ਪੰਜਾਬ ''ਚ ਅਪਰਾਧੀਆਂ ਦੀ ਨਾਨੀ ਯਾਦ ਦੁਆਉਣ ਵਾਲੀ ਨਿਲਾਂਬਰੀ ਪੁੱਜੀ ਚੰਡੀਗੜ੍ਹ, ਜਾਣੋ ਕੀ ਰੱਖਿਆ ਸਭ ਤੋਂ ਪਹਿਲਾ ਟੀਚਾ

08/23/2017 10:44:55 AM

ਚੰਡੀਗੜ੍ਹ : ਮੰਗਲਵਾਰ ਨੂੰ ਚੰਡੀਗੜ੍ਹ ਪੁਲਸ 'ਚ ਐੱਸ. ਐੱਸ. ਪੀ. ਦਾ ਅਹੁਦਾ ਸੰਭਾਲਣ ਤੋਂ ਬਾਅਦ ਨਿਲਾਂਬਰੀ ਜਗਦਾਲੇ ਨੇ ਆਪਣਾ ਤਜ਼ੁਰਬਾ 'ਜਗਬਾਣੀ' ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਕ੍ਰਾਈਮ ਫਰੀ ਬਣਾਉਣ ਉਨ੍ਹਾਂ ਦਾ ਮਕਸਦ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਪਹਿਲਾ ਟੀਚਾ 12 ਸਾਲ ਦੀ ਬੱਚੀ ਨਾਲ ਚਿਲਡਰਨ ਪਾਰਕ 'ਚ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਸੁੱਟਣਾ ਹੈ। ਆਪਣੇ ਸਖਤ ਰਵੱਈਏ ਲਈ ਪੰਜਾਬ 'ਚ ਮਸ਼ਹੂਰ ਮਹਿਲਾ ਐੱਸ. ਐੱਸ. ਪੀ. ਨੀਲਾਂਬਰੀ ਨੇ ਅਪਰਾਧੀਆਂ ਦੀ ਨਾਨੀ ਚੇਤੇ ਕਰਾਈ ਹੋਈ ਸੀ ਅਤੇ ਹੁਣ ਚੰਡੀਗੜ੍ਹ 'ਚ ਆਉਣ 'ਤੇ ਪੀੜਤਾਂ ਅਤੇ ਲੋਕਾਂ ਦੀਆਂ ਉਮੀਦਾਂ ਉਨ੍ਹਾਂ 'ਤੇ ਟਿਕ ਗਈਆਂ ਹਨ। 
ਉਨ੍ਹਾਂ ਕਿਹਾ ਕਿ ਸ਼ਹਿਰ 'ਚ ਸਟਰੀਟ ਕ੍ਰਾਈਮ ਸਨੈਚਿੰਗ ਅਤੇ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਪੂਰੀ ਯੋਜਨਾ ਬਣਾਈ ਜਾਵੇਗੀ। ਨਿਲਾਂਬਰੀ ਜਗਦਾਲੇ ਨੇ ਕਿਹਾ ਕਿ ਸਾਰੇ ਪੁਲਸ ਅਧਿਕਾਰੀ ਈਮਾਨਦਾਰੀ ਨਾਲ ਕੰਮ ਕਰਨ। ਪੁਲਸ 'ਚ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਸ. ਪੀ. ਨੇ ਕਿਹਾ ਕਿ ਸਾਰੇ ਡੀ. ਐੱਸ. ਪੀ., ਥਾਣਾ ਪ੍ਰਭਾਰੀ, ਚੌਂਕੀ ਇੰਚਾਰਜ ਅਤੇ ਸਾਰੀਆਂ ਯੂਨਿਟਾਂ ਦੇ ਇੰਚਾਰਜਾਂ ਨਾਲ ਬੈਠ ਕੇ ਲਾਅ ਐਂਡ ਆਰਡਰ ਮਜ਼ਬੂਤ ਕਰਨ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ।