ਨੂਰਪੁਰਬੇਦੀ ਵਿਖੇ ਭਿਆਨਕ ਸੜਕ ਹਾਦਸੇ 'ਚ ਨਵ-ਵਿਆਹੁਤਾ ਦੀ ਮੌਤ, 7 ਮਹੀਨਿਆਂ ਦੀ ਸੀ ਗਰਭਵਤੀ

06/19/2022 5:01:16 PM

ਨੂਰਪੁਰਬੇਦੀ (ਭੰਡਾਰੀ)- ਨੂਰਪੁਰਬੇਦੀ-ਬੁੰਗਾ ਸਾਹਿਬ ਮੁੱਖ ਮਾਰਗ ’ਤੇ ਪੈਂਦੇ ਪਿੰਡ ਬੜਵਾ ਵਿਖੇ ਸੀਮੈਂਟ ਨਾਲ ਲੱਦੇ ਟਰੱਕ ਦੀ ਫੇਟ ਲੱਗਣ ਨਾਲ ਇਕ ਵਿਆਹੁਤਾ ਔਰਤ ਦੀ ਮੌਤ ਹੋ ਗਈ, ਜਦਕਿ ਐਕਟਿਵਾ ਸਵਾਰ 19 ਸਾਲਾ ਕੁੜੀ ਦੀ ਹਾਲਤ ਨੂੰ ਗੰਭੀਰ ਵੇਖਦਿਆਂ 108 ਨੰਬਰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਭੇਜਿਆ ਗਿਆ ਹੈ। ਉਕਤ ਔਰਤ 7 ਮਹੀਨਿਆਂ ਦੀ ਗਰਭਵਤੀ ਸੀ। 
ਮੌਕੇ ’ਤੇ ਹਾਜ਼ਰ ਚਸ਼ਮਦੀਦਾਂ ਅਨੁਸਾਰ 24 ਸਾਲਾ ਅਨੂੰ ਪੁੱਤਰੀ ਜਸਪਾਲ ਸਿੰਘ ਦਾ ਕਰੀਬ ਇਕ ਸਾਲ ਪਹਿਲਾਂ ਪਿੰਡ ਛੱਜਾ ਦੇ ਸੁਖਜਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਉਹ ਆਪਣੇ ਪੇਕੇ ਪਿੰਡ ਬੜਵਾ ਵਿਖੇ ਆਈ ਹੋਈ ਸੀ। ਸ਼ਾਮੀਂ ਕਰੀਬ 5 ਕੁ ਵਜੇ ਪਿੰਡ ਸਰਾਏ ਦੇ ਸ਼ਿੰਗਾਰਾ ਸਿੰਘ ਜੋ ਗੁਰਦੁਆਰਾ ਸਾਹਿਬ ਪਿੰਡ ਬਡ਼ਵਾ ਵਿਖੇ ਸੇਵਾ ਕਰਦਾ ਹੈ ਦੀ 19 ਸਾਲਾ ਕੁੜੀ ਹਰਪ੍ਰੀਤ ਕੌਰ ਜੋ ਉਸ ਦੀ ਸਹੇਲੀ ਹੈ, ਨਾਲ ਐਕਟਿਵਾ ’ਤੇ ਸਵਾਰ ਹੋ ਕੇ ਨੂਰਪੁਰਬੇਦੀ ਵੱਲ ਜਾ ਰਹੀਆਂ ਸਨ।

ਇਹ ਵੀ ਪੜ੍ਹੋ: 'ਲਾਲ ਪਰੀ' ਦੇ ਦੀਵਾਨਿਆਂ ਲਈ ਬੁਰੀ ਖ਼ਬਰ: ਢੋਲ ਦੀ ਥਾਪ ’ਤੇ ਨਹੀਂ ਟੁੱਟਣਗੇ ‘ਠੇਕੇ’


ਘਰ ਤੋਂ ਥੋੜੀ ਦੂਰੀ ’ਤੇ ਨੂਰਪੁਰਬੇਦੀ-ਬੁੰਗਾ ਸਾਹਿਬ ਮੁੱਖ ਮਾਰਗ ’ਤੇ ਪਿੰਡ ਬੜਵਾ ਵਿਖੇ ਹੀ ਪਿੱਛੋਂ ਤੋਂ ਆ ਰਹੇ ਸੀਮੈਂਟ ਨਾਲ ਲੱਦੇ ਇਕ ਹਿਮਾਚਲ ਨੰਬਰੀ ਟਰੱਕ ਵੱਲੋਂ ਐਕਟਿਵਾ ਨੂੰ ਫੇਟ ਮਾਰਨ ’ਤੇ ਐਕਟਿਵਾ ਸਵਾਰ ਨਵ-ਵਿਆਹੁਤਾ ਅਨੂੰ ਪਤਨੀ ਸੁਖਜਿੰਦਰ ਸਿੰਘ ਨਿਵਾਸੀ ਪਿੰਡ ਛੱਜਾ ਦੀ ਟਰੱਕ ਦੇ ਟਾਇਰ ਹੇਠ ਆ ਕੇ ਸਿਰ ਕੁਚਲੇ ਜਾਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਐਕਟਿਵਾ ਸਵਾਰ ਉਸਦੀ ਸਹੇਲੀ ਹਰਪ੍ਰੀਤ ਕੌਰ ਪੁੱਤਰੀ ਸ਼ਿੰਗਾਰਾ ਸਿੰਘ ਨਿਵਾਸੀ ਸਰਾਏ ਜੋ ਬੜਵਾ ਵਿਖੇ ਪਰਿਵਾਰ ਸਮੇਤ ਰਹਿ ਰਹੀ ਸੀ ਦੇ ਗੰਭੀਰ ਸੱਟਾਂ ਲੱਗਣ ਕਾਰਨ ਲੋਕਾਂ ਵੱਲੋਂ ਮੌਕੇ ’ਤੇ ਬੁਲਾਈ ਗਈ 108 ਨੰਬਰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ: ਜਲੰਧਰ: ਘਰ ਦੀ ਛੱਤ ’ਤੇ ਪਾਣੀ ਵਾਲੀ ਟੈਂਕੀ ਕੋਲੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, ਫੈਲੀ ਸਨਸਨੀ


ਮੌਕੇ ’ਤੇ ਪਹੁੰਚੇ ਥਾਣਾ ਮੁੱਖੀ ਬਿਕਰਮ ਸਿੰਘ ਨੇ ਸਮੁੱਚੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਅਤੇ ਟਰੱਕ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਹਾਦਸੇ ਦਾ ਪਤਾ ਚੱਲਣ ’ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਉਕਤ ਹਿਮਾਚਲ ਨੰਬਰੀ ਟਰੱਕ ਦੇ ਚਾਲਕ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਪਿੰਡ ਵਾਸੀਆਂ ਨੇ ਨੂਰਪੁਰਬੇਦੀ-ਬੁੰਗਾ ਸਾਹਿਬ ਮਾਰਗ ’ਤੇ ਆਵਾਜਾਈ ਰੋਕੀ
ਇਸ ਹਾਦਸੇ ਤੋਂ ਤੁਰੰਤ ਬਾਅਦ ਪਿੰਡ ਵਾਸੀਆਂ ਨੇ ਕਿਰਤੀ ਕਿਸਾਨ ਮੋਰਚਾ ਦੀ ਅਗਵਾਈ ਹੇਠ ਨੂਰਪੁਰਬੇਦੀ-ਬੁੰਗਾ ਸਾਹਿਬ ਮਾਰਗ ’ਤੇ ਸਮੁੱਚੀ ਆਵਾਜਾਈ ਰੋਕ ਦਿੱਤੀ ਗਈ। ਇਸ ਮੌਕੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਵੱਲੋਂ ਉਕਤ ਮਾਰਗ ਤੋਂ ਭਾਰੀ ਆਵਾਜਾਈ ’ਤੇ ਰੋਕ ਲਗਾਏ ਜਾਣ ਦੀ ਮੰਗ ਨੂੰ ਲੈ ਕੇ ਬੁੰਗਾ ਸਾਹਿਬ ਵਿਖੇ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ ਪਰ ਫਿਰ ਵੀ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਉਕਤ ਮਾਰਗ ਤੋਂ ਨਿਰਵਿਘਨ ਭਾਰੀ ਵਾਹਨਾਂ ਦੇ ਗੁਜ਼ਰਨ ਦਾ ਸਿਲਸਿਲਾ ਜਾਰੀ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ: ਸੁਲਝੀ ਅੰਨ੍ਹੇ ਕਤਲ ਦੀ ਗੁੱਥੀ, ਨਸ਼ੇ ਲਈ 20 ਰੁਪਏ ਨਾ ਦੇਣ 'ਤੇ ਪੁੱਤ ਨੇ ਹੀ ਕੀਤਾ ਮਾਂ ਦਾ ਕਤਲ

 


ਇਸ ਮੌਕੇ ਹਾਜ਼ਰ ਥਾਣਾ ਮੁਖੀ ਨੇ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਜਾਮ ਲਗਾ ਕੇ ਬੈਠੇ ਲੋਕਾਂ ਨੇ ਕਿਹਾ ਕਿ ਉਹ ਤਦ ਤੱਕ ਜਾਮ ਨਹੀਂ ਖੋਲ੍ਹਣਗੇ ਜਦੋਂ ਤੱਕ ਕੋਈ ਉਚ ਅਧਿਕਾਰੀ ਉਨ੍ਹਾਂ ਨੂੰ ਇਸ ਮਾਰਗ ਤੋਂ ਮੁਕੰਮਲ ਤੌਰ ’ਤੇ ਭਾਰੀ ਵਾਹਨਾਂ ਦੇ ਗੁਜ਼ਰਨ ’ਤੇ ਰੋਕ ਲਗਾਉਣ ਦਾ ਭਰੋਸਾ ਨਹੀਂ ਦਿੰਦਾ। ਥਾਣਾ ਮੁੱਖੀ ਨੇ ਦੱਸਿਆ ਕਿ ਡੀ.ਐੱਸ.ਪੀ. ਆਨੰਦਪੁਰ ਸਾਹਿਬ ਮੌਕੇ ’ਤੇ ਪਹੁੰਚ ਰਹੇ ਹਨ ਜੋ ਧਰਨਾਕਾਰੀਆਂ ਨਾਲ ਗੱਲ ਕਰਕੇ ਮਾਮਲਾ ਸੁਲਝਾਉਣ ਦਾ ਯਤਨ ਕਰਨਗੇ।

ਇਹ ਵੀ ਪੜ੍ਹੋ: ਦੁਨੀਆ ਦੇ 30 ਤੋਂ ਵੱਧ ਦੇਸ਼ਾਂ ’ਚ ਲਾਗੂ ਹੈ ਅਗਨੀਪਥ ਵਰਗੀ ਯੋਜਨਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri