ਨਵੀਂ ਐਕਸਾਈਜ਼ ਪਾਲਿਸੀ: ਜਲੰਧਰ ’ਚ ਖੁੱਲ੍ਹਣਗੀਆਂ ਏ. ਸੀ. ਦੀ ਸਹੂਲਤ ਵਾਲੀਆਂ 26 ‘ਮਾਡਰਨ ਲਿਕਰ ਸ਼ਾਪਸ’

06/11/2022 1:36:17 PM

ਜਲੰਧਰ (ਪੁਨੀਤ)– ਨਵੀਂ ਐਕਸਾਈਜ਼ ਪਾਲਿਸੀ ਵਿਚ ਟੂਰਿਜ਼ਮ ਨੂੰ ਬੜ੍ਹਾਵਾ ਦੇਣ ਦੀਆਂ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ ਤਾਂ ਕਿ ਐੱਨ. ਆਰ. ਆਈਜ਼ ਨੂੰ ਆਕਰਸ਼ਿਤ ਕੀਤਾ ਜਾ ਸਕੇ। ਇਸੇ ਲੜੀ ਵਿਚ ਮਹਾਨਗਰ ਜਲੰਧਰ ਵਿਚ ਨਗਰ ਨਿਗਮ ਦੀ ਹੱਦ ਵਿਚ ਸ਼ਰਾਬ ਦੀਆਂ ਏ. ਸੀ. ਵਾਲੀਆਂ 26 ਮਾਡਰਨ ਲਿਕਰ ਸ਼ਾਪਸ ਖੋਲ੍ਹੀਆਂ ਜਾਣਗੀਆਂ। ਇਨ੍ਹਾਂ 26 ਲਿਕਰ ਸ਼ਾਪਸ ’ਤੇ ਏ. ਸੀ. (ਏਅਰ ਕੰਡੀਸ਼ਨ) ਲਾਉਣਾ ਜ਼ਰੂਰੀ ਹੋਵੇਗਾ ਤਾਂਕਿ ਖ਼ਰੀਦਦਾਰੀ ਕਰਨ ਲਈ ਆਉਣ ਵਾਲੇ ਖ਼ਪਤਕਾਰ ਨੂੰ ਲਗਜ਼ਰੀ ਖ਼ਰੀਦਦਾਰੀ ਮੁਹੱਈਆ ਕਰਵਾਈ ਜਾ ਸਕੇ। ਉਕਤ ਮਾਡਰਨ ਸ਼ਾਪਸ ਆਮ ਸ਼ਰਾਬ ਦੀਆਂ ਦੁਕਾਨਾਂ ਦੇ ਮੁਕਾਬਲੇ ਕਈ ਗੁਣਾ ਵਧੀਆ ਹੋਣਗੀਆਂ। ਖ਼ਪਤਕਾਰ ਇਨ੍ਹਾਂ ਵਿਚ ਘੁੰਮ-ਫਿਰ ਕੇ ਆਪਣੀ ਪਸੰਦ ਦੀ ਸ਼ਰਾਬ ਖ਼ਰੀਦ ਸਕਣਗੇ। ਸ਼ਰਾਬ ਨੂੰ ਡਿਸਪਲੇਅ ਕਰਨ ਲਈ ਰੈਕ ਆਦਿ ਬਣਵਾਉਣੇ ਹੋਣਗੇ ਤਾਂਕਿ ਖ਼ਰੀਦਦਾਰੀ ਕਰਨ ਲਈ ਆਉਣ ਵਾਲੇ ਨੂੰ ਆਪਣੀ ਪਸੰਦ ਦਾ ਬ੍ਰਾਂਡ ਲੱਭਣ ਵਿਚ ਕੋਈ ਪਰੇਸ਼ਾਨੀ ਨਾ ਹੋਵੇ। ਨਵੀਂ ਪਾਲਿਸੀ ਤਹਿਤ ਮਹਾਨਗਰ ਜਲੰਧਰ ਵਿਚ 13 ਗਰੁੱਪ ਬਣੇ ਹਨ ਅਤੇ ਹਰੇਕ ਗਰੁੱਪ ਨੂੰ ਆਪਣੇ ਇਲਾਕੇ ਵਿਚ 2 ਮਾਡਰਨ ਲਿਕਰ ਸ਼ਾਪਸ ਖੋਲ੍ਹਣੀਆਂ ਹੋਣਗੀਆਂ।

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਰੈਵੇਨਿਊ ਨੂੰ ਬੜ੍ਹਾਵਾ ਦੇਣ ਦੇ ਨਾਲ-ਨਾਲ ਸਰਕਾਰ ਵੱਲੋਂ ਪੰਜਾਬ ਵਿਚ ਆਉਣ ਵਾਲੇ ਐੱਨ. ਆਰ. ਆਈਜ਼ ’ਤੇ ਵੀ ਫੋਕਸ ਕੀਤਾ ਗਿਆ ਹੈ। ਇਸ ਵਿਚ ਟੂਰਿਜ਼ਮ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ ਕਿਉਂਕਿ ਐੱਨ. ਆਰ. ਆਈਜ਼. ਆਮ ਦੁਕਾਨ ਤੋਂ ਸ਼ਰਾਬ ਖ਼ਰੀਦਣ ਦੀ ਬਜਾਏ ਮਾਡਰਨ ਸ਼ਾਪਸ ਨੂੰ ਮਹੱਤਵ ਦਿੰਦੇ ਹਨ। ਹੁਣ ਮਾਡਰਨ ਸ਼ਾਪਸ ਵਿਚ ਐੱਨ. ਆਰ. ਆਈਜ਼ ਵਿਦੇਸ਼ਾਂ ਦੀ ਤਰਜ਼ ’ਤੇ ਸ਼ਰਾਬ ਦੀ ਸ਼ਾਪਿੰਗ ਕਰ ਸਕਣਗੇ। ਨਵੀਂ ਐਕਸਾਈਜ਼ ਪਾਲਿਸੀ ਤਹਿਤ ਮਹਿੰਗੀ ਸ਼ਰਾਬ ਵੀ ਵੱਡੇ ਪੱਧਰ ’ਤੇ ਸਸਤੀ ਹੋ ਰਹੀ ਹੈ। ਇਸ ਵਿਚ ਕਿੰਨੇ ਫੀਸਦੀ ਦੀ ਗਿਰਾਵਟ ਹੋਵੇਗੀ, ਇਹ ਕੁਝ ਦਿਨਾਂ ਵਿਚ ਪਤਾ ਲੱਗ ਜਾਵੇਗਾ। 1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਉਕਤ ਪਾਲਿਸੀ ਤਹਿਤ ਸ਼ਹਿਰੀ ਅਤੇ ਦਿਹਾਤੀ ਨੂੰ ਮਿਲਾ ਕੇ 640 ਠੇਕਿਆਂ ਦੇ ਜ਼ਰੀਏ ਜ਼ਿਲੇ ਵਿਚ ਸ਼ਰਾਬ ਦੀ ਵਿਕਰੀ ਹੋ ਸਕੇਗੀ। ਕੁੱਲ 20 ਗਰੁੱਪਾਂ ਦੀ ਰਿਜ਼ਰਵ ਪ੍ਰਾਈਸ 565 ਕਰੋੜ ਰਹੇਗੀ। ਇਸਦੇ ਲਈ 23 ਜੂਨ ਤੋਂ ਅਰਜ਼ੀਆਂ ਸ਼ੁਰੂ ਹੋ ਰਹੀਆਂ ਹਨ। ਟੈਂਡਰ ਸਿਸਟਮ ਜ਼ਰੀਏ ਅਰਜ਼ੀ ਦੇਣ ਦੇ ਚਾਹਵਾਨ ਵਿਅਕਤੀ ਅੱਜ ਵੀ ਐਕਸਾਈਜ਼ ਦਫ਼ਤਰ ਵਿਚ ਜਾਣਕਾਰੀ ਇਕੱਠੀ ਕਰਦੇ ਵੇਖੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਭ ਕੁਝ ਆਨਲਾਈਨ ਉਪਲੱਬਧ ਹੈ। ਸ਼ਰਾਬ ਦੇ ਕਾਰੋਬਾਰ ਵਿਚ ਆਪਣੀ ਕਿਸਮਤ ਅਜ਼ਮਾਉਣ ਵਾਲੇ ਨਵੇਂ ਚਿਹਰਿਆਂ ਦਾ ਕਹਿਣਾ ਹੈ ਕਿ ਉਹ ਕੰਮਕਾਜ ਨੂੰ ਲੈ ਕੇ ਕੁਝ ਬਾਰੀਕੀ ਵਾਲੀ ਜਾਣਕਾਰੀ ਇਕੱਠੀ ਕਰਨ ਲਈ ਵਿਭਾਗ ਦੇ ਦਫ਼ਤਰ ਵਿਚ ਆ ਰਹੇ ਹਨ।

ਇਹ ਵੀ ਪੜ੍ਹੋ: ਨੰਗਲ ਵਿਖੇ ਠੇਕਾ ਲੁੱਟਣ ਆਏ 3 ਮੋਟਰਸਾਈਕਲ ਸਵਾਰਾਂ ਨੇ ਕਰਿੰਦੇ ਨੂੰ ਮਾਰੀ ਗੋਲ਼ੀ

ਐੱਨ. ਆਰ. ਆਈਜ਼ ਦੀ ਕਮੀ ਨਾਲ ਮਹਿੰਗੀ ਸ਼ਰਾਬ ਦੀ ਵਿਕਰੀ ਵਿਚ ਹੋਈ ਗਿਰਾਵਟ
ਪਿਛਲੇ ਸਾਲਾਂ ਦੌਰਾਨ ਇੰਪੋਰਟਿਡ ਮਹਿੰਗੀ ਸ਼ਰਾਬ ਦੀ ਵਿਕਰੀ ਵਿਚ ਗਿਰਾਵਟ ਦਰਜ ਹੋਈ ਹੈ। ਕੋਰੋਨਾ ਕਾਰਨ ਐੱਨ. ਆਰ. ਆਈਜ਼ ਬਹੁਤ ਘੱਟ ਗਿਣਤੀ ਵਿਚ ਪੰਜਾਬ ਆਏ, ਜਿਸ ਕਰ ਕੇ ਸ਼ਰਾਬ ਕਾਰੋਬਾਰੀਆਂ ਦੀ ਮਹਿੰਗੀ ਸ਼ਰਾਬ ਦੀ ਵਿਕਰੀ ਉਮੀਦ ਮੁਤਾਬਕ ਨਹੀਂ ਹੋ ਸਕੀ। ਠੇਕੇਦਾਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਐੱਨ. ਆਰ. ਆਈਜ਼ ਪੰਜਾਬ ਵਿਚ ਆ ਕੇ ਵਿਆਹ ਅਤੇ ਹੋਰ ਸਮਾਰੋਹ ਕਰਦੇ ਹਨ ਤਾਂ ਮਹਿੰਗੀ ਇੰਪੋਰਟਿਡ ਸ਼ਰਾਬ ਸਰਵ ਕੀਤੀ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਐੱਨ. ਆਰ. ਆਈਜ਼ ਨੇ ਪੰਜਾਬ ਵਿਚ ਸਮਾਰੋਹ ਕਰਨ ਤੋਂ ਦੂਰੀ ਬਣਾਈ ਰੱਖੀ, ਜਿਸ ਕਰਕੇ ਮਹਿੰਗੀ ਸ਼ਰਾਬ ਦੀ ਖਪਤ ਘਟੀ ਹੈ। ਹੁਣ ਸਰਕਾਰ ਵੱਲੋਂ ਸ਼ਰਾਬ ਦੇ ਭਾਅ ਘਟਾਏ ਗਏ ਹਨ। ਇਸ ਕਰ ਕੇ ਕਦੇ-ਕਦਾਈਂ ਸ਼ਰਾਬ ਪੀਣ ਵਾਲੇ ਲੋਕ ਮਹਿੰਗੀ ਸ਼ਰਾਬ ਨੂੰ ਮਹੱਤਵ ਦੇਣਗੇ, ਜਿਸ ਨਾਲ ਮਹਿੰਗੇ ਬਰਾਂਡ ਦੀ ਵਿਕਰੀ ਵਧੇਗੀ।

ਇਹ ਵੀ ਪੜ੍ਹੋ: ਜਲੰਧਰ ਦੇ ਪ੍ਰਾਈਵੇਟ ਸਕੂਲਾਂ ਵਿਰੁੱਧ ਜ਼ਿਲ੍ਹਾ ਰੈਗੂਲੇਟਰੀ ਬਾਡੀ ਦੀ ਵੱਡੀ ਕਾਰਵਾਈ, ਜਾਰੀ ਕੀਤਾ ਨੋਟਿਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri