ਐਕਸਾਈਜ਼ ਪਾਲਿਸੀ: ਟੈਂਡਰ ਭਰਨ ਲਈ ਮਹਿਕਮੇ ਨੇ ਦਿੱਤਾ ਇੰਨਾ ਸਮਾਂ, ਅੱਜ ਖੁੱਲ੍ਹਣਗੇ 1500 ਨਵੇਂ ਠੇਕੇ

07/03/2022 11:41:28 AM

ਜਲੰਧਰ (ਪੁਨੀਤ)–ਐਕਸਾਈਜ਼ ਮਹਿਕਮੇ ਵੱਲੋਂ ਸ਼ਰਾਬ ਦੇ ਠੇਕਿਆਂ ਦੇ ਗਰੁੱਪਾਂ ਲਈ ਟੈਂਡਰ ਭਰਨ ਦੀ ਤਾਰੀਖ਼ ਵਧਾਉਣ ਦਾ ਮਹਿਕਮੇ ਨੂੰ ਲਾਭ ਹੋਇਆ ਹੈ, ਜਿਸ ਤਹਿਤ ਪੰਜਾਬ ਦੇ 3 ਜ਼ੋਨ ਦੇ 177 ਗਰੁੱਪਾਂ ਵਿਚੋਂ 147 ਲਈ ਟੈਂਡਰ ਸਫ਼ਲ ਹੋ ਚੁੱਕੇ ਹਨ ਅਤੇ ਇਸ ਤੋਂ 4350 ਕਰੋੜ ਦੇ ਲਗਭਗ ਆਮਦਨੀ ਹੋਈ ਹੈ। ਬਾਕੀ ਬਚੇ 30 ਗਰੁੱਪਾਂ ਦੇ 620 ਦੇ ਲਗਭਗ ਠੇਕੇ ਚਲਾਉਣ ਲਈ ਮਹਿਕਮੇ ਵੱਲੋਂ ਮਾਰਕਫੈੱਡ ਨਾਲ ਸੰਪਰਕ ਕੀਤਾ ਗਿਆ ਹੈ। ਜਿਹੜੇ ਬਿਨੈਕਾਰਾਂ ਨੂੰ ਲਾਇਸੈਂਸ ਜਾਰੀ ਨਹੀਂ ਹੋਏ ਸਨ, ਉਹ ਸ਼ਨੀਵਾਰ ਜਾਰੀ ਕਰ ਦਿੱਤੇ ਗਏ, ਜਿਸ ਤਹਿਤ ਐਤਵਾਰ ਨੂੰ ਪੰਜਾਬ ਵਿਚ 1500 ਦੇ ਲਗਭਗ ਨਵੇਂ ਠੇਕੇ ਖੁੱਲ੍ਹ ਜਾਣਗੇ।
42 ਗਰੁੱਪ ਪੈਂਡਿੰਗ ਰਹਿਣ ਕਾਰਨ ਮਹਿਕਮੇ ਨੇ ਸ਼ੁੱਕਰਵਾਰ ਨੂੰ ਟੈਂਡਰ ਭਰਨ ਦੀ ਤਾਰੀਖ਼ ਵਿਚ ਇਕ ਦਿਨ ਵਾਧਾ ਕਰਦਿਆਂ ਸ਼ਨੀਵਾਰ ਤੱਕ ਦਾ ਸਮਾਂ ਦਿੱਤਾ ਸੀ। ਇਸ ਨਾਲ ਮਹਿਕਮੇ ਨੂੰ ਸ਼ਨੀਵਾਰ 12 ਗਰੁੱਪਾਂ ਦੇ ਟੈਂਡਰ ਪ੍ਰਾਪਤ ਹੋਏ ਅਤੇ ਗਰੁੱਪਾਂ ਦੀ ਸੇਲ ਵਧ ਕੇ 147 ’ਤੇ ਪਹੁੰਚ ਗਈ। ਮਹਿਕਮੇ ਨੇ ਠੇਕੇਦਾਰਾਂ ਨੂੰ ਇਕ ਆਖਰੀ ਮੌਕਾ ਦਿੰਦੇ ਹੋਏ ਸੋਮਵਾਰ ਸ਼ਾਮ 5 ਵਜੇ ਤੱਕ ਟੈਂਡਰ ਭਰਨ ਦੀ ਛੋਟ ਦਿੱਤੀ ਹੈ।
ਪੰਜਾਬ ਦੇ 3 ਜ਼ੋਨ ਵਿਚ ਆਉਂਦੇ ਪਟਿਆਲਾ ਜ਼ੋਨ ਦੇ 11 ਗਰੁੱਪ ਬਾਕੀ ਬਚੇ ਹਨ, ਜਿਨ੍ਹਾਂ ਵਿਚ ਰੋਪੜ ਦੇ 2 ਅਤੇ ਲੁਧਿਆਣਾ ਦੇ 9 ਗਰੁੱਪ ਸ਼ਾਮਲ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਜ਼ੋਨ ਅਧੀਨ 40 ਗਰੁੱਪ ਬਣਾਏ ਗਏ ਸਨ, ਜਿਨ੍ਹਾਂ ਵਿਚੋਂ 2 ਟੈਂਡਰ ਭਰੇ ਜਾਣੇ ਬਾਕੀ ਹਨ, ਜਿਸ ਵਿਚ ਫਰੀਦਕੋਟ ਸ਼ਹਿਰ ਦੇ 2 ਗਰੁੱਪ ਬਚੇ ਹਨ। ਜਲੰਧਰ ਜ਼ੋਨ ਵਿਚ ਹੋਏ ਸ਼ਨੀਵਾਰ ਟੈਂਡਰਾਂ ਤੋਂ ਬਾਅਦ ਅੱਜ 20 ਗਰੁੱਪ ਬਾਕੀ ਬਚੇ ਹਨ। ਵਿਭਾਗ ਨੇ ਠੇਕੇਦਾਰਾਂ ਨੂੰ ਸੋਮਵਾਰ ਤੱਕ ਦਾ ਸਮਾਂ ਭਾਵੇਂ ਦੇ ਦਿੱਤਾ ਹੈ ਪਰ ਇਸ ਵਾਰ ਕੀਮਤਾਂ ਵਿਚ ਗਿਰਾਵਟ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ, ਬਲਜਿੰਦਰ ਕੌਰ, ਸਰਬਜੀਤ ਕੌਰ ਤੇ ਬੁੱਧਰਾਮ ਮੰਤਰੀ ਅਹੁਦੇ ਦੀ ਦੌੜ ’ਚ

ਸ਼ਰਾਬ ਦੇ ਠੇਕਿਆਂ ਦੇ ਟੈਂਡਰ ਖੁੱਲ੍ਹਣ ਤੋਂ ਬਾਅਦ ਮਹਿਕਮੇ ਵੱਲੋਂ ਜਿਹੜੀ ਕੀਮਤ ਰੱਖੀ ਗਈ ਸੀ, ਉਸ ਵਿਚ 2 ਵਾਰ 5-5 ਫ਼ੀਸਦੀ ਦੀ ਕਮੀ ਕਰਕੇ 10 ਫ਼ੀਸਦੀ ਕੀਮਤ ਘਟਾਈ ਜਾ ਚੁੱਕੀ ਹੈ। ਭਵਿੱਖ ਵਿਚ ਕੀਮਤ ਘਟਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਕਿਉਂਕਿ ਹੁਣ ਸਿਰਫ਼ 30 ਗਰੁੱਪ ਬਾਕੀ ਬਚੇ ਹਨ। ਮਹਿਕਮੇ ਨੂੰ ਸਭ ਤੋਂ ਵੱਧ ਰਿਸਪਾਂਸ ਫਿਰੋਜ਼ਪੁਰ ਜ਼ੋਨ ਤੋਂ ਮਿਲਿਆ, ਜਿੱਥੇ 40 ਵਿਚੋਂ ਸਿਰਫ਼ 2 ਗਰੁੱਪ ਬਾਕੀ ਬਚੇ ਹਨ। 30 ਗਰੁੱਪਾਂ ਨੂੰ ਚਲਾਉਣ ਲਈ ਮਹਿਕਮੇ ਵੱਲੋਂ ਮਾਰਕਫੈੱਡ ਅਤੇ ਹੋਰ ਸਰਕਾਰੀ ਏਜੰਸੀਆਂ ਨਾਲ ਸੰਪਰਕ ਕੀਤਾ ਗਿਆ ਹੈ। ਜਿਹੜੀ ਯੋਜਨਾ ਬਣਾਈ ਗਈ ਹੈ, ਉਸ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਮਾਰਕਫੈੱਡ ਦੇ ਕਰਮਚਾਰੀ ਆਊਟਲੈੱਟ ’ਤੇ ਸ਼ਰਾਬ ਦੀ ਵਿਕਰੀ ਕਰਦੇ ਦੇਖਣ ਨੂੰ ਮਿਲਣਗੇ। ਮਹਿਕਮੇ ਨੂੰ ਸੇਲ ਕਰਨ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ, ਇਸ ਨੂੰ ਲੈ ਕੇ ਪੁਰਾਣੇ ਠੇਕਿਆਂ ਵਾਲੀਆਂ ਦੁਕਾਨਾਂ ਨੂੰ ਕਿਰਾਏ ’ਤੇ ਲੈਣ ਦੀ ਯੋਜਨਾ ਬਣਾਈ ਗਈ ਹੈ। ਐਕਸਾਈਜ਼ ਅਤੇ ਮਾਰਕਫੈੱਡ ਦੇ ਗਠਜੋੜ ਨੂੰ ਪੰਜਾਬ ਵਿਚ 620 ਤੋਂ ਵੱਧ ਠੇਕੇ ਖੁਦ ਚਲਾਉਣੇ ਪੈਣਗੇ। ਇਸਦੇ ਲਈ ਮਹਿਕਮੇ ਵੱਲੋਂ ਕਰਮਚਾਰੀਆਂ ਦੀ ਚੋਣ ਕਿਸ ਹਿਸਾਬ ਨਾਲ ਕੀਤੀ ਜਾਵੇਗੀ, ਇਸ ’ਤੇ ਅਜੇ ਵਿਚਾਰ ਚੱਲ ਰਿਹਾ ਹੈ।       

ਸੂਤਰਾਂ ਦਾ ਕਹਿਣਾ ਹੈ ਕਿ ਐਕਸਾਈਜ਼ ਵੱਲੋਂ ਦੂਜੀਆਂ ਏਜੰਸੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਆਊਟਲੈੱਟ ਵੀ ਖੋਲ੍ਹੇ ਜਾਣ ’ਤੇ ਵਿਚਾਰ ਹੋ ਰਿਹਾ ਹੈ। ਸ਼ੁੱਕਰਵਾਰ ਤੱਕ ਵਿਭਾਗ ਵੱਲੋਂ 4775 ਠੇਕੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਸੀ। ਜਿਹੜੇ ਨਵੇਂ ਬਿਨੈਕਾਰਾਂ ਵੱਲੋਂ ਟੈਂਡਰ ਕੀਤੇ ਗਏ ਹਨ, ਉਨ੍ਹਾਂ ਨੂੰ ਲਾਇਸੈਂਸ ਜਾਰੀ ਕਰਨ ਦਾ ਪ੍ਰੋਸੈਸ ਚੱਲ ਰਿਹਾ ਹੈ। ਸੰਭਾਵਨਾ ਹੈ ਕਿ ਐਤਵਾਰ ਸਵੇਰ ਤੱਕ ਪੰਜਾਬ ਵਿਚ 1500 ਤੋਂ ਵੱਧ ਨਵੇਂ ਠੇਕੇ ਖੁੱਲ੍ਹ ਜਾਣਗੇ।

ਇਹ ਵੀ ਪੜ੍ਹੋ:   ਨੰਗਲ ਵਿਖੇ ਭਾਖੜਾ ਨਹਿਰ 'ਚ ਡੁੱਬਾ ਮਾਪਿਆਂ ਦਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਮਹਿੰਗੀ ਸ਼ਰਾਬ ਵੇਚਣ ਲਈ ਨਹੀਂ ਹੋ ਸਕੇਗਾ ਪੂਲ
ਐਕਸਾਈਜ਼ ਤੇ ਮਾਰਕਫੈੱਡ ਦੇ ਗਠਜੋੜ ਵਿਚ ਸ਼ਰਾਬ ਦੀ ਵਿਕਰੀ ਹੋਣ ਨਾਲ ਠੇਕੇਦਾਰ ਆਪਸ ਵਿਚ ਪੂਲ ਕਰ ਕੇ ਮਹਿੰਗੀ ਸ਼ਰਾਬ ਨਹੀਂ ਵੇਚ ਸਕਣਗੇ ਕਿਉਂਕਿ ਸਰਕਾਰੀ ਦੁਕਾਨਾਂ ’ਤੇ ਵਿਕਣ ਵਾਲੀ ਸ਼ਰਾਬ ਦੀ ਕੀਮਤ ਨਿਰਧਾਰਿਤ ਰਹੇਗੀ ਅਤੇ ਕਰਮਚਾਰੀ ਆਪਣੇ ਪੱਧਰ ’ਤੇ ਮਹਿੰਗੀ ਸ਼ਰਾਬ ਵੇਚਣ ਦਾ ਜੋਖਮ ਨਹੀਂ ਉਠਾਉਣਗੇ। ਇਸ ਨਾਲ ਸ਼ਰਾਬ ਪੀਣ ਵਾਲਿਆਂ ਨੂੰ ਵਾਜਿਬ ਕੀਮਤ ’ਤੇ ਸ਼ਰਾਬ ਮੁਹੱਈਆ ਹੋ ਸਕੇਗੀ, ਜਿਸ ਨਾਲ ਸਰਕਾਰ ਦੀ ਸਸਤੀ ਸ਼ਰਾਬ ਵੇਚਣ ਦੀ ਯੋਜਨਾ ਸਫਲ ਹੋਵੇਗੀ।

ਗਰੁੱਪ ਚਲਾਉਣ ਦੀ ਯੋਜਨਾ ਨੂੰ ਅਮਲੀ-ਜਾਮਾ ਪਹਿਨਾਉਣਾ ਬਾਕੀ : ਰੂਜ਼ਮ
ਐਕਸਾਈਜ਼ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ (ਆਈ. ਏ. ਐੱਸ.) ਨੇ ‘ਜਗ ਬਾਣੀ’ ਨਾਲ ਫੋਨ ’ਤੇ ਗੱਲਬਾਤ ਦੌਰਾਨ ਕਿਹਾ ਕਿ ਸ਼ਰਾਬ ਦੀ ਵਿਕਰੀ ਨਾਲ ਸਰਕਾਰ ਨੂੰ ਵੱਡੇ ਪੱਧਰ ’ਤੇ ਰੈਵੇਨਿਊ ਪ੍ਰਾਪਤ ਹੁੰਦਾ ਹੈ। ਜਿਹੜੇ ਗਰੁੱਪ ਬਚ ਜਾਣਗੇ, ਉਨ੍ਹਾਂ ਨੂੰ ਖਾਲੀ ਨਹੀਂ ਛੱਡਿਆ ਜਾ ਸਕਦਾ। ਇਸ ਤਹਿਤ ਵਿਭਾਗ ਵੱਲੋਂ ਗਰੁੱਪਾਂ ਅਧੀਨ ਆਉਂਦੇ ਠੇਕੇ ਆਪਣੇ ਪੱਧਰ ’ਤੇ ਚਲਾਏ ਜਾਣਗੇ। ਇਸਦੇ ਲਈ ਮਾਰਕਫੈੱਡ ਨਾਲ ਸੰਪਰਕ ਹੋ ਚੁੱਕਾ ਹੈ। 147 ਗਰੁੱਪਾਂ ਦੀ ਸੇਲ ਤੋਂ ਹੁਣ ਤੱਕ 4350 ਕਰੋੜ ਰੁਪਏ ਦਾ ਰੈਵੇਨਿਊ ਇਕੱਠਾ ਹੋ ਚੁੱਕਾ ਹੈ, ਜਿਸ ਦਾ ਵਧਣਾ ਤੈਅ ਹੈ।

ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News