ਭਤੀਜੇ ਨੇ ਸਾਥੀਆਂ ਨਾਲ ਮਿਲ ਕੇ ਚਾਚੇ ਦੀ ਕੋਠੀ ''ਤੇ ਚਲਾਈਆਂ ਗੋਲੀਆਂ ਤੇ ਵਰ੍ਹਾਏ ਇੱਟਾਂ-ਰੋੜੇ

10/28/2017 4:53:38 AM

ਬਟਾਲਾ/ਅਚਲ ਸਾਹਿਬ, (ਬੇਰੀ, ਬਲਦੇਵ, ਵਿਪਨ, ਅਸ਼ਵਨੀ, ਯੋਗੀ, ਭੱਲਾ, ਰਾਘਵ)- ਪਿੰਡ ਬਾਸਰਪੁਰਾ ਵਿਖੇ ਸਥਿਤ ਆਪਣੇ ਚਾਚੇ ਦੀ ਕੋਠੀ 'ਤੇ ਹੀ ਸ਼ਰੀਕੇ 'ਚੋਂ ਲੱਗਦੇ ਭਤੀਜੇ ਵੱਲੋਂ ਆਪਣੇ ਪਿਤਾ ਤੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾਉਣ ਦੇ ਨਾਲ-ਨਾਲ ਇੱਟਾਂ ਰੋੜਿਆਂ ਦੀ ਬਰਸਾਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਬਲਦੇਵ ਸਿੰਘ ਪੁੱਤਰ ਫੌਜਾ ਸਿੰਘ, ਰਜਵੰਤ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਮੁਖਵਿੰਦਰ ਸਿੰਘ ਪੁੱਤਰ ਫੌਜਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਸ਼ਰੀਕੇ 'ਚੋਂ ਲੱਗਦੇ ਚਚੇਰੇ ਭਰਾਵਾਂ ਨਾਲ 8 ਮਰਲੇ ਜਗ੍ਹਾ ਨੂੰ ਲੈ ਕੇ ਬਟਵਾਰਾ ਹੋ ਚੁੱਕਿਆ ਹੈ ਪਰ ਬੀਤੀ ਦੇਰ ਰਾਤ 9 ਵਜੇ ਦੇ ਕਰੀਬ ਉਨ੍ਹਾਂ ਦੇ ਭਤੀਜੇ ਅੰਮ੍ਰਿਤਪਾਲ ਸਿੰਘ ਪੁੱਤਰ ਰਣਜੋਧ ਸਿੰਘ ਨੇ ਆਪਣੇ ਪਿਤਾ ਤੇ 35-40 ਹੋਰ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੀ ਕੋਠੀ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰਦਿਆਂ ਜਿੱਥੇ ਉਨ੍ਹਾਂ ਦੀ ਗੱਡੀ ਆਲਟੋ ਦੇ ਸ਼ੀਸ਼ੇ ਭੰਨ ਦਿੱਤੇ, ਉੱਥੇ ਨਾਲ ਹੀ ਪਰਿਵਾਰ ਦੇ 8 ਮੈਂਬਰਾਂ ਨੇ ਲੁਕ ਕੇ ਆਪਣੀ ਜਾਨ ਬਚਾਈ। ਪਰਿਵਾਰ ਵਾਲਿਆਂ ਮੁਤਾਬਕ ਉਕਤ ਵਿਅਕਤੀ ਮਾਰੂ ਹਥਿਆਰਾਂ ਨਾਲ ਸ਼ਾਮਲ ਹੋਣ ਦੇ ਨਾਲ-ਨਾਲ ਆਪਣੇ ਨਾਲ ਇੱਟਾਂ-ਰੋੜੇ ਵੀ ਲੈ ਕੇ ਆਏ ਸਨ। ਉਕਤ ਪਰਿਵਾਰ ਵਾਲਿਆਂ ਮੁਤਾਬਕ ਉਨ੍ਹਾਂ ਪੁਲਸ ਥਾਣਾ ਰੰਗੜ ਨੰਗਲ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਸੀ ਅਤੇ ਘਟਨਾ ਦੀ ਸਾਰੀ ਰਿਕਾਰਡਿੰਗ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੈ। 
ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਵਰਿੰਦਰਪ੍ਰੀਤ ਸਿੰਘ ਦੀ ਅਗਵਾਈ ਹੇਠ ਐੱਸ. ਐੱਚ. ਓ. ਯਾਦਵਿੰਦਰ ਸਿੰਘ ਰੰਗੜ ਨੰਗਲ ਨੇ ਏ. ਐੱਸ. ਆਈ. ਸਤਨਾਮ ਸਿੰਘ ਤੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। 
ਉਕਤ ਮਾਮਲੇ ਸਬੰਧੀ ਜਦ ਹੋਰ ਜਾਣਕਾਰੀ ਲੈਣ ਹਿੱਤ ਜਾਂਚ ਅਧਿਕਾਰੀ ਏ. ਐੱਸ. ਆਈ. ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੌਕੇ ਤੋਂ ਗੋਲੀਆਂ ਦੇ ਤਿੰਨ ਖੋਲ੍ਹ ਬਰਾਮਦ ਹੋਏ ਹਨ ਅਤੇ ਸੀ. ਸੀ. ਟੀ. ਵੀ. ਦੀ ਰਿਕਾਰਡਿੰਗ ਵੀ ਪੁਲਸ ਚੈੱਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਲਦੇਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਰੰਗੜ ਨੰਗਲ ਵਿਖੇ ਉਕਤ ਪਿਉ-ਪੁੱਤ ਸਮੇਤ ਇਨ੍ਹਾਂ ਨਾਲ ਆਏ ਕਰੀਬ 35-40 ਸਾਥੀਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।