NIA ਦਾ ਐਕਸ਼ਨ: ਛਾਪੇਮਾਰੀ ਤੋਂ ਬਾਅਦ ਤਿੰਨ ਖ਼ਤਰਨਾਕ ਵਿਅਕਤੀ ਕੀਤੇ ਗ੍ਰਿਫ਼ਤਾਰ, ਡੱਲਾ-ਬਿਸ਼ਨੋਈ ਨਾਲ ਜੁੜੀਆਂ ਤਾਰਾਂ

05/19/2023 5:45:02 AM

ਨਵੀਂ ਦਿੱਲੀ (ਭਾਸ਼ਾ)- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਨੂੰ ਅੱਤਵਾਦੀ-ਗੈਂਗਸਟਰ-ਨਸ਼ਾ ਤਸਕਰਾਂ ਦੇ ਗੱਠਜੋੜ ਨੂੰ ਤੋੜਨ ਲਈ ਸਾਰੇ ਦੇਸ਼ ਵਿਚ ਕੀਤੀ ਛਾਪੇਮਾਰੀ ਤੋਂ ਬਾਅਦ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਜੱਸਾ ਸਿੰਘ, ਪਰਵੀ ਵਾਧਵਾ ਉਰਫ਼ ਪ੍ਰਿੰਸ ਤੇ ਇਰਫ਼ਾਨ ਉਰਫ਼ ਚੇਨੂ ਵਜੋਂ ਹੋਈ ਹੈ। 

ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਪਰਵੀਨ ਵਾਧਵਾ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਹੋਰ ਖਤਰਨਾਕ ਗੈਂਗਸਟਰਾਂ ਦੇ ਸੰਪਰਕ ਵਿਚ ਸੀ। ਏਜੰਸੀ ਨੇ ਦਿੱਲੀ ਦੇ ਨਿਊ ਸਲੀਮਪੁਰ ਤੋਂ ਗ੍ਰਿਫ਼ਤਾਰ ਕੀਤੇ ਇਰਫਾਨ ਦੇ ਘਰੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਦੇ ਵੀ ਖਤਰਨਾਕ ਗੈਂਗਸਟਰ ਨਾਲ ਸੰਬੰਧ ਦੱਸੇ ਜਾ ਰਹੇ ਹਨ, ਜਦੋਂਕਿ ਪੰਜਾਬ ਦੇ ਮੋਗਾ ਦੇ ਜੱਸਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਕੈਨੇਡਾ ਦੇ ਅੱਤਵਾਦੀਆਂ ਦੀ ਲਿਸਟ ਵਿਚ ਸ਼ਾਮਲ ਅਰਸ਼ ਡੱਲਾ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਅਤੇ ਮਲਹੋਤਰਾ ਗਰੁੱਪ 'ਤੇ ਇਨਕਮ ਟੈਕਸ ਦੀ ਰੇਡ

ਲਾਰੈਂਸ ਬਿਸ਼ਨੋਈ ਦਾ 'ਮੈਸੰਜਰ' ਵੀ ਚੜ੍ਹਿਆ ਅੜਿੱਕੇ

ਐੱਨ.ਆਈ.ਏ. ਨੇ ਬਿਆਨ ਵਿਚ ਕਿਹਾ ਹੈ ਕਿ ਪ੍ਰਵੀਨ ਉਰਫ ਪ੍ਰਿੰਸ ਲਗਾਤਾਰ ਲਾਰੈਂਸ ਬਿਸ਼ਨੋਈ ਤੇ ਉਸ ਦੀ ਗੈਂਗ ਦੇ ਮੈਂਬਰਾਂ ਦੀਪਕੋ ਉਰਫ਼ ਟੀਨੂੰ ਤੇ ਸੰਪਤ ਨਹਿਰਾ ਸਮੇਤ ਹੋਰ ਸਹਿਯੋਗੀਆਂ ਦੇ ਨਾਲ ਸੰਪਰਕ ਵਿਚ ਹੈ। ਉਹ ਜੇਲ੍ਹ ਵਿਚ ਬੈਠੇ ਇਨ੍ਹਾਂ ਗੈਂਗਸਟਰਾਂ ਲਈ ਮੈਸੰਜਰ ਦਾ ਕੰਮ ਕਰਦਾ ਹੈ। ਜਦੋਂਕਿ ਇਰਫਾਨ ਉਰਫ ਚੀਨੂ ਦੀ ਖਤਰਨਾਕ ਗੈਂਗਸਟਰ ਕੌਸ਼ਲ ਚੌਧਰੀ, ਉਸ ਦੇ ਸਹਿਯੋਗੀ ਸੁਨੀਲ ਬਾਲਿਆਨ ਉਰਫ ਟਿੱਲੂ ਤਾਜਪੁਰੀਆ ਅਤੇ ਹੋਰ ਲੋਕਾਂ ਦੀ ਸ਼ਮੂਲੀਅਤ ਵਾਲੀ ਇਕ ਅੱਤਵਾਦੀ ਸਾਜ਼ਿਸ਼ ਵਿਚ ਆਪਣੇ ਸ਼ਾਮਲ ਹੋਣ ਦਾ ਖ਼ੁਲਾਸਾ ਕੀਤਾ। ਐੱਨ.ਆਈ.ਏ. ਨੇ ਕਿਹਾ ਕਿ ਜੱਸਾ ਸਿੰਘ ਦੀ ਭੂਮਿਕਾ ਖ਼ਾਲਿਸਤਾਨੀ ਅੱਤਵਾਦੀ ਸਾਜ਼ਿਸ ਵਿਚ ਸਥਾਪਤ ਹੋ ਗਈ ਹੈ ਤੇ ਉਸ ਨੇ ਅਰਸ਼ ਡੱਲਾ ਦੇ ਇਸ਼ਾਰੇ ਤੇ ਪਿਸਤੌਲ ਦਿੱਤੀ ਸੀ। 

ਇਹ ਖ਼ਬਰ ਵੀ ਪੜ੍ਹੋ - WMO ਵਿਗਿਆਨੀਆਂ ਨੇ ਜਾਰੀ ਕੀਤੀ ਚਿਤਾਵਨੀ, ਅਗਲੇ 5 ਸਾਲਾਂ ਨੂੰ ਲੈ ਕੇ ਕੀਤੀ ਇਹ ਭਵਿੱਖਬਾਣੀ

ਨੰਗਲ ਅੰਬੀਆਂ ਕਤਲਕਾਂਡ ਨਾਲ ਵੀ ਜੁੜੇ ਤਾਰ

ਐੱਨ.ਆਈ.ਏ. ਨੇ ਪੰਜਾਬ ਤੇ ਹਰਿਆਣਾ ਪੁਲਸ ਦੇ ਨਾਲ ਤਾਲਮੇਲ ਕਰਦਿਆਂ ਬੁੱਧਵਾਰ ਨੂੰ 'ਆਪ੍ਰੇਸ਼ਨ ਧਵਸਤ' ਦੇ ਤਹਿਤ 324 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਐੱਨ.ਆਈ.ਏ. ਵੱਲੋਂ ਇਹ ਜਾਂਚ ਟਾਰਗੇਟ ਕਿਲਿੰਗ, ਖ਼ਾਲਿਸਤਾਨ ਸਮਰਥਕ ਸੰਗਠਨਾਂ ਵੱਲੋਂ ਅੱਤਵਾਦ ਫੈਲਾਉਣ ਲਈ ਚਲਾਈਆਂ ਗਤੀਵਿਧੀਆਂ ਲਈ ਫੰਡਿੰਗ, ਰੰਗਦਾਰੀ ਅਤੇ ਹੋਰ ਗਤੀਵਿਧੀਆਂ ਨਾਲ ਸੰਬਧਤ ਹੈ। ਇਨ੍ਹਾਂ ਵਿਚ ਪਿਛਲੇ ਸਾਲ ਮਹਾਰਾਸ਼ਟਰ ਦੇ ਬਿਲਡਰ ਸੰਜੇ ਬਿਆਨੀ ਅਤੇ ਪੰਜਾਬ ਵਿਚ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਸਨਸਨੀਖੇਜ਼ ਹੱਤਿਆ ਦਾ ਮਾਮਲਾ ਵੀ ਸ਼ਾਮਲ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਤੀਵਿਧੀਆਂ ਦੀ ਸਾਜਿਸ਼ ਵੱਖ ਵੱਖ ਰਾਜਾਂ ਦੀਆਂ ਜੇਲ੍ਹਾਂ ਵਿਚ ਬੰਦ ਖ਼ਤਰਨਾਕ ਅਪਰਾਧੀਆਂ ਵੱਲੋਂ ਰਚੀ ਗਈ ਅਤੇ ਵਿਦੇਸ਼ਾਂ 'ਚ ਬੈਠੇ ਗੁਰਗਿਆਂ ਦੇ ਇਕ ਸੰਗਠਿਤ ਨੈੱਟਵਰਕ ਰਾਹੀਂ ਇਸ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - '...ਫ਼ਿਰ ਨਾ ਕਹੀਂ ਦੱਸਿਆ ਨਹੀਂ'; 'ਆਪ' ਵਿਧਾਇਕਾ ਦੇ ਪੁੱਤਰ ਨੂੰ ਫ਼ੋਨ 'ਤੇ ਮਿਲੀ ਧਮਕੀ

ਗੋਇੰਦਵਾਲ ਤੇ ਤਿਹਾੜ ਜੇਲ੍ਹ 'ਚ ਹੋਈਆਂ ਘਟਨਾਵਾਂ ਤੋਂ ਬਾਅਦ ਤੇਜ਼ ਹੋਈ ਜਾਂਚ

ਐੱਨ.ਆਈ.ਏ. ਨੇ ਕਿਹਾ ਕਿ ਕਈ ਜੇਲ੍ਹਾਂ ਇਸ ਖ਼ਤਰਨਾਕ ਗੱਠਜੋੜ ਤੇ ਗੈਂਗਵਾਰ ਦਾ ਕੇਂਦਰ ਬਣ ਗਈਆਂ ਹਨ ਤੇ ਇਸ ਕਾਰਨ ਪਿਛਲੇ ਦਿਨੀਂ ਗੋਇੰਦਵਾਲ ਅਤੇ ਤਿਹਾੜ ਜੇਲ੍ਹ ਵਿਚ ਹੋਈਆਂ ਹਿੰਸਕ ਗਤੀਵਿਧੀਆਂ ਤੇ ਕਤਲ ਹੋਏ ਸਨ ਜਿਸ ਤੋਂ ਬਾਅਦ ਇਨ੍ਹਾਂ ਗਿਰੋਹਾਂ 'ਤੇ ਤਿੱਖੀ ਨਜ਼ਰ ਰੱਖੀ ਜਾਣ ਲੱਗ ਪਈ ਹੈ। ਐੱਨ.ਆਈ.ਏ. ਨੇ ਕਿਹਾ ਕਿ ਭਾਰਤ ਵਿਚ ਗਿਰੋਹ ਚਲਾ ਰਹੇ ਅਪਰਾਧੀ ਪਾਕਿਸਤਾਨ, ਕੈਨੇਡਾ, ਮਲੇਸ਼ੀਆ ਅਤੇ ਅਸਟ੍ਰੇਲੀਆ ਜਿਹੇ ਦੇਸ਼ਾਂ ਵਿਚ ਭੱਜ ਗਏ ਸਨ। ਐੱਨ.ਆਈ.ਏ. ਨੇ ਕਿਹਾ ਕਿ ਉੱਥੋਂ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਅਪਰਾਧੀਆਂ ਦੇ ਨਾਲ ਰਲ਼ ਕੇ ਗੰਭੀਰ ਅਪਰਾਧਾਂ ਦੀ ਯੋਜਨਾ ਬਣਾਉਣ ਵਿਚ ਲੱਗੇ ਸਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra