ਐੱਸ.ਜੀ.ਪੀ.ਸੀ. ਚੋਣਾਂ 'ਚ ਅਕਾਲੀ ਦਲ ਦੇ ਬਾਈਕਾਟ ਦਾ ਸੱਦਾ (ਵੀਡੀਓ)

01/11/2019 10:51:19 AM

ਅਜਨਾਲਾ (ਬਾਠ/ ਵਰਿੰਦਰ) : ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਥਾਪੇ ਗਏ ਮੁਤਵਾਜ਼ੀ ਜਥੇਦਾਰ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਗੁਰਮਤਿ ਵਿੱਦਿਆਲਾ ਦਮਦਮੀ ਟਕਸਾਲ ਅਜਨਾਲਾ ਵਿਖੇ ਮਾਝੇ ਤੇ ਮਾਲਵੇ ਸਮੇਤ ਪੰਜਾਬ ਦੀਆਂ ਸਮੂਹ ਪੰਥਕ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸਮੂਹ ਧਾਰਮਿਕ, ਸਮਾਜਿਕ ਤੇ ਪੰਥ ਦਾ ਦਰਦ ਰੱਖਣ ਵਾਲੀਆਂ ਹੋਰ ਸੰਸਥਾਵਾਂ, ਜਥੇਬੰਦੀਆਂ ਤੇ ਸਿੱਖ ਸੰਗਠਨਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਲਈ ਪ੍ਰਕਾਸ਼ ਸਿੰਘ ਬਾਦਲ ਮਾਰਕਾ ਪਾਰਟੀ ਦਾ ਬਾਈਕਾਟ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਸੁਰਜੀਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਕਤ ਚੋਣਾਂ ਪੰਥਕ ਰਵਾਇਤ ਅਨੁਸਾਰ ਲੜੀਆਂ ਜਾਣ ਤਾਂ ਜੋ ਪੰਥ ਦੋਖੀਆਂ ਤੇ ਪੰਥ ਵਿਰੋਧੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਦੀ ਰਾਜਸੀ ਵਾਗਡੋਰ ਨੂੰ ਅਕਾਲੀ ਦਲ ਬਾਦਲ ਤੇ ਉਸ ਦੀ ਪੰਜਾਬ 'ਚ ਹਮਸ਼ਕਲ ਸਹਿਯੋਗੀ ਪਾਰਟੀ ਕਾਂਗਰਸ ਕੋਲੋਂ ਆਜ਼ਾਦ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ-ਸਤਿਕਾਰ ਬਹਾਲ ਕਰਵਾਇਆ ਜਾ ਸਕੇ।

ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਅੱਜ ਅਸਲ ਅਕਾਲੀ ਦਲ ਦੀ ਜਗ੍ਹਾ ਖਾਲੀ ਹੈ ਅਤੇ ਸਾਡੀ ਸਮੂਹ ਪੰਥ ਤੇ ਪੰਜਾਬ ਦਰਦੀਆਂ ਨੂੰ ਅਪੀਲ ਹੈ ਕਿ ਉਹ ਪੰਜਾਬ ਦੀ ਜਵਾਨੀ ਨੂੰ ਬਚਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ-ਸਤਿਕਾਰ ਬਹਾਲ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਦੀ ਵਿਗੜੀ ਹੋਈ ਰਾਜਸੀ ਤੇ ਧਾਰਮਿਕ ਸਥਿਤੀ ਨੂੰ ਲੀਹਾਂ 'ਤੇ ਲਿਆਉਣ ਲਈ ਹੰਭਲਾ ਮਾਰਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਕ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਇਕ ਕਾਂਗਰਸ ਪਾਰਟੀ ਰਹਿ ਗਈਆਂ ਹਨ ਅਤੇ ਪੰਜਾਬ ਤੇ ਬਾਹਰਲੇ ਸਿੱਖਾਂ ਸਮੇਤ ਹਰ ਇਕ ਸਿੱਖ ਦੀ ਇੱਛਾ ਹੈ ਕਿ ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਹਿੱਤਾਂ ਦੀ ਤਰਜਮਾਨੀ ਕਰਨ ਵਾਲਾ ਇਕ ਤੀਜਾ ਰਾਜਸੀ ਫਰੰਟ ਪੰਜਾਬ 'ਚ ਸਥਾਪਿਤ ਹੋਣਾ ਚਾਹੀਦਾ ਹੈ, ਜਿਸ ਨੂੰ ਮੁੱਖ ਰੱਖਦਿਆਂ ਸਾਡੀ ਦੁਬਾਰਾ ਫਿਰ ਸਮੂਹ ਰਾਜਸੀ, ਧਾਰਮਿਕ ਤੇ ਸਮਾਜਿਕ ਲੋਕਾਂ ਨੂੰ ਅਪੀਲ ਹੈ ਕਿ ਧੜੇ ਤੋਂ ਧਰਮ ਨੂੰ ਪਿਆਰਾ ਜਾਣ ਕੇ ਆਪੋ-ਆਪਣੀ ਧੜੇਬੰਦੀ ਤੋਂ ਉਪਰ ਉਠ ਕੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਖਵਾਲੀ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਮਾਣ-ਸਤਿਕਾਰ ਬਹਾਲ ਕਰਵਾਇਆ ਜਾਵੇ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਜੇ ਅਸੀਂ ਹੁਣ ਵੀ ਨਾ ਜਾਗੇ ਤੇ ਇਕ ਮੰਚ 'ਤੇ ਇਕੱਠੇ ਨਾ ਹੋਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ-ਸਤਿਕਾਰ ਬਹਾਲ ਨਹੀਂ ਰੱਖ ਸਕਾਂਗੇ ਅਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਹੋਣੋਂ ਨਹੀਂ ਬਚਾ ਸਕਾਂਗੇ।

Baljeet Kaur

This news is Content Editor Baljeet Kaur