ਨਿਸ਼ਾਂਤ ਸ਼ਰਮਾ ਨੂੰ ਧਮਕੀਆਂ ਦੇਣ 'ਤੇ ਗੈਂਗਸਟਰ ਬੁੱਡਾ ਖਿਲਾਫ ਮਾਮਲਾ ਦਰਜ

07/21/2019 8:49:49 PM

ਖੰਨਾ (ਕਮਲ)-ਪੰਜਾਬ 'ਚ ਚੰਗਾ ਰਸੂਖ ਰੱਖਣ ਵਾਲੇ ਅਤੇ ਪੁਲਸ ਵਿਭਾਗ 'ਚ ਦਮਖਮ ਰੱਖਣ ਵਾਲੇ ਸ਼ਿਵ ਸੈਨਾ ਹਿੰਦ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਇਕ ਵੱਡੀ ਜਿੱਤ ਹਾਸਲ ਕੀਤੀ ਹੈ। ਨਿਸ਼ਾਂਤ ਸ਼ਰਮਾ ਨੂੰ ਫੋਨ 'ਤੇ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਸੁਖਪ੍ਰੀਤ ਬੁੱਡਾ ਦੇ ਖਿਲਾਫ ਖਰੜ 'ਚ ਧਾਰਾ 307, 506, 116, 341, 13 ਦੇ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ। ਸ਼ਿਵ ਸੈਨਿਕਾਂ ਦਾ ਕਹਿਣਾ ਹੈ ਕਿ ਅਕਸਰ ਧਮਕੀ ਮਿਲਣ 'ਤੇ ਸ਼ਿਕਾਇਤ ਦਰਜ ਹੁੰਦੀ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਧਮਕੀ ਮਿਲਣ 'ਤੇ ਗੰਭੀਰ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਨਿਰਦੋਸ਼ ਲੋਕਾਂ ਨੂੰ ਮਾਰਨ ਵਾਲੇ ਗੈਂਗਸਟਰਾਂ ਨੂੰ ਪੁਲਸ ਦੀ ਇਸ ਕਾਰਵਾਈ ਤੋਂ ਸਬਕ ਮਿਲੇਗਾ।

ਜ਼ਿਕਰਯੋਗ ਹੈ ਕਿ ਧਾਰਾ-307 ਨੂੰ ਉਦੋਂ ਲਾਇਆ ਜਾਂਦਾ ਹੈ ਜਦੋਂ ਕਿਸੇ ਵਿਅਕਤੀ 'ਤੇ ਕਾਤਲਾਨਾ ਹਮਲਾ ਹੁੰਦਾ ਹੈ ਪਰ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਅਤੇ ਮਾਮਲਾ ਹਾਈ ਪ੍ਰੋਫਾਈਲ ਹੋਣ ਦੇ ਕਾਰਣ ਪੁਲਸ ਵੱਲੋਂ ਗੈਂਗਸਟਰ ਸੁਖਪ੍ਰੀਤ ਬੁੱਡਾ ਦੇ ਖਿਲਾਫ ਧਾਰਾ-307 ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਨ ਨਾਲ ਸਾਫ਼ ਹੋ ਗਿਆ ਹੈ ਕਿ ਪੰਜਾਬ ਦੇ ਡੀ. ਜੀ. ਪੀ. ਅਤੇ ਪੰਜਾਬ ਪੁਲਸ ਗੈਂਗਸਟਰਾਂ 'ਤੇ ਕਾਰਵਾਈ ਕਰਨ ਨੂੰ ਲੈ ਕੇ ਗੰਭੀਰ ਹੈ ਅਤੇ ਜਿਸ ਨਾਲ ਲੱਗ ਰਿਹਾ ਹੈ ਕਿ ਪੰਜਾਬ 'ਚ ਹੁਣ ਗੈਂਗਸਟਰ ਸ਼ਬਦ ਤੋਂ ਲੋਕਾਂ ਨੂੰ ਨਿਜਾਤ ਮਿਲ ਜਾਵੇਗੀ।

Karan Kumar

This news is Content Editor Karan Kumar