ਨਿਊਜੀਲੈਂਡ ’ਚ ਗੁਰਦੁਆਰੇ ਦਾ ਗ੍ਰੰਥੀ 12 ਸਾਲਾ ਬੱਚੀ ਨਾਲ ਜਿਸਮਾਨੀ ਛੇਡ਼ਛਾਡ਼ ਦੇ ਮਾਮਲੇ ’ਚ ਦੋਸ਼ੀ ਕਰਾਰ

07/24/2019 11:26:39 PM

ਆਕਲੈਂਡ - ਨਿਊਜੀਲੈਂਡ ਅੰਦਰ ਆਕਲੈਂਡ ਦੇ ਇਕ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਇਕ 32 ਸਾਲਾ ਵਿਅਕਤੀ ਨੂੰ ਉਥੇ ਦੀ ਜਿਲ੍ਹਾ ਅਦਾਲਤ ਨੇ ਨਾਬਾਲਗ ਬੱਚੀ ਨਾਲ ਜਿਸਮਾਨੀ ਛੇਡ਼ਛਾਡ਼ ਦੀ ਕੋਸ਼ਿਸ਼ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ ਕਰੀਬ 2 ਸਾਲ ਪੁਰਾਣਾ ਹੈ ਜਿਸ ਵਿਚ ਇਕ 12 ਸਾਲਾ ਬੱਚੀ ਦੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਆਕਲੈਂਡ ਦੇ ਇਕ ਗੁਰਦੁਆਰੇ ਵਿਚ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਸੱਜਣ ਸਿੰਘ ਨਾਂ ਦੇ ਵਿਅਕਤੀ ਵੱਲੋਂ ਉਨਾਂ ਦੀ ਲਡ਼ਕੀ ਨਾਲ ਗੁਰਦੁਆਰਾ ਸਾਹਿਬ ਕੰਪਲੈਕਸ ਵਿਚ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਅਦਾਲਤ ਵਿਚ ਪੀਡ਼ਤ ਲਡ਼ਕੀ ਨੇ ਦੱਸਿਆ ਕਿ ਇਹ ਵਿਅਕਤੀ ਉਸ ਨਾਲ ਤਿੰਨ ਵਾਰ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰ ਚੁੱਕਾ ਹੈ ਜਿਸ ਤਹਿਤ ਸਭ ਤੋਂ ਪਹਿਲੀ ਘਟਨਾ ਉਸ ਵੇਲੇ ਵਾਪਰੀ ਸੀ ਜਦੋਂ ਉਹ ਲੰਗਰ ਹਾਲ ਦੇ ਪਿਛਲੇ ਪਾਸੇ ਇਕ ਕਮਰੇ ਵਿਚ ਗਈ ਸੀ। ਉਹ ਇਸ ਵਿਅਕਤੀ ਦੀਆਂ ਹਰਕਤਾਂ ਤੋਂ ਕਾਫੀ ਸਹਿਮੀ ਹੋਈ ਜਿਸ ਨੇ ਆਪਣੀ ਮਾਂ ਨੂੰ ਇਸ ਬਾਰੇ ਦੱਸ ਦਿੱਤਾ। ਜਿਸ ਉਪਰੰਤ ਲਡ਼ਕੀ ਦੇ ਮਾਪਿਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਦੌਰਾਨ ਗ੍ਰੰਥੀ ਖਿਲਾਫ ਇਹ ਦੋਸ਼ ਵੀ ਲੱਗੇ ਹਨ ਕਿ ਉਸ ਨੇ ਸਿਰਫ ਇਸ ਲਡ਼ਕੀ ਨਾਲ ਹੀ ਨਹੀਂ ਸਗੋਂ ਹੋਰ ਬੱਚਿਆਂ ਨਾਲ ਵੀ ਅਜਿਹੀਆਂ ਹਰਕਤਾਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਲਡ਼ਕੀ ਦੇ ਪਿਤਾ ਨੇ ਇਸ ਗੱਲ ’ਤੇ ਤਸੱਲੀ ਜਾਹਿਰ ਕਰਨ ਦੇ ਨਾਲ ਨਾਲ ਮਾਣ ਵੀ ਮਹਿਸੂਸ ਕੀਤਾ ਹੈ ਕਿ ਉਸ ਦੀ ਲਡ਼ਕੀ ਨੇ ਧਾਰਮਿਕ ਸਥਾਨ ’ਤੇ ਸੇਵਾ ਕਰਨ ਵਾਲੇ ਇਸ ਵਿਅਕਤੀ ਦਾ ਅਸਲੀ ਚਿਹਰਾ ਨਸ਼ਰ ਕੀਤਾ ਹੈ।

Khushdeep Jassi

This news is Content Editor Khushdeep Jassi