ਪੰਜਾਬ 'ਚ ਨਵੇਂ ਰਾਸ਼ਨ ਡਿਪੂ ਅਪਲਾਈ ਕਰਨ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ

05/16/2023 10:46:51 AM

ਲੁਧਿਆਣਾ (ਖੁਰਾਣਾ) : ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ 21 ਜ਼ਿਲ੍ਹਿਆਂ ਨਾਲ ਸਬੰਧਿਤ 6061 ਪਰਿਵਾਰਾਂ ਨੂੰ ਨਵੇਂ ਰਾਸ਼ਨ ਡਿਪੂ ਅਲਾਟ ਕਰਨ ਸਬੰਧੀ ਨਿਰਧਾਰਤ ਕੀਤੀ ਗਈ ਸਮਾਂ ਹੱਦ ਹੁਣ 12 ਮਈ ਤੋਂ ਵਧਾ ਕੇ 22 ਮਈ ਕਰ ਦਿੱਤੀ ਗਈ ਹੈ। ਸਰਕਾਰ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਰਾਸ਼ਨ ਡਿਪੂ ਲੈਣ ਦੇ ਚਾਹਵਾਨ ਪਰਿਵਾਰ ਹੁਣ ਆਪਣੀਆਂ ਅਰਜ਼ੀਆਂ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਦਫ਼ਤਰ ’ਚ ਨਿਰਧਾਰਤ ਕੀਤੀ ਸਮਾਂ ਹੱਦ ਤੱਕ ਜਮ੍ਹਾਂ ਕਰਵਾ ਸਕਦੇ ਹਨ। ਜਾਣਕਾਰੀ ਮੁਤਾਬਕ ਨਵੇਂ ਰਾਸ਼ਨ ਡਿਪੂ ਅਪਲਾਈ ਕਰਨ ’ਚ ਪੰਜਾਬ ਭਰ ਦੇ ਵੱਖ-ਵੱਖ ਵਰਗਾਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ ਹੈ, ਜਿਸ ’ਚ ਵਿਭਾਗ ਨੂੰ ਇਕੱਲੇ ਲੁਧਿਆਣਾ ਜ਼ਿਲ੍ਹੇ ਤੋਂ 760 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਦੋਂਕਿ ਸਰਕਾਰ ਵਲੋਂ ਲੁਧਿਆਣਾ ਜ਼ਿਲ੍ਹੇ ’ਚ 501 ਨਵੇਂ ਰਾਸ਼ਨ ਡਿਪੂ ਅਲਾਟ ਕਰਨ ਦੀ ਰਣਨੀਤੀ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਰੀ ਹੋ ਗਿਆ ਅਲਰਟ, ਤੁਸੀਂ ਵੀ ਧਿਆਨ ਨਾਲ ਪੜ੍ਹੋ

ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਰਕਾਰ ਵਲੋਂ 8 ਵੱਖ-ਵੱਖ ਵਰਗਾਂ ਨਾਲ ਸਬੰਧਿਤ ਪਰਿਵਾਰਾਂ ਨੂੰ ਨਵੇਂ ਰਾਸ਼ਨ ਡਿਪੂ ਅਲਾਟ ਕਰਨ ਸਬੰਧੀ ਖਾਕਾ ਤਿਆਰ ਕੀਤਾ ਗਿਆ ਹੈ, ਜਿਸ ’ਚ ਯੋਜਨਾ ਮੁਤਾਬਕ ਜਨਰਲ ਕੈਟਾਗਰੀ, ਐੱਸ. ਸੀ., ਬੀ. ਸੀ. ਪਰਿਵਾਰਾਂ, ਸਾਬਕਾ ਫ਼ੌਜੀਆਂ, ਆਜਾਦੀ ਘੁਲਾਟੀਆਂ, ਅਪਾਹਜ ਵਰਗ, ਦੰਗਾ ਪੀੜਤਾਂ ਅਤੇ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਸਮੇਤ ਸਵੈ-ਸੇਵੀ ਜੱਥੇਬੰਦੀਆਂ ਨਾਲ ਸਬੰਧਿਤ ਔਰਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 10 ਜ਼ਿਲ੍ਹਿਆਂ ’ਚ ਅੱਜ ਬੱਦਲਵਾਈ ਤੇ ਮੀਂਹ ਦੀ ਸੰਭਾਵਨਾ

ਅਸਲ ’ਚ ਵੱਡੀ ਗਿਣਤੀ ’ਚ ਅਪਲਾਈ ਕਰਤਾਵਾਂ ਵਲੋਂ ਨਿਰਧਾਰਤ ਤਾਰੀਖ਼ 12 ਮਈ ਦਾ ਸਮਾਂ ਲੰਘ ਜਾਣ ਤੋਂ ਬਾਅਵ ਵੀ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਦਫ਼ਤਰਾਂ ’ਚ ਅਧਿਕਾਰੀਆਂ ਨੂੰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਲਈ ਲਗਾਤਾਰ ਦਫ਼ਤਰਾਂ ਦੇ ਗੇੜੇ ਮਾਰੇ ਜਾ ਰਹੇ ਹਨ, ਜਿਸ ਨੂੰ ਦੇਖਦੇ ਹੋਏ ਸਰਕਾਰ ਵਲੋਂ ਸਮਾਂ ਹੱਦ ਵਧਾ ਦਿੱਤੀ ਗਈ ਹੈ ਤਾਂ ਕਿ ਕੋਈ ਵੀ ਲੋੜਵੰਦ ਤੇ ਗਰੀਬ ਪਰਿਵਾਰ ਸਰਕਾਰ ਦੀ ਇਸ ਵੱਡਮੁੱਲੀ ਯੋਜਨਾ ਦਾ ਲਾਭ ਲੈਣ ਤੋਂ ਵਾਂਝਾ ਨਾ ਰਹਿ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita