ਕੁੱਤੇ ਨੋਚ ਰਹੇ ਸੀ ਨਵਜੰਮੀ ਬੱਚੀ ਦੀ ਲਾਸ਼, ਪੁਲਸ ਨੇ ਲੱਭੇ 'ਮਾਪੇ'

03/25/2019 12:44:19 PM

ਸਮਰਾਲਾ (ਬੰਗੜ, ਗਰਗ) : 2 ਦਿਨ ਪਹਿਲਾਂ ਇੱਥੋਂ ਦੇ ਮਿੰਨੀ ਬਾਈਪਾਸ ਤੋਂ ਕੁੱਤਿਆਂ ਦੇ ਝੁੰਡ ਤੋਂ ਬਰਾਮਦ ਹੋਈ ਇਕ ਨਵਜੰਮੀ ਬੱਚੀ ਦੀ ਲਾਵਾਰਸ ਲਾਸ਼ ਦਾ ਮਾਮਲਾ ਪੁਲਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਇਸ ਲਾਵਾਰਸ ਧੀ ਦੇ ਮਾਪੇ ਪਰਵਾਸੀ ਦੱਸੇ ਜਾ ਰਹੇ ਹਨ, ਜੋ ਪਿੰਡ ਬਹਿਲੋਲਪੁਰ ਵਿਖੇ ਇਕ ਕਿਸਾਨ ਦੀ ਮੋਟਰ 'ਤੇ ਰਹਿ ਰਹੇ ਹਨ। ਥਾਣਾ ਮੁਖੀ ਸੁਖਵੀਰ ਸਿੰਘ ਨਾਲ ਗੱਲ ਕਰਨ 'ਤੇ ਉੁਨ੍ਹਾਂ ਦੱਸਿਆ ਕਿ ਪੁਲਸ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਲੜਕੀ ਦਾ ਜਨਮ ਸਿਵਲ ਹਸਪਤਾਲ ਸਮਰਾਲਾ ਵਿਖੇ ਹੋਇਆ ਸੀ, ਜਿੱਥੇ ਜਨਮ ਲੈਣ ਸਮੇਂ ਉਸ ਦੀ ਮੌਤ ਹੋ ਗਈ ਸੀ। ਪੁਲਸ ਵਲੋਂ ਇਸ ਸਬੰਧੀ ਕਾਰਵਾਈ ਨੂੰ ਅੱਗੇ ਤੋਰਦਿਆਂ ਲੜਕੀ ਦੇ ਮਾਪਿਆਂ ਨੂੰ ਤਫਤੀਸ਼ 'ਚ ਸ਼ਾਮਲ ਕਰ ਲਿਆ ਗਿਆ। 
ਪੁਲਸ ਨੂੰ ਦਿੱਤੇ ਬਿਆਨਾਂ 'ਚ ਪਰਵਾਸੀ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਜਨਮ ਸਮੇਂ ਮੌਤ ਹੋਣ ਤੋਂ ਬਾਅਦ ਉਨ੍ਹਾਂ ਵਲੋਂ ਰੀਤੀ-ਰਿਵਾਜਾਂ ਮੁਤਾਬਕ ਆਪਣੀ ਧੀ ਦੀ ਲਾਸ਼ ਨੂੰ ਮਿੰਨੀ ਬਾਈਪਾਸ ਲਾਗੇ ਚੱਲਦੇ ਰਜਬਾਹੇ 'ਚ ਜਲ ਪ੍ਰਵਾਹ ਕਰ ਦਿੱਤਾ ਗਿਆ ਸੀ ਪਰ ਰਜਬਾਹੇ 'ਚ ਪਾਣੀ ਘੱਟ ਹੋਣ ਕਾਰਨ ਬਾਅਦ 'ਚ ਬੱਚੀ ਦੀ ਲਾਸ਼ ਨੂੰ ਕੁੱਤਿਆਂ ਵਲੋਂ ਚੁੱਕ ਲਿਆ ਗਿਆ। ਮਾਪਿਆਂ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਭਾਵੇਂ ਕਾਨੂੰਨੀ ਤੌਰ 'ਤੇ ਖਾਨਾਪੂਰਤੀ ਪੂਰੀ ਹੋ ਗਈ ਹੋਵੇ ਪਰ ਇਨਸਾਨੀਅਤ ਦੇ ਨਾਤੇ ਮਾਪਿਆਂ ਦੀ ਇਸ ਨਾਲਾਇਕੀ ਨੂੰ ਮੁਆਫੀ ਦੇ ਲਾਇਕ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਜੋ ਲਾਸ਼ ਕੁੱਤਿਆਂ ਦੇ ਝੁੰਡ ਕੋਲੋਂ ਛੁਡਵਾਈ ਗਈ ਹੈ, ਉਸ ਬੱਚੀ ਦੇ ਤਨ ਅਤੇ ਆਲੇ-ਦੁਆਲੇ ਲਪੇਟੇ ਕੱਪੜੇ ਨੂੰ ਪਾਣੀ ਦੀ ਇਕ ਬੂੰਦ ਤੱਕ ਨਹੀਂ ਲੱਗੀ ਹੋਈ ਸੀ ਅਤੇ ਨਾ ਹੀ ਬੱਚੀ ਦੇ ਤਨ 'ਤੇ ਕੋਈ ਕੱਪੜਾ ਪਾਇਆ ਹੋਇਆ ਸੀ। ਹਾਲਾਂਕਿ ਰਵਾਇਤ ਬੱਚੇ ਦੀ ਲਾਸ਼ ਨੂੰ ਦਫਨਾਉਣ ਦੀ ਹੁੰਦੀ ਹੈ, ਨਾ ਕਿ ਜਲ ਪ੍ਰਵਾਹ ਕਰਨ ਦੀ। ਵੈਸੇ ਵੀ ਬੱਚੇ ਦੀ ਲਾਸ਼ ਨੂੰ ਪਾਣੀ 'ਚ ਨਹੀਂ, ਸਗੋਂ ਝਾੜੀਆਂ 'ਚ ਸੁੱਟ ਦਿੱਤੇ ਜਾਣ ਦਾ ਖਦਸ਼ਾ ਸਾਫ ਝਲਕਦਾ ਹੈ।

Babita

This news is Content Editor Babita