ਬੈਠੀਆਂ ਸੰਗਤਾਂ ਨੂੰ ਲੰਗਰ ਵਰਤਾ ਕੇ ਲੰਗਰ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਡੇਰਾ ਬਾਬਾ ਭੂਰੀ ਵਾਲੇ ਦੇ ਮੀਡੀਆ ਸਕੱਤਰ ਰਾਮ ਸਿੰਘ ਭਿੰਡਰ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਮੁਤਾਬਕ ਲੰਗਰ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਕੀਤੀ।

ਇਸ ਮੌਕੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਗੁਰਪੁਰਬ ਸਮੇਂ ਦੇਸ਼-ਵਿਦੇਸ਼ਾਂ ਤੋਂ ਪੁੱਜਣ ਵਾਲੀ ਸੰਗਤ ਲਈ ਰਿਹਾਇਸ਼ ਤੇ ਲੰਗਰ ਦੇ ਕੀਤੇ ਬੇਮਿਸਾਲ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਿਥੇ ਬਿਹਾਰ ਸਰਕਾਰ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਉਣ ਲਈ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਸੰਗਤਾਂ ਦੀ ਸੇਵਾ ਲਈ ਕੀਤਾ ਉਪਰਾਲਾ ਵੀ ਬੇਹੱਦ ਸ਼ਲਾਘਾਯੋਗ ਹੈ। ਲੰਗਰ ਦੀ ਆਰੰਭਤਾ ਮੌਕੇ ਬਿਹਾਰ ਸਰਕਾਰ ਦੇ ਮੰਤਰੀ ਅਨੰਦ ਕਿਸ਼ੋਰ, ਚੀਫ ਸਕੱਤਰ ਬਿਹਾਰ ਸਰਕਾਰ ਅੰਜਨੀ ਕੁਮਾਰ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਭਾਈ ਇੰਦਰਜੀਤ ਸਿੰਘ ਨਿਸ਼ਕਾਮ ਸੇਵਕ ਜਥਾ ਯੂ. ਕੇ. ਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਹਾਰ ਦੇ ਪ੍ਰਧਾਨ ਸ. ਸੂਰਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Anuradha

This news is Content Editor Anuradha