ਡੀ. ਜੀ. ਪੀ. ਦਾ ਹੁਕਮ : ਨਾਈਟ ਪੈਟਰੋਲਿੰਗ ਕਰੇ ਪੁਲਸ

11/14/2017 9:52:09 AM

ਜਲੰਧਰ (ਰਵਿੰਦਰ ਸ਼ਰਮਾ)—ਲਗਾਤਾਰ ਵਧਦੇ ਕੋਹਰੇ ਤੇ ਸਮੋਗ ਨੇ ਪੰਜਾਬ ਪੁਲਸ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ ਹੈ। ਅਜਿਹਾ ਕੋਈ ਦਿਨ ਨਹੀਂ ਬੀਤ ਰਿਹਾ ਜਦ ਸਮੋਗ ਅਤੇ ਕੋਹਰੇ ਨਾਲ ਲੋਕ ਹਾਦਸੇ ਦਾ ਸ਼ਿਕਾਰ ਨਾ ਬਣ ਰਹੇ ਹੋਣ। ਪਿਛਲੇ ਇਕ ਹਫਤੇ ਅੰਦਰ ਸੂਬੇ 'ਚ ਇਸ ਕਾਰਨ30 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ। ਲਗਾਤਾਰ ਵਧ ਰਹੇ ਹਾਦਸਿਆਂ ਨੂੰ ਰੋਕਣ ਲਈ ਸੂਬੇ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਸਾਰੇ ਜ਼ਿਲਾ ਪੁਲਸ ਅਧਿਕਾਰੀਆਂ ਨੂੰ ਖਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਸ਼ਹਿਰਾਂ 'ਚ ਨਾਈਟ ਪੈਟਰੋਲਿੰਗ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀਜ਼ ਨੂੰ ਫੀਲਡ 'ਚ ਉਤਰ ਕੇ ਸਾਰੀਆਂ ਪ੍ਰਮੁੱਖ ਸੜਕਾਂ ਤੇ ਚੌਰਾਹਿਆਂ ਆਦਿ ਦਾ ਮੁਆਇਨਾ ਕਰਨ ਨੂੰ ਕਿਹਾ ਹੈ। ਜ਼ਿਲਿਆਂ ਤੋਂ ਐਕਸੀਡੈਂਟ ਪ੍ਰੋਨ ਸਪਾਰਟਸ ਸਬੰਧੀ ਰਿਪੋਰਟ ਤਲਬ ਕੀਤੀ ਗਈ ਹੈ। ਡੀ. ਜੀ. ਪੀ. ਨੇ ਸਾਰੇ ਜ਼ਿਲਿਆਂ ਤੋਂ ਕੋਹਰੇ ਤੇ ਸਮੋਗ ਕਾਰਨ ਹੋਏ ਹਾਦਸਿਆਂ ਬਾਰੇ ਵੀ ਅਪਡੇਟ ਹਾਸਲ ਕੀਤੇ। ਅਧਿਕਾਰੀਆਂ ਨਾਲ ਗੱਲਬਾਤ ਦੇ ਬਾਅਦ ਉਨ੍ਹਾਂ ਨੇ ਕਿਹਾ ਕਿ ਸਾਰੇ ਥਾਣਾ ਇੰਚਾਰਜਾਂ ਨੂੰ ਆਪਣੇ-ਆਪਣੇ ਇਲਾਕਿਆਂ 'ਚ ਨਾਈਟ ਪੈਟਰੋਲਿੰਗ ਕਰਨ ਅਤੇ ਰਾਤ ਦੇ ਸਮੇਂ ਪੁਲਸ ਥਾਣਿਆਂ ਦੇ ਇਲਾਵਾ ਆਪਣੇ ਇਲਾਕਿਆਂ 'ਚ ਕੀਤੀ ਗਈ ਨਾਕਾਬੰਦੀ ਨੂੰ ਰੁਟੀਨ ਨਾਲ ਚੈੱਕ ਕਰਨ ਨੂੰ ਕਿਹਾ ਹੈ। ਉਨ੍ਹਾਂ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀਜ਼ ਨੂੰ ਵੀ ਐੱਨ. ਜੀ. ਓ. ਅਤੇ ਸਰਕਾਰੀ ਸੰਗਠਨਾਂ ਦੀ ਮਦਦ ਨਾਲ ਗੱਡੀਆਂ 'ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ 'ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ। ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀਜ਼ ਨੂੰ ਖੁਦ ਫੀਲਡ 'ਚ ਉਤਰ ਕੇ ਹਾਈਵੇ 'ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਭਰਪੂਰ ਇੰਤਜ਼ਾਮ ਕਰਨ ਨੂੰ ਕਿਹਾ। ਡੀ. ਜੀ. ਪੀ. ਨੇ ਅਧਿਕਾਰੀਆਂ ਨੂੰ ਇਹ ਵੀ ਹੁਕਮ ਦਿੱਤੇ ਹਨ ਕਿ ਉਹ ਟ੍ਰੈਫਿਕ ਪੁਲਸ ਨੂੰ ਸ਼ਹਿਰ ਦੀ ਬਜਾਏ ਜ਼ਿਆਦਾਤਰ ਕੋਹਰੇ ਦੌਰਾਨ ਹਾਈਵੇ 'ਤੇ ਮੂਵ ਕਰਵਾਉਣ ਤਾਂ ਜੋ ਉਹ ਲੋਕਾਂ ਨੂੰ ਰਸਤਾ ਦਿਖਾ ਸਕਣ। ਉਨ੍ਹਾਂ ਨੇ ਕਿਹਾ ਕਿ ਰਾਤ ਦੇ ਸਮੇਂ ਵੀ ਪੁਲਸ ਮੁਲਾਜ਼ਮਾਂ ਨੂੰ ਫੌਗ ਲਾਈਟ ਨਾਲ ਹਰੇਕ ਚੌਰਾਹੇ 'ਤੇ ਉਪਲਬਧ ਹੋਣ ਨੂੰ ਕਿਹਾ ਹੈ ਤਾਂ ਜੋ ਉਹ ਭਟਕੇ ਹੋਏ ਵਾਹਨ ਚਾਲਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾ ਸਕਣ।