ਪਾਕਿ ਨੂੰ ਬੰਦ ਕੀਤਾ ਨਹਿਰੀ ਪਾਣੀ ਹੁਣ ਸਰਹੱਦੀ ਰਾਜਾਂ ਨੂੰ ਦਿੱਤਾ ਜਾਵੇਗਾ: ਗਡਕਰੀ

02/25/2019 5:24:23 PM

ਜਲੰਧਰ/ਫਗਵਾੜਾ (ਜਲੋਟਾ, ਹਰਜੋਤ)— ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੱਜ ਪੰਜਾਬ 'ਚ 746 ਕਰੋੜ ਰੁਪਏ ਦੀਆਂ ਦੋ ਸੜਕਾਂ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਅਧਿਕਾਰਤ ਸੂਤਰਾਂ ਮੁਤਾਬਕ ਇਨ੍ਹਾਂ 'ਚ 581 ਕਰੋੜ ਰੁਪਏ ਦੀ ਲਾਗਤ ਨਾਲ 67.64 ਕਿਲੋਮੀਟਰ ਲੰਬੀ ਬੰਗਾ-ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ-ਨੈਨਾ ਦੇਵੀ ਸੜਕ ਦਾ ਵਿਕਾਸ ਅਤੇ 165 ਕਰੋੜ ਰੁਪਏ ਦੀ ਲਾਗਤ ਨਾਲ ਫਗਵਾੜਾ ਸ਼ਹਿਰ 'ਚ ਹਾਈਵੇਅ-44 'ਤੇ 2.555 ਕਿਲੋਮੀਟਰ ਲੰਬੀ ਐਲੀਵੇਟੇਡ ਸੰਰਚਨਾ ਅਤੇ ਵਾਹਨਾਂ ਦਾ ਅੰਡਰਪਾਸ ਦਾ ਨਿਰਮਾਣ ਸ਼ਾਮਲ ਹੈ। ਇਨ੍ਹਾਂ ਪ੍ਰਾਜੈਕਟਾਂ ਤੋਂ ਸੈਰ-ਸਪਾਟਾ, ਸੁਰੱਖਿਅਤ ਯਾਤਰਾ, ਯਾਤਰਾ ਦੇ ਸਮੇਂ ਵਿਚ ਕਮੀ ਦੇ ਨਾਲ-ਨਾਲ ਆਰਥਿਕ ਗਤੀਵਿਧੀਆਂ ਅਤੇ ਰੋਜ਼ਗਾਰ ਦੇ ਸਾਧਨ ਤੋਂ ਸਥਾਨਕ ਲੋਕਾਂ ਨੂੰ ਫਾਇਦਾ ਹੋਵੇਗਾ।

ਇਸ ਮੌਕੇ ਗਡਕਰੀ ਨੇ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਨੂੰ ਦਿੱਤਾ ਜਾਂਦਾ ਪਾਣੀ ਹੁਣ ਪੰਜਾਬ ਅਤੇ ਰਾਜਸਥਾਨ ਦੇ ਸਿੰਚਾਈ ਕੰਮਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 1960 'ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਹੋਰ ਸਾਥੀਆਂ ਵੱਲੋਂ ਪਾਣੀ ਦੇਣ ਦਾ ਸਮਝੌਤਾ ਇਸ ਲਈ ਕੀਤਾ ਸੀ ਕਿ ਚੋਣਾਂ ਦੇਸ਼ਾ ਦੇ ਸਬੰਧ 'ਚ ਸੁਖਾਵੇਂ ਅਤੇ ਪ੍ਰੇਮ ਭਰੇ ਬਣੇ ਰਹਿਣ ਪਰ ਪਾਕਿਸਤਾਨ ਪਾਣੀ ਦੇ ਬਦਲੇ ਸਾਨੂੰ ਬੰਬ ਦੇ ਰਿਹਾ ਹੈ ਅਤੇ ਸਾਡੀਆਂ ਫੌਜਾ ਦਾ ਭਾਰੀ ਨੁਕਸਾਨ ਕਰ ਰਿਹਾ ਹੈ, ਜਿਸ ਨੂੰ ਹੁਣ ਭਾਰਤ ਸਹਿਣ ਨਹੀਂ ਕਰੇਗਾ ਅਤੇ ਪਾਕਿਸਤਾਨ ਦਾ ਪਾਣੀ ਬੰਦ ਕਰਕੇ ਉਸ ਨੂੰ ਪਾਣੀ ਲਈ ਤਰਸਣ ਨੂੰ ਮਜ਼ਬੂਰ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ 'ਚ 1 ਲੱਖ ਕਰੋੜ ਰੁਪਏ ਸੜਕਾਂ ਅਤੇ ਸਿੰਚਾਈ ਦੇ ਕੰਮਾਂ 'ਤੇ ਖਰਚ ਕੀਤੇ ਜਾਣਗੇ, ਜਿਸ 'ਚੋਂ 60 ਹਜ਼ਾਰ ਕਰੋੜ ਸੜਕਾਂ ਅਤੇ 40 ਹਜ਼ਾਰ ਕਰੋੜ ਸਿੰਚਾਈ 'ਤੇ ਖਰਚ ਹੋਣਗੇ। ਉਨ੍ਹਾਂ ਦੱਸਿਆ ਕਿ ਨਵੀਂਆ ਸੜਕਾ ਕੰਕਰੀਟ ਦੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਇਹ ਲੰਬਾ ਸਮਾਂ ਚੱਲ ਸਕਣ।

ਇੱਥੋਂ ਦੇ ਜੀ. ਟੀ. ਰੋਡ 'ਤੇ ਪਿਛਲੇ 10 ਸਾਲਾ ਤੋਂ ਲੱਟਕੇ ਪਏ ਪੁੱਲ ਦੀ ਮੁੜ ਉਸਾਰੀ ਸ਼ੁਰੂ ਕਰਨ ਲਈ ਪੰਡਾਲ 'ਚ ਰੱਖੇ ਗਏ ਨੀਂਹ ਪੱਥਰ ਤੋਂ ਉਨ੍ਹਾਂ ਪਰਦਾ ਹਟਾਇਆ ਅਤੇ ਕਿਹਾ ਕਿ 165 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ ਢਾਈ ਕਿਲੋਮੀਟਰ ਲੰਬੇ ਪੁੱਲ ਦਾ ਕੰਮ ਇਕ ਮਹੀਨੇ 'ਚ ਸ਼ੁਰੂ ਹੋਵੇਗਾ ਅਤੇ 1 ਸਾਲ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸੋਮਾ ਕੰਪਨੀ ਨੇ ਪੰਜਾਬ ਦੇ ਕਈ ਪ੍ਰਾਜੈਕਟ ਲੰਬੇ ਸਮੇਂ ਤੋਂ ਲਟਕਾਏ ਹੋਏ ਹਨ, ਜਿਨ੍ਹਾਂ ਦੇ ਉੱਚ ਅਦਾਲਤਾਂ 'ਚ ਕੇਸ ਚੱਲਦੇ ਹਨ। ਉਨ੍ਹਾਂ ਨੇ ਕਿਹਾ ਕਿ ਫਗਵਾੜਾ ਦਾ ਕੰਮ ਚਲਾਉਣ ਲਈ ਉਨ੍ਹਾਂ ਨਿੱਜੀ ਦਿਲਚਸਪੀ ਲੈ ਕੇ ਸੋਮਾ ਤੋਂ ਐੱਨ. ਓ. ਸੀ. ਪ੍ਰਾਪਤ ਕਰਕੇ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਪੰਜਾਬ 'ਚ ਚੱਲ ਰਹੇ ਨੈਸ਼ਨਲ ਹਾਈਵੇਜ ਦੇ ਕੰਮਾਂ ਦਾ ਜਿਕਰ ਕੀਤਾ ਅਤੇ ਕਿਹਾ ਕਿ ਫਗਵਾੜਾ-ਹੁਸ਼ਿਆਰਪੁਰ, ਜਲੰਧਰ-ਹੁਸ਼ਿਆਰਪੁਰ, ਫਗਵਾੜਾ-ਰੋਪੜ ਦੇ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਅਤੇ ਆਈ. ਟੀ. ਮੰਤਰੀ ਵਿਜੈ ਇੰਦਰ ਸਿੰਗਲਾ ਨੇ ਗਡਕਰੀ ਦੀ ਅਗਵਾਈ ਹੇਠ ਸੜਕੀ ਨਿਰਮਾਣ ਦੇ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪਾਣੀਪਤ ਤੋਂ ਜਲੰਧਰ ਤੱਕ ਲੱਟਕੇ ਹੋਏ 6 ਪ੍ਰਾਜੈਕਟਾਂ ਨੂੰ ਵੀ ਸਿਰੇ ਲਗਾਇਆ ਜਾਵੇ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਉਹ ਇਸ ਸਬੰਧੀ ਕਈ ਵਾਰ ਪਹਿਲਾਂ ਵੀ ਮੰਤਰੀ ਨੂੰ ਮਿਲ ਕੇ ਜਾਣੂ ਕਰਵਾ ਚੁੱਕੇ ਹਨ। ਉਨ੍ਹਾਂ ਨੇ ਮੰਤਰੀ ਦਾ ਪੰਜਾਬ ਪੁੱਜਣ 'ਤੇ ਸੁਆਗਤ ਕੀਤਾ।

shivani attri

This news is Content Editor shivani attri