ਨਿਊਜ਼ੀਲੈਂਡ ਚੋਣਾਂ 'ਚ ਦੋ ਪੰਜਾਬੀਆਂ ਨੇ ਫਿਰ ਮਾਰੀ ਬਾਜ਼ੀ, ਸਿੱਖ ਸੰਸਦ ਮੈਂਬਰ ਨੇ ਚੌਥੀ ਵਾਰ ਗੱਡੇ ਝੰਡੇ

09/24/2017 11:12:16 AM

ਆਕਲੈਂਡ— ਨਿਊਜ਼ੀਲੈਂਡ ਦੀਆਂ 52ਵੀਂਆਂ ਆਮ ਚੋਣਾਂ 'ਚ 3 ਭਾਰਤੀ ਸੰਸਦ ਮੈਂਬਰ ਬਣੇ ਹਨ। ਇਨ੍ਹਾਂ 'ਚ ਦੋ ਔਰਤਾਂ ਵੀ ਸ਼ਾਮਲ ਹਨ।ਆਮ ਚੋਣਾਂ 'ਚ ਸਰਦਾਰ ਕੰਵਲਜੀਤ ਸਿੰਘ ਬਖਸ਼ੀ ਇਕਲੌਤੇ ਅਜਿਹੇ ਸਿੱਖ ਸੰਸਦ ਮੈਂਬਰ ਬਣੇ ਹਨ ਜਿਨ੍ਹਾਂ ਨੇ ਚੌਥੀ ਵਾਰ ਜਿੱਤ ਦਰਜ ਕੀਤੀ ਹੈ।

2001 'ਚ ਭਾਰਤ ਤੋਂ ਨਿਊਜ਼ੀਲੈਂਡ ਗਏ ਸਰਦਾਰ ਬਖਸ਼ੀ 2008 ਤੋਂ ਲਗਾਤਾਰ ਸੰਸਦ ਮੈਂਬਰ ਬਣੇ ਹਨ ਅਤੇ 2015 ਤੋਂ ਲੈ ਕੇ 2017 ਤਕ ਉਹ ਨਿਊਜ਼ੀਲੈਂਡ ਦੀ ਕਾਨੂੰਨ ਵਿਵਸਥਾ ਕਮੇਟੀ ਦੇ ਚੇਅਰਮੈਨ ਵੀ ਰਹੇ ਹਨ। 


1995 'ਚ ਪੰਜਾਬ ਦੇ ਹੁਸ਼ਿਆਰਪੁਰ ਤੋਂ ਨਿਊਜ਼ੀਲੈਂਡ ਗਈ ਡਾਕਟਰ ਪਰਮਜੀਤ ਕੌਰ ਪਰਮਾਰ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ। ਡਾਕਟਰ ਪਰਮਜੀਤ ਕੌਰ ਪਰਮਾਰ ਦੂਜੀ ਵਾਰ ਸੰਸਦ ਪੁੱਜੀ ਹੈ। ਨਿਊਜ਼ੀਲੈਂਡ 'ਚ ਪੀ.ਐੱਚ.ਡੀ. ਕਰਨ ਮਗਰੋਂ ਬਤੌਰ ਵਿਗਿਆਨੀ ਕੰਮ ਕਰਨ ਵਾਲੀ ਡਾਕਟਰ ਪਰਮਾਰ ਨਿਊਜ਼ੀਲੈਂਡ ਸਰਕਾਰ 'ਚ ਹੀ ਫੈਮਿਲੀ ਕਮਿਸ਼ਨਰ ਵੀ ਰਹਿ ਚੁੱਕੀ ਹੈ। ਭਾਰਤੀ ਮੂਲ ਦੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਨੇ ਵੀ ਲੇਬਰ ਪਾਰਟੀ ਦੀ ਟਿਕਟ 'ਤੇ ਬਾਜ਼ੀ ਮਾਰੀ ਹੈ। ਉਹ ਪਹਿਲੀ ਵਾਰ ਜਿੱਤ ਕੇ ਨਿਊਜ਼ੀਲੈਂਡ ਦੀ ਸੰਸਦ 'ਚ ਪੁੱਜੀ ਹੈ। ਜ਼ਿਕਰਯੋਗ ਹੈ ਕਿ 11 ਸਤੰਬਰ ਤੋਂ ਚੱਲ ਰਹੀਆਂ ਚੋਣਾਂ ਸ਼ਨੀਵਾਰ ਨੂੰ ਖਤਮ ਹੋਣ ਮਗਰੋਂ ਜੋ ਰੁਝਾਨ ਆਏ ਉਨ੍ਹਾਂ ਮੁਤਾਬਕ ਵਰਤਮਾਨ 'ਚ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ 58 ਸੀਟਾਂ 'ਤੇ ਕਾਬਿਜ ਹੋ ਚੁੱਕੀ ਹੈ ਪਰ ਸੱਤਾ ਪ੍ਰਾਪਤ ਕਰਨ ਲਈ 61 ਸੀਟਾਂ ਦੀ ਜ਼ਰੂਰਤ ਹੈ। ਰਾਸ਼ਟਰੀ ਪਾਰਟੀ ਦੇ 41 ਉਮੀਦਵਾਰ ਲੋਕਾਂ ਨੇ ਚੁਣ ਕੇ ਭੇਜੇ ਹਨ, ਉੱਥੇ ਹੀ 17 ਉੁਮੀਦਵਾਰ ਪਾਰਟੀ ਵੋਟਾਂ ਨਾਲ ਸੰਸਦ ਪੁੱਜੇ ਹਨ। ਰਾਸ਼ਟਰੀ ਪਾਰਟੀ ਨੇ ਪਿਛਲੀ ਵਾਰ ਵੀ 58 ਸੀਟਾਂ 'ਤੇ ਕਬਜ਼ਾ ਜਮਾਇਆ ਸੀ, ਜਿਨ੍ਹਾਂ 'ਚ 39 ਚੁਣ ਕੇ ਆਏ ਹਨ।