ਮਰਜ਼ੀ ਦੇ ਖਿਲਾਫ ਵਿਆਹ ਕਰਾ ਕੇ ਫਰਾਰ ਹੋਈ ਨਵ-ਵਿਆਹੁਤਾ, 6 ਮਹੀਨਿਆਂ ਬਾਅਦ ਅਦਾਲਤ 'ਚ ਹੋਈ ਗ੍ਰਿਫਤਾਰ

10/24/2017 12:40:57 PM

ਡੇਰਾਬੱਸੀ (ਅਨਿਲ) : ਵਿਆਹ ਤੋਂ ਬਾਅਦ ਫਰਾਰ ਹੋਈ ਨਵ-ਵਿਆਹੁਤਾ ਰੰਜੀਤਾ ਨੂੰ 6 ਮਹੀਨਿਆਂ ਬਾਅਦ ਪੁਲਸ ਨੇ ਡੇਰਾਬੱਸੀ ਕੋਰਟ 'ਚੋਂ ਗ੍ਰਿਫਤਾਰ ਕਰ ਲਿਆ। ਸੁਪਰੀਮ ਕੋਰਟ ਵਿਚੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਉਹ ਕੋਰਟ ਵਿਚ ਸਰੰਡਰ ਕਰਨ ਆਈ ਸੀ। ਉਸ ਦੇ ਭੱਜਣ ਸਬੰਧੀ ਉਸ ਨੇ ਪੇਕੇ ਤੇ ਸੁਹਰਾ ਪਰਿਵਾਰ ਵਾਲਿਆਂ ਨੂੰ ਦੋਸ਼ੀ ਠਹਿਰਾਇਆ ਹੈ ਪਰ ਪੁਲਸ ਨੇ ਉਸ ਦੇ ਦੋਸ਼ਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਪੁਲਸ ਸਟੇਸ਼ਨ ਵਿਚ ਰੰਜੀਤਾ ਦੇ ਪਿਤਾ ਨਰੇਸ਼ ਉਸ ਖਿਲਾਫ ਰਹੇ ਤੇ ਉਸ ਨੂੰ ਹੀ ਕਸੂਰਵਾਰ ਦੱਸਦੇ ਰਹੇ। ਪਿਤਾ ਨੇ ਦੋਸ਼ ਲਾਇਆ ਕਿ ਰੰਜੀਤਾ ਦੇ ਵਕੀਲ ਤੇ ਕੋਰਟ ਦਾ ਸਾਰਾ ਖਰਚਾ ਅੰਕਿਤ ਉਠਾ ਰਿਹਾ ਹੈ ਕਿਉਂਕਿ ਅੰਕਿਤ ਉਕਤ ਵਕੀਲ ਦਾ ਰਿਸ਼ਤੇਦਾਰ ਹੈ। ਰੰਜੀਤਾ ਨੇ ਦੱਸਿਆ ਕਿ ਉਸ ਦੇ ਪੇਕੇ ਪਰਿਵਾਰ ਨੇ ਉਸ ਦੀ ਮਰਜ਼ੀ ਦੇ ਖਿਲਾਫ ਵਿਆਹ ਕਰ ਦਿੱਤਾ ਸੀ ਅਤੇ ਉਸ ਨੇ ਕੋਈ ਗਹਿਣੇ ਚੋਰੀ ਨਹੀਂ ਕੀਤੇ। ਉਸ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਗੋਹਰ ਜ਼ਿਲਾ ਮੁਜ਼ੱਫਰਨਗਰ (ਯੁ. ਪੀ.) ਵਿਚ ਰਹਿ ਰਹੀ ਹੈ। 
ਦੁਜੇ ਪਾਸੇ ਪਤੀ ਦੀਪਕ ਚੌਹਾਨ ਅਨੁਸਾਰ ਉਨ੍ਹਾਂ ਨੂੰ ਸਾਢੇ ਤਿੰਨ ਲੱਖ ਦੇ ਗਹਿਣੇ ਹੀ ਬਰਾਮਦ ਹੋਏ ਹਨ, ਜਦੋਂ ਕਿ ਤਿੰਨ ਲੱਖ ਦੇ ਗਹਿਣੇ ਤੇ ਸਵਾ ਲੱਖ ਦੀ ਨਕਦੀ, ਸੂਟਕੇਸ ਰਿਕਵਰ ਹੋਣਾ ਬਾਕੀ ਹੈ। ਤਫਤੀਸ਼ ਅਧਿਕਾਰੀ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਚੋਰੀ ਦੇ ਗਹਿਣੇ, ਕੀਮਤੀ ਸਾਮਾਨ ਤੇ ਨਕਦੀ ਰਿਕਵਰ ਹੋਣਾ ਬਾਕੀ ਹੈ। ਇਹ ਸਾਮਾਨ ਵਾਪਸ ਨਾ ਦੇਣ ਕਾਰਨ ਰੰਜੀਤਾ ਦੀ ਜ਼ਮਾਨਤ ਰੱਦ ਹੋ ਗਈ। ਇਸੇ ਆਧਾਰ 'ਤੇ ਸੁਪਰੀਮ ਕੋਰਟ ਤੋਂ ਵੀ ਇਸ ਦੀ ਜ਼ਮਾਨਤ ਰੱਦ ਹੋ ਗਈ ਹੈ। ਉਹ ਆਪਣੇ ਵਕੀਲ ਦੀ ਸਲਾਹ 'ਤੇ ਡੇਰਾਬੱਸੀ ਕੋਰਟ ਵਿਚ ਸਰੰਡਰ ਕਰਨ ਆਈ ਸੀ, ਜਿਥੇ ਸੂਚਨਾ ਮਿਲਣ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।