ਨਵਜੰਮੇ ਬੱਚੇ ਨੂੰ ਅਗਵਾ ਕਰਨ ਵਾਲੀਆਂ 3 ਜਨਾਨੀਆਂ 24 ਘੰਟੇ ’ਚ ਕਾਬੂ, ਵੇਚਣ ਲਈ ਕੀਤਾ ਸੀ ਇਹ ਕਾਰਾ

10/20/2021 12:48:57 PM

ਬਟਾਲਾ (ਬੇਰੀ, ਖੋਖਰ) - ਬੀਤੇ ਦਿਨੀਂ ਗੁਰਦਾਸਪੁਰ ਰੋਡ ਸਥਿਤ ਇਕ ਹਸਪਤਾਲ ’ਚੋਂ 3 ਦਿਨਾਂ ਦੇ ਨਵਜੰਮੇ ਬੱਚੇ ਨੂੰ ਅਗਵਾ ਕਰ ਕੇ ਫਰਾਰ ਹੋਣ ਵਾਲੀਆਂ ਜਨਾਨੀਆਂ ਨੂੰ ਬਟਾਲਾ ਪੁਲਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰ ਲਿਆ ਹੈ। ਸਥਾਨਕ ਪੁਲਸ ਲਾਈਨ ਬਟਾਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਬਟਾਲਾ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪ੍ਰਗਟ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਚੀਮਾ ਖੁੱਡੀ ਨੇ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਦਾਸਪੁਰ ਰੋਡ ’ਤੇ ਸਥਿਤ ਇਕ ਹਸਪਤਾਲ ’ਚ ਉਸਦੀ ਪਤਨੀ ਗੋਗੀ ਦੀ ਕੁਖੋ 16 ਅਕਤੂਬਰ ਨੂੰ ਇਕ ਮੁੰਡੇ ਨੇ ਜਨਮ ਲਿਆ ਸੀ।

ਪੜ੍ਹੋ ਇਹ ਵੀ ਖ਼ਬਰ - ਡੇਰਾ ਬਿਆਸ ’ਚ ਹੋਣ ਵਾਲੇ ਸਾਰੇ ਸਤਿਸੰਗ ਪ੍ਰੋਗਰਾਮ 30 ਨਵੰਬਰ ਤੱਕ ਹੋਏ ਰੱਦ

ਉਨ੍ਹਾਂ ਨੇ ਦੱਸਿਆ ਕਿ 18 ਅਕਤੂਬਰ ਨੂੰ ਵਕਤ ਕਰੀਬ 1:30 ਵਜੇ ਉਸਦੇ ਪਿੰਡ ਚੀਮਾ ਖੁੱਡੀ ਦੀਆਂ 2 ਜਨਾਨੀਆਂ ਰੁਪਿੰਦਰ ਕੌਰ ਪਤਨੀ ਗੁਰਦਿਆਲ ਸਿੰਘ ਅਤੇ ਰਜਿੰਦਰ ਕੌਰ ਪਤਨੀ ਸਵ. ਤਰਸੇਮ ਸਿੰਘ, ਜਿਨ੍ਹਾਂ ਨੇ ਆਪਣੇ ਮੂੰਹ ’ਤੇ ਮਾਸਕ ਪਾਏ ਹੋਏ ਸਨ, ਉਸ ਦੀ ਪਤਨੀ ਗੋਗੀ ਤੋਂ ਬੱਚੇ ਨੂੰ ਟੀਕਾ ਲਗਾਉਣ ਦੇ ਬਹਾਨੇ ਚੁੱਕ ਕੇ ਲੈ ਗਈਆਂ ਸਨ।  ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਪੁਲਸ ਨੇ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਨ ਉਪਰੰਤ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਬਟਾਲਾ ਪੁਲਸ ਵੱਲੋਂ ਅਗਵਾ ਹੋਏ ਨਵਜੰਮੇ ਬੱਚੇ ਨੂੰ ਬਰਾਮਦ ਕਰਨ ਲਈ ਵਿਗਿਆਨਿਕ ਤਰੀਕਿਆ ਨਾਲ ਤਫਤੀਸ਼ ਅਮਲ ’ਚ ਲਿਆਉਂਦਿਆਂ 24 ਘੰਟਿਆਂ ਦੇ ਅੰਦਰ-ਅੰਦਰ ਉਕਤ ਜਨਾਨੀਆਂ ਨੂੰ ਬੱਚੇ ਸਮੇਤ ਕਾਬੂ ਕਰ ਲਿਆ ਗਿਆ।

ਪੜ੍ਹੋ ਇਹ ਵੀ ਖ਼ਬਰ - ਖਰੜ ਦੇ ਨੌਜਵਾਨ ਨੇ ਅੰਮ੍ਰਿਤਸਰ ਦੇ ਇਕ ਹੋਟਲ ’ਚ ਕਮਰਾ ਲੈ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ

ਉਨ੍ਹਾਂ ਕਿਹਾ ਕਿ ਤਿੰਨੋ ਜਨਾਨੀਆਂ, ਜਿਸ ਕਾਰ ’ਤੇ ਬੱਚੇ ਨੂੰ ਲੈ ਕੇ ਜਾ ਰਹੀਆਂ ਸਨ, ਉਹ ਕਾਰ ਇਕ ਸਰਪੰਚ ਦੀ ਹੈ। ਉਕਤ ਜਨਾਨੀਆਂ ਨਵਜੰਮੇ ਬੱਚੇ ਨੂੰ ਜਲੰਧਰ ਵਾਸੀ ਇਕ ਜਨਾਨੀ ਨੂੰ ਵੇਚਣ ਜਾ ਰਹੀਆ ਸਨ। ਪੁਲਸ ਨੇ ਉਕਤ ਜਨਾਨੀਆਂ ਅਤੇ ਇਨ੍ਹਾਂ ਦੀ ਇਕ ਹੋਰ ਸਾਥੀ ਪਰਮਜੀਤ ਕੌਰ ਪਤਨੀ ਜਗਦੀਪ ਸਿੰਘ ਵਾਸੀ ਰਾਮ ਤੀਰਥ ਰੋਡ ਅੰਮ੍ਰਿਤਸਰ ਨੂੰ ਇਕ ਕਾਰ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਰੁਪਿੰਦਰ ਕੌਰ ਸਾਲ 2012 ’ਚ ਬਤੌਰ ਆਸ਼ਾ ਵਰਕਰ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਚੀਮਾ ਖੁੱਡੀ ਵਿਖੇ ਕੰਮ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਨਿੱਜੀ ਹਸਪਤਾਲ ’ਚ ਵਾਪਰੀ ਵੱਡੀ ਘਟਨਾ: 3 ਦਿਨਾਂ ਦੇ ਬੱਚੇ ਨੂੰ ਚੁੱਕ ਫਰਾਰ ਹੋਈਆਂ 2 ਜਨਾਨੀਆਂ (ਤਸਵੀਰਾਂ)

ਦੂਜੇ ਪਾਸੇ ਰੁਪਿੰਦਰ ਕੌਰ ਅਤੇ ਰਜਿੰਦਰ ਕੌਰ ਵਿਰੁੱਧ ਥਾਣਾ ਸ੍ਰੀ ਹਰਗੋਬਿੰਦਪੁਰ ’ਚ ਪਹਿਲਾਂ ਵੀ ਕੁੱਟਮਾਰ ਦਾ ਇਕ ਕੇਸ ਦਰਜ ਹੈ। ਪੁਲਸ ਨੇ ਉਕਤ ਜਨਾਨੀਆਂ ਅਤੇ ਇਕ ਸਰਪੰਚ ਵਿਰੁੱਧ ਥਾਣਾ ਸਿਵਲ ਲਾਈਨ ’ਚ ਕੇਸ ਦਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਕਤ ਸਰਪੰਚ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਿਸਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਵੱਲੋਂ ਉਕਤ ਜਨਾਨੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀ. ਐੱਸ. ਪੀ. ਲਲਿਤ ਕੁਮਾਰ, ਡੀ. ਐੱਸ. ਪੀ. ਕੁਲਦੀਪ ਸਿੰਘ, ਐੱਸ. ਐੱਚ. ਓ. ਅਮੋਕਲ ਸਿੰਘ, ਏ. ਐੱਸ. ਆਈ. ਪੰਜਾਬ ਸਿੰਘ ਆਦਿ ਪੁਲਸ ਮੁਲਾਜ਼ਮ ਸਨ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਪਾਕਿਸਤਾਨ ’ਚ ਹਿੰਦੂ ਨੌਜਵਾਨ ਦਾ ਕਤਲ ਕਰ ਦਰੱਖ਼ਤ ਨਾਲ ਲਟਕਾਈ ਲਾਸ਼, ਫੈਲੀ ਸਨਸਨੀ

rajwinder kaur

This news is Content Editor rajwinder kaur