ਡਰੱਗ ਸਪਲਾਈ ਦੇ ਨਵੇਂ ਰਸਤੇ ਤਲਾਸ਼ ਰਹੇ ਹਨ ਕੇਂਦਰੀ ਜੇਲ ''ਚ ਬੰਦ ਕਈ ਕੈਦੀ ਤੇ ਹਵਾਲਾਤੀ

07/28/2017 6:47:14 AM

ਕਪੂਰਥਲਾ, (ਭੂਸ਼ਣ)- 3 ਜ਼ਿਲਿਆਂ ਦੇ ਕਰੀਬ 3 ਹਜ਼ਾਰ ਕੈਦੀਆਂ ਦਾ ਭਾਰ ਢੋ ਰਹੀ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ 'ਚ ਜੇਲ ਪ੍ਰਸ਼ਾਸਨ ਵੱਲੋਂ ਡਰੱਗ ਮਾਫੀਆ ਦੇ ਖਿਲਾਫ ਚਲਾਈ ਜਾ ਰਹੀ ਵੱਡੀ ਮੁਹਿੰਮ ਦੇ ਬਾਵਜੂਦ ਨਸ਼ੇ ਦੇ ਆਦੀ ਹੋ ਚੁੱਕੇ ਵੱਡੀ ਗਿਣਤੀ 'ਚ ਕੈਦੀ ਅਤੇ ਹਵਾਲਾਤੀ ਡਰੱਗ ਸਪਲਾਈ ਦੇ ਮਕਸਦ ਨਾਲ ਅਜਿਹੇ ਕਈ ਰਸਤੇ ਤਲਾਸ਼ ਰਹੇ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਜੇਲ ਪ੍ਰਸ਼ਾਸਨ ਨੂੰ ਚਕਮਾ ਦੇ ਕੇ ਜੇਲ ਕੰੰਪਲੈਕਸ ਦੇ ਅੰਦਰ ਨਸ਼ੀਲੇ ਪਦਾਰਥ ਲਿਆ ਰਹੇ ਹਨ। 
ਜੇਕਰ ਸਾਲ 2011 'ਚ ਕੇਂਦਰੀ ਜੇਲ ਦੀ ਸਥਾਪਨਾ ਦੇ 6 ਸਾਲ ਦੇ ਦੌਰਾਨ ਜੇਲ ਪ੍ਰਸ਼ਾਸਨ ਵੱਲੋਂ ਬਰਾਮਦ ਡਰੱਗ ਦੇ ਵੱਡੇ ਮਾਮਲਿਆਂ ਵੱਲ ਨਜ਼ਰ ਮਾਰੀ ਜਾਵੇ ਤਾਂ ਇਸ ਦੌਰਾਨ ਜੇਲ ਪ੍ਰਸ਼ਾਸਨ ਪੂਰੇ ਕੰੰਪਲੈਕਸ ਤੋਂ ਡਰੱਗ ਬਰਾਮਦਗੀ ਦੇ ਅਜਿਹੇ ਕਈ ਮਾਮਲੇ ਫੜ ਚੁੱਕਾ ਹੈ, ਜਿਨ੍ਹਾਂ 'ਚ ਮੁਲਾਕਾਤ ਦੇ ਬਹਾਨੇ ਜਾਂ ਛੁੱਟੀ ਤੋਂ ਵਾਪਸੀ 'ਤੇ ਜੇਲ 'ਚ ਭਾਰੀ ਮਾਤਰਾ 'ਚ ਡਰੱਗ ਨੂੰ ਖਾਣ-ਪੀਣ ਦੀਆਂ ਚੀਜ਼ਾਂ 'ਚ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।   
ਜੇਲ ਪ੍ਰਸ਼ਾਸਨ ਦੇ ਕੋਲ ਨਹੀਂ ਹਨ ਕਈ ਆਧੁਨਿਕ ਸਕੈਨਰ ਮਸ਼ੀਨਾਂ
ਕਿਸੇ ਵੀ ਸ਼ੱਕੀ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੇ ਨਾਲ ਸਿਰਫ ਕੁਝ ਹੀ ਸੈਕਿੰਡ 'ਚ ਫੜਨ ਵਾਲੀਆਂ ਕਈ ਆਧੁਨਿਕ ਸਕੈਨਰ ਮਸ਼ੀਨਾਂ ਨਾਲ ਸੂਬੇ ਦੀ ਸਭ ਤੋਂ ਵੱਡੀ ਜੇਲ 'ਚ ਸ਼ਾਮਲ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਆਪਣੀ ਸਥਾਪਨਾ ਦੇ 6 ਸਾਲ ਦੇ ਬਾਅਦ ਵੀ ਮਹਰੂਮ ਚਲ ਰਹੀ ਹੈ। ਜਿਸਦੇ ਦੌਰਾਨ ਕਈ ਵਾਰ ਕਈ ਕੈਦੀਆਂ ਵਲੋਂ ਆਪਣੇ ਸੰਵੇਦਨਸ਼ੀਲ ਅੰਗਾਂ ਅਤੇ ਸਬਜ਼ੀ ਅਤੇ ਫਲਾਂ ਦੀ ਖੇਪ ਦੀ ਆੜ 'ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਦੌਰ ਲਗਾਤਾਰ ਸਾਹਮਣੇ ਆ ਰਿਹਾ ਹੈ। ਜਿਸਦੇ ਦੌਰਾਨ ਜੇਲ ਪ੍ਰਸ਼ਾਸਨ ਕਈ ਵਾਰ ਆਲੂਆਂ ਦੇ ਖੋਲ 'ਚੋਂ ਭਾਰੀ ਮਾਤਰਾ 'ਚ ਜਿਥੇ ਨਸ਼ੀਲੇ ਪਦਾਰਥ ਬਰਾਮਦ ਕਰ ਚੁੱਕੇ ਹਨ। ਉਥੇ ਹੀ ਪੈਰੋਲ ਅਤੇ ਪੇਸ਼ੀ ਦੇ ਦੌਰਾਨ ਵਾਪਸ ਆਉਣ ਵਾਲੇ ਕਈ ਕੈਦੀਆਂ ਅਤੇ ਹਵਾਲਾਤੀਆਂ ਤੋਂ ਉਨ੍ਹਾਂ ਦੇ ਸੰਵੇਦਨਸ਼ੀਲ ਅੰਗਾਂ ਦੇ ਨਜ਼ਦੀਕ ਲੁਕਾਏ ਗਏ ਨਸ਼ੀਲੇ ਪਦਾਰਥ ਬਰਾਮਦ ਕਰ ਚੁੱਕਿਆ ਹੈ ਪਰ ਸੂਬੇ 'ਚ ਨਸ਼ੇ ਦੇ ਖਿਲਾਫ ਵੱਡੀ ਗਿਣਤੀ 'ਚ ਮੁਹਿੰਮ ਛੇੜਨ ਦੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਦੇ ਐਲਾਨ ਦੇ ਬਾਵਜੂਦ ਵੀ ਫਿਲਹਾਲ ਜੇਲ ਪ੍ਰਸ਼ਾਸਨ ਨੂੰ ਆਧੁਨਿਕ ਸਕੈਨਰ ਨਾਲ ਜੁੜੀਆਂ ਕਈ ਮਸ਼ੀਨਾਂ ਮਿਲ ਨਹੀਂ ਪਾ ਰਹੀਆਂ ਹਨ । ਜਿਸ ਦੇ ਕਾਰਨ ਫਿਲਹਾਲ ਚੈਕਿੰਗ ਦਾ ਕੰਮ ਮੈਨੂਅਲ ਤਰੀਕੇ ਨਾਲ ਹੀ ਕੀਤਾ ਜਾ ਰਿਹਾ ਹੈ। ਜਿਸ ਦਾ ਸਿੱਧਾ ਫਾਇਦਾ ਕਈ ਵਾਰ ਸਿੱਧੇ ਤੌਰ 'ਤੇ ਸ਼ੱਕੀ ਵਿਅਕਤੀਆਂ ਨੂੰ ਮਿਲ ਜਾਂਦਾ ਹੈ ।