ਨਵੀਂ ਐਕਸਾਈਜ਼ ਪਾਲਿਸੀ ਨਾਲ ਵੱਡੇ ਗਰੁੱਪਾਂ ਦਾ ਟੁੱਟੇਗਾ ‘ਨੈਕਸਸ’, ਪਿਆਕੜਾਂ ਨੂੰ ਮਿਲਣਗੀਆਂ ਇਹ ਸਹੂਲਤਾਂ

06/13/2022 3:01:19 PM

ਜਲੰਧਰ (ਪੁਨੀਤ)- ਨਵੀਂ ਐਕਸਾਈਜ਼ ਪਾਲਿਸੀ 1 ਜੁਲਾਈ ਤੋਂ ਲਾਗੂ ਹੋ ਰਹੀ ਹੈ। ਇਸ ਤਹਿਤ ਠੇਕਿਆਂ ’ਤੇ ਮਨਮਰਜ਼ੀ ਦੀ ਸ਼ਰਾਬ-ਬੀਅਰ ਵੇਚਣ ਦਾ ਨੈਕਸਸ ਟੁੱਟੇਗਾ ਅਤੇ ਚਾਹਵਾਨਾਂ ਨੂੰ ਉਨ੍ਹਾਂ ਦੀ ਪਸੰਦ ਦਾ ਬ੍ਰਾਂਡ ਆਸਾਨੀ ਨਾਲ ਮਿਲ ਸਕੇਗਾ। ਕਈਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੀ ਮਰਜ਼ੀ ਦੀ ਬੀਅਰ ਅਤੇ ਸ਼ਰਾਬ ਹਰ ਠੇਕੇ ’ਤੇ ਮੁਹੱਈਆ ਨਹੀਂ ਹੁੰਦੀ, ਜਿਸ ਕਾਰਨ ਉਨ੍ਹਾਂ ਨੂੰ ਠੇਕੇ ’ਤੇ ਮੁਹੱਈਆ ਬੀਅਰ ਅਤੇ ਸ਼ਰਾਬ ਪੀਣ ਲਈ ਮਜਬੂਰ ਹੋਣਾ ਪੈਂਦਾ ਹੈ। ਜੇਕਰ ਆਪਣੀ ਪਸੰਦ ਦਾ ਬ੍ਰਾਂਡ ਲੈਣਾ ਹੋਵੇ ਤਾਂ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਵਾਲੇ ਠੇਕਿਆਂ ’ਤੇ ਜਾਣਾ ਪੈਂਦਾ ਹੈ ਪਰ ਅਜਿਹਾ ਹਰ ਕਿਸੇ ਲਈ ਸੰਭਵ ਨਹੀਂ ਹੁੰਦਾ, ਜਿਸ ਕਾਰਨ ਉਨ੍ਹਾਂ ਨੂੰ ਠੇਕਿਆਂ ’ਤੇ ਰੱਖੀ ਬੀਅਰ ਹੀ ਪੀਣੀ ਪੈਂਦੀ ਹੈ। ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਨਵੀਂ ਐਕਸਾਈਜ਼ ਪਾਲਿਸੀ ਵਿਚ ਸਰਕਾਰ ਨੇ ਸ਼ਰਾਬ ਦੀ ਮਨਮਰਜ਼ੀ ਨਾਲ ਵਿਕਰੀ ਵਾਲੇ ਨੈਕਸਸ ਨੂੰ ਤੋੜ ਦਿੱਤਾ ਹੈ। ਇਹ ਕਿੰਨਾ ਕੁ ਕਾਮਯਾਬ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪਾਲਿਸੀ ਵਿਚ ਮਹਿਕਮੇ ਨੇ ਜਿਹੜੇ ਨਿਯਮ ਬਣਾਏ ਹਨ, ਉਸ ਮੁਤਾਬਕ ਸ਼ਰਾਬ ਦੇ ਸ਼ੌਕੀਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲ ਸਕਣਗੀਆਂ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ’ਚ ਡਬਲ ਸੋਨ ਤਮਗਾ ਜੇਤੂ ਓਲੰਪੀਅਨ ਹਰੀ ਚੰਦ ਦੀ ਮੌਤ ’ਤੇ CM ਮਾਨ ਨੇ ਜਤਾਇਆ ਦੁੱਖ਼

ਨਵੀਂ ਪਾਲਿਸੀ ਤਹਿਤ ਪੰਜਾਬ ਵਿਚ ਇਕ ਹੀ ਐੱਲ-1 (ਸ਼ਰਾਬ ਦਾ ਗੋਦਾਮ) ਹੋਵੇਗਾ, ਜਿਸ ਰਾਹੀਂ ਠੇਕਿਆਂ ’ਤੇ ਸ਼ਰਾਬ ਪਹੁੰਚਾਈ ਜਾਵੇਗੀ। ਜਿਸ ਕੰਪਨੀ ਦੀ 30 ਹਜ਼ਾਰ ਪੇਟੀਆਂ ਤੋਂ ਜ਼ਿਆਦਾ ਵਿਕਰੀ ਹੈ, ਉਸ ਦਾ ਵੱਖਰੇ ਤੌਰ ’ਤੇ ਐੱਲ-1 ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਜਿਸ ਨੇ ਐੱਲ-1 ਲੈਣਾ ਹੈ, ਉਸ ਦੀ ਸ਼ਰਾਬ ਬਣਾਉਣ ਦੀ ਫੈਕਟਰੀ (ਡਿਸਟਿਲਰੀ) ਠੇਕਿਆਂ ਦੇ ਗਰੁੱਪ ਵਿਚ ਸਾਂਝੇਦਾਰੀ ਨਹੀਂ ਹੋਣੀ ਚਾਹੀਦੀ। ਵੱਡੀ ਕੰਪਨੀ ਦਾ ਪੰਜਾਬ ਵਿਚ ਇਕ ਹੀ ਸਥਾਨ ’ਤੇ ਐੱਲ-1 ਸਥਾਪਤ ਹੋਵੇਗਾ, ਜਦਕਿ ਪਹਿਲਾਂ ਹਰ ਸ਼ਹਿਰ ਵਿਚ ਕਈ ਐੱਲ-1 ਹੁੰਦੇ ਸਨ। ਇਸ ਐੱਲ-1 ਤੋਂ ਦੂਜੇ ਸ਼ਹਿਰਾਂ ਅਤੇ ਪਿੰਡਾਂ ਵਿਚ ਸ਼ਰਾਬ ਪਹੁੰਚਾਈ ਜਾਵੇਗੀ। ਐੱਲ-1 ਦਾ ਲਾਇਸੈਂਸ ਲੈਣ ਵਾਲਾ ਵਿਅਕਤੀ ਹਰ ਸ਼ਹਿਰ ਵਿਚ ਆਪਣੇ ਵੇਅਰ ਹਾਊਸ ਖੋਲ੍ਹ ਸਕਦਾ ਹੈ। ਇਸ ਜ਼ਰੀਏ ਅੱਗੇ ਠੇਕਿਆਂ ’ਤੇ ਸ਼ਰਾਬ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਐੱਲ-1 ਦੀ ਹੋਵੇਗੀ।

30 ਹਜ਼ਾਰ ਦੀ ਵਿਕਰੀ ਵਾਲੀ ਕੰਪਨੀ ਦਾ ਵੱਖ ਐੱਲ-1 ਹੋਵੇਗਾ, ਜਿਸ ਵਿਚ ਸਬੰਧਤ ਕੰਪਨੀ ਦੇ ਸਾਰੇ ਬ੍ਰਾਂਡ ਮੁਹੱਈਆ ਹੋਣਗੇ। ਇਸ ਤੋਂ ਇਲਾਵਾ ਜਿਨ੍ਹਾਂ ਕੰਪਨੀਆਂ ਦੀ ਸੇਲ ਘੱਟ ਹੈ, ਉਨ੍ਹਾਂ ਲਈ ਮਿਕਸ ਐੱਲ-1 ਵਿਚ ਸ਼ਰਾਬ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਉਥੇ ਹੀ, ਦੇਸੀ ਸ਼ਰਾਬ ਲਈ ਵੀ ਵੱਖਰਾ ਐੱਲ-1 ਹੋਵੇਗਾ। ਪਿਛਲੇ ਸਮੇਂ ਦੌਰਾਨ ਨਿਯਮਾਂ ਵਿਚ ਕਈ ਤਰ੍ਹਾਂ ਦੀ ਛੋਟ ਦਿੱਤੀ ਜਾ ਰਹੀ ਸੀ। ਜਿਹੜੀ ਕੰਪਨੀ ਸ਼ਰਾਬ ਬਣਾਉਂਦੀ ਸੀ, ਉਸੇ ਦਾ ਐੱਲ-1 ਹੁੰਦਾ ਸੀ ਅਤੇ ਅੱਗੇ ਉਸੇ ਦੇ ਠੇਕੇ ਹੁੰਦੇ ਸਨ। ਇਸ ਕਾਰਨ ਸ਼ਰਾਬ ਅਤੇ ਬੀਅਰ ਬਣਾਉਣ ਵਾਲੀ ਕੰਪਨੀ ਆਪਣੇ ਬ੍ਰਾਂਡ ਨੂੰ ਪ੍ਰਮੋਟ ਕਰ ਕੇ ਦੂਜੇ ਬ੍ਰਾਂਡ ਵੇਚਣ ਨੂੰ ਮਹੱਤਵ ਨਹੀਂ ਦਿੰਦੀ ਸੀ, ਜਿਸ ਕਾਰਨ ਲੋਕਾਂ ਨੂੰ ਆਪਣੀ ਮਰਜ਼ੀ ਦਾ ਬ੍ਰਾਂਡ ਮਿਲਣ ਵਿਚ ਬੇਹੱਦ ਮੁਸ਼ਕਿਲ ਆਉਂਦੀ ਸੀ।
ਉਥੇ ਹੀ, ਸਰਕਾਰ ਵੱਲੋਂ ਸ਼ਰਾਬ ਦੀ ਨਾਜਾਇਜ਼ ਵਿਕਰੀ ਨੂੰ ਰੋਕਣ ਲਈ ਟਰੈਕ ਐਂਡ ਟਰੇਸ ਪਾਲਿਸੀ ਅਪਣਾਈ ਗਈ ਹੈ, ਇਸ ਤਹਿਤ ਸ਼ਰਾਬ ਦੀ ਹਰੇਕ ਬੋਤਲ ’ਤੇ ਸਟਿੱਕਰ ਲੱਗਾ ਹੋਵੇਗਾ, ਜਿਸ ਵਿਚ ਕਿਊ. ਆਰ. ਕੋਡ ਅੰਕਿਤ ਹੋਵੇਗਾ। ਸ਼ਰਾਬ ਜਦੋਂ ਐੱਲ-1 ਵਿਚ ਪਹੁੰਚੇਗੀ ਤਾਂ ਉਥੇ ਸਟਿੱਕਰ ਦੇ ਬਾਰ-ਕੋਡ ਨੂੰ ਸਕੈਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸ਼ਰਾਬ ਠੇਕਿਆਂ ’ਤੇ ਪਹੁੰਚ ਜਾਵੇਗੀ। ਇਸ ਰਾਹੀਂ ਸ਼ਰਾਬ ਦੀ ਨਾਜਾਇਜ਼ ਵਿਕਰੀ ’ਤੇ ਰੋਕ ਲੱਗੇਗੀ। ਵਿਭਾਗ ਜਦੋਂ ਵੀ ਨਾਜਾਇਜ਼ ਸ਼ਰਾਬ ਫੜਦਾ ਸੀ ਤਾਂ ਉਸ ਨੂੰ ਪਤਾ ਨਹੀਂ ਲੱਗਦਾ ਸੀ ਕਿ ਸ਼ਰਾਬ ਕਿੱਥੋਂ ਆਈ ਹੈ, ਇਸ ਕਾਰਨ ਹੁਣ ਸ਼ਰਾਬ ਦੀ ਇਕ ਬੋਤਲ ਸਕੈਨ ਕਰਨ ’ਤੇ ਪਤਾ ਚੱਲ ਸਕੇਗਾ ਕਿ ਉਕਤ ਸ਼ਰਾਬ ਕਿਸ ਫੈਕਟਰੀ ਤੋਂ ਬਣ ਕੇ ਕਿਸ ਐੱਲ-1 ਰਾਹੀਂ ਬਾਹਰ ਆਈ ਹੈ। ਇਸ ਨਾਲ ਸ਼ਰਾਬ ਨੂੰ ਗਲਤ ਢੰਗ ਨਾਲ ਵੇਚਣ ਵਾਲੇ ਚਿਹਰੇ ਬੇਨਕਾਬ ਹੋਣਗੇ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਨੀ ਚੋਣ ਲੜੇਗੀ ਕਾਂਗਰਸ, ਰਾਜਾ ਵੜਿੰਗ ਨੇ ਜਾਰੀ ਕੀਤਾ 'ਚੋਣ ਗਾਣਾ'

ਨਾਜਾਇਜ਼ ਵਿਕਰੀ ’ਤੇ ਲੱਗੇਗੀ ਪੂਰੀ ਤਰ੍ਹਾਂ ਪਾਬੰਦੀ : ਸੀਨੀਅਰ ਐਕਸਾਈਜ਼ ਅਧਿਕਾਰੀ ਬੇਦੀ
ਈ. ਟੀ. ਓ. ਰੈਂਕ ਦੇ ਸੀਨੀਅਰ ਐਕਸਾਈਜ਼ ਅਧਿਕਾਰੀ ਹਰਜੋਤ ਸਿੰਘ ਬੇਦੀ ਨੇ ਕਿਹਾ ਕਿ ਨਵੀਂ ਪਾਲਿਸੀ ਤਹਿਤ ਸ਼ਰਾਬ ਦੇ ਠੇਕਿਆਂ ’ਤੇ ਜਿਹੜਾ ਲਾਟ ਆਉਣ ਵਾਲਾ ਹੈ, ਉਹ ਪੂਰੀ ਤਰ੍ਹਾਂ ਨਾਲ ਵਿਭਾਗ ਦੀਆਂ ਨਜ਼ਰਾਂ ਵਿਚ ਰਹੇਗਾ। ਵਿਭਾਗ ਇਸ ’ਤੇ ਪਿਛਲੇ ਕਈ ਮਹੀਨਿਆਂ ਤੋਂ ਕੰਮ ਕਰ ਰਿਹਾ ਹੈ, ਇਸੇ ਕਾਰਨ ਹਰੇਕ ਬੋਤਲ ’ਤੇ ਕਿਊ. ਆਰ. ਕੋਡ ਲੁਆਇਆ ਜਾ ਰਿਹਾ ਹੈ। ਕੋਡ ਸਕੈਨ ਕਰ ਕੇ ਅਸੀਂ ਪਟਿਆਲਾ ਤੋਂ ਆਈ ਸ਼ਰਾਬ ਦੀ ਪਛਾਣ ਕਰ ਸਕਾਂਗੇ। ਇਸ ਨਾਲ ਸ਼ਰਾਬ ਦੀ ਨਾਜਾਇਜ਼ ਵਿਕਰੀ ’ਤੇ ਪੂਰੀ ਤਰ੍ਹਾਂ ਰੋਕ ਲੱਗ ਸਕੇਗੀ। ਠੇਕਿਆਂ ’ਤੇ ਸ਼ਰਾਬ ਵੇਚਣ ਦੇ ਨਿਯਮ ਹਨ ਤੇ ਐੱਲ-1 ਦੇ ਵੱਖਰੇ ਨਿਯਮ ਹਨ। ਸ਼ਰਾਬ ਗਲਤ ਢੰਗ ਨਾਲ ਬਾਹਰ ਆਉਣ ਦੀ ਕੋਈ ਸੰਭਾਵਨਾ ਨਹੀਂ ਰਹੇਗੀ। ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਬਣਦੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਕੁਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News