ਲੁਧਿਆਣਾ ''ਚ ਨਵ-ਵਿਆਹੀ ਕੁੜੀ ਨਾਲ ਵੱਡੀ ਵਾਰਦਾਤ, ਪਤਨੀ ਦੇ ਮੂੰਹੋਂ ਪੂਰੀ ਘਟਨਾ ਸੁਣ ਪਤੀ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

01/10/2017 7:25:12 PM

ਲੁਧਿਆਣਾ (ਮਹੇਸ਼) : ਗਾਂਧੀ ਨਗਰ ਇਲਾਕੇ ਦੇ ਇਕ ਘਰ ਵਿਚ 23 ਸਾਲਾ ਨਵ-ਵਿਆਹੁਤਾ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ 2 ਨੌਜਵਾਨ ਸਨ, ਜਿਨ੍ਹਾਂ ਦੀ ਸ਼ਨਾਖਤ ਨਹੀਂ ਹੋ ਸਕੀ। ਘਟਨਾ ਸਮੇਂ ਪੀੜਤਾ ਘਰ ਵਿਚ ਇਕੱਲੀ ਸੀ ਤੇ ਉਸਦਾ ਪਤੀ ਮਾਰਕੀਟ ਗਿਆ ਸੀ। ਫਿਲਹਾਲ ਸਲੇਮ ਟਾਬਰੀ ਪੁਲਸ ਨੇ ਪੀੜਤਾ ਦੇ ਬਿਆਨ ਤੇ ਦੋ ਅਣਪਛਾਤੇ ਨੌਜਵਾਨਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਐਤਵਾਰ ਸ਼ਾਮ ਕਰੀਬ 6 ਵਜੇ ਦੀ ਹੈ, ਜਦੋਂ ਘਰ ਦੀ ਡੋਰ ਬੈੱਲ ਵੱਜੀ। ਉਦੋਂ ਪੀੜਤਾ ਘਰ ਦੀ ਪਹਿਲੀ ਮੰਜ਼ਿਲ ''ਤੇ ਸੀ ਤੇ ਅਰਾਧਨਾ-ਪੂਜਾ ਦੀ ਤਿਆਰੀ ਕਰ ਰਹੀ ਸੀ। ਉਸ ਨੇ ਉਪਰੋਂ ਝਾਕ ਕੇ ਦੇਖਿਆ ਤਾਂ ਗੇਟ ''ਤੇ ਇਕ ਮਹਿਲਾ ਖੜ੍ਹੀ ਦਿਖਾਈ ਦਿੱਤੀ। ਹੇਠਾਂ ਆ ਕੇ ਉਸ ਨੇ ਗੇਟ ਖੋਲ੍ਹਿਆ ਤਾਂ ਮਹਿਲਾ ਉਥੇ ਨਹੀਂ ਸੀ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਗੇਟ ਬੰਦ ਕਰਕੇ ਪਲਟ ਕੇ ਕੁਝ ਹੀ ਕਦਮ ਗਈ ਸੀ ਤਾਂ ਪਿੱਛੋਂ ਗੇਟ ਖੋਲ੍ਹ ਕੇ ਦੋ ਨੌਜਵਾਨ ਘਰ ਵਿਚ ਦਾਖਲ ਹੋਏ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦੀ ਪਿੱਛੋਂ ਇਕ ਨੌਜਵਾਨ ਨੇ ਉਸ ਦਾ ਮੂੰਹ ਦਬਾ ਦਿੱਤਾ, ਜਿਸ ਕਾਰਨ ਉਹ ਚੀਖ ਨਹੀਂ ਸਕੀ। ਪੂਜਾ ਕਰਨ ਲਈ ਹੱਥ ਵਿਚ ਫੜੀਆਂ ਅਗਰਬੱਤੀਆਂ ਵੀ ਉਥੇ ਡਿੱਗ ਗਈਆਂ।
ਦੋਵੇਂ ਨੌਜਵਾਨ ਉਸ ਨੂੰ ਖਿੱਚ ਕੇ ਪਿਛਲੇ ਕਮਰੇ ਵਿਚ ਲੈ ਗਏ ਅਤੇ ਜਿਥੇ ਉਸ ਨਾਲ ਕੁੱਟਮਾਰ ਤੇ ਡਰਾ ਧਮਕਾ ਕੇ ਇਕ ਨੌਜਵਾਨ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਨੌਜਵਾਨ ਉਸ ਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਕੁਝ ਦੇਰ ਬਾਅਦ ਉਸ ਦਾ ਪਤੀ ਆਇਆ ਤਾਂ ਉਸ ਨੇ ਸਾਰੀ ਘਟਨਾ ਉਸ ਨੂੰ ਦੱਸੀ। ਘਟਨਾ ਕਾਰਨ ਉਹ ਬਹੁਤ ਸਹਿਮ ਗਈ ਸੀ। ਉਸ ਦੇ ਪਤੀ ਨੇ ਘਟਨਾ ਦੀ ਜਾਣਕਾਰੀ ਆਪਣੇ ਤੇ ਉਸਦੇ ਰਿਸ਼ਤੇਦਾਰਾਂ ਨੂੰ ਦਿੱਤੀ। ਸੋਮਵਾਰ ਸਵੇਰੇ ਪੁਲਸ ਨੂੰ ਸੂਚਿਤ ਕੀਤਾ ਗਿਆ।
ਪੀੜਤਾ ਨੇ ਦੱਸਿਆ ਕਿ ਦੋਵੇਂ ਨੌਜਵਾਨ ਹਿੰਦੀ ਬੋਲ ਰਹੇ ਸਨ, ਜਿਸ ਨੌਜਵਾਨ ਨੇ ਉਸ ਦਾ ਮੂੰਹ ਦਬੋਚਿਆ, ਉਸ ਦਾ ਹੱਥ ਮਿੱਟੀ ਨਾਲ ਲਿਬੜਿਆ ਸੀ, ਜਿਸ ਕਾਰਨ ਉਸਦੇ ਮੂੰਹ ਵਿਚ ਵੀ ਮਿੱਟੀ ਚਲੀ ਗਈ ਸੀ। ਉਸ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਵੀ ਕਈ ਵਾਰ ਡੋਰ ਬੈੱਲ ਵੱਜੀ ਸੀ ਅਤੇ ਉਸ ਨੇ ਇਹ ਗੱਲ ਆਪਣੇ ਪਤੀ ਨੂੰ ਫੋਨ ''ਤੇ ਦੱਸੀ ਸੀ। ਉਦੋਂ ਉਸ ਦਾ ਪਤੀ ਮਾਰਕੀਟ ਵਿਚ ਸੀ ਅਤੇ ਉਸ ਨੇ ਅੱਧੇ ਪੌਣੇ ਘੰਟੇ ਵਿਚ ਘਰ ਪਹੁੰਚਣ ਦੀ ਗੱਲ ਕਹੀ ਸੀ। ਇਸ ਦੌਰਾਨ ਉਸ ਨਾਲ ਇਹ ਘਿਨੌਣੀ ਹਰਕਤ ਹੋ ਗਈ।
ਉਧਰ ਘਟਨਾ ਦੀ ਸੂਚਨਾ ਮਿਲਣ ''ਤੇ ਪੁਲਸ ਵਿਭਾਗ ਵਿਚ ਹਫੜਾ-ਦਫੜੀ ਮਚ ਗਈ। ਜਲਦਬਾਜ਼ੀ ਵਿਚ ਇਲਾਕਾ ਏ. ਡੀ. ਸੀ. ਪੀ. , ਏ. ਸੀ. ਪੀ. ਨਾਰਥ ਕਪਿਲ ਦਿਗਵਿਜੇ ਅਤੇ ਥਾਣਾ ਸਲੇਮ ਟਾਬਰੀ ਮੁਖੀ ਇੰਸਪੈਕਟਰ ਮੁਹੰਮਦ ਜਮੀਲ ਪਹੁੰਚੇ। ਮਦਦ ਲਈ ਫਿੰਗਰ ਪ੍ਰਿੰਟ ਐਕਸਪਰਟ ਨੂੰ ਬੁਲਾਇਆ ਗਿਆ। ਕਪਿਲ ਨੇ ਦੱਸਿਆ ਕਿ ਪੀੜਤ ਦੇ ਬਿਆਨ ''ਤੇ ਕੇਸ ਦਰਜ ਕਰਕੇ ਉਸਦਾ ਮੈਡੀਕਲ ਕਰਾਇਆ ਜਾ ਰਿਹਾ ਹੈ। ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਦੀ ਛਾਣਬੀਣ ਲਈ ਪੁਲਸ ਪਾਰਟੀਆਂ ਕੰਮ ''ਤੇ ਲਗਾ ਦਿੱਤੀਆਂ ਗਈਆਂ ਹਨ। ਫਿਲਹਾਲ ਅਜੇ ਤਕ ਕੋਈ ਠੋਸ ਸਬੂਤ ਹੱਥ ਨਹੀਂ ਲੱਗਾ। ਜਮੀਲ ਨੇ ਦੱਸਿਆ ਕਿ ਪੀੜਤਾ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਨੇ ਐੱਮ. ਐੱਸ. ਈ. ਕੀਤੀ ਹੋਈ ਹੈ ਅਤੇ ਸ਼ਹਿਰ ਦੇ ਇਕ ਪ੍ਰਾਈਵੇਟ ਨਰਸਿੰਗ ਹੋਮ ਵਿਚ ਜੌਬ ਕਰਦੀ ਹੈ, ਜਦੋਂ ਕਿ ਉਸਦਾ ਪਤੀ ਡਿਪਲੋਮਾ ਹੋਲਡਰ ਹੈ ਅਤੇ ਉਸ ਦਾ ਸਾਰਾ ਪਰਿਵਾਰ ਵਿਦੇਸ਼ ਵਿਚ ਹੈ। ਜੋੜਾ ਉਕਤ ਘਰ ਵਿਚ ਇਕੱਲਾ ਹੀ ਰਹਿੰਦਾ ਹੈ, ਜਿਸ ਦੇ ਆਲੇ-ਦੁਆਲੇ ਦੇ ਜ਼ਿਆਦਾਤਰ ਘਰਾਂ ਵਿਚ ਹੌਜ਼ਰੀ ਫੈਕਟਰੀਆਂ ਲੱਗੀਆਂ ਹੋਈਆਂ ਹਨ ਪਰ ਐਤਵਾਰ ਕਾਰਨ ਸਾਰੀਆਂ ਬੰਦ ਸਨ।

Gurminder Singh

This news is Content Editor Gurminder Singh