ਲੋਕ ਸਭਾ ਦੀ ਜ਼ਿਮਨੀ ਚੋਣ ਮਗਰੋਂ ਨਿਗਮ ਚੋਣਾਂ ’ਚ ਬਣਨਗੇ ਨਵੇਂ ਸਮੀਕਰਨ, ਬਦਲ ਸਕਦੈ ਵਾਰਡਬੰਦੀ ਦਾ ਨਕਸ਼ਾ

05/08/2023 12:32:04 PM

ਜਲੰਧਰ (ਖੁਰਾਣਾ)- ਇਨ੍ਹੀਂ ਦਿਨੀਂ ਚੱਲ ਰਹੀ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਤੁਰੰਤ ਬਾਅਦ ਨਿਗਮ ਚੋਣਾਂ ਵਿਚ ਵੀ ਸ਼ਹਿਰ ਅੰਦਰ ਨਵੇਂ-ਨਵੇਂ ਸਮੀਕਰਨ ਬਣਨ ਜਾ ਰਹੇ ਹਨ। ਫਿਲਹਾਲ ਨਿਗਮ ਚੋਣਾਂ ਦੀ ਗੱਲ ਕਰੀਏ ਤਾਂ ਜਲੰਧਰ ਨਿਗਮ ਦੀ ਵਾਰਡਬੰਦੀ ਲਗਭਗ ਤਿਆਰ ਹੈ, ਜਿਸ ਨੂੰ ਚੋਣ ਹੋਣ ਤੋਂ ਬਾਅਦ ਡੀ-ਲਿਮਿਟੇਸ਼ਨ ਬੋਰਡ ਦੀ ਮੀਟਿੰਗ ’ਚ ਪਾਸ ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਨੋਟੀਫਿਕੇਸ਼ਨ ਕਰਕੇ ਚੋਣਾਂ ਕਰਵਾਈਆਂ ਜਾਣਗੀਆਂ।

ਚਰਚਾ ਹੈ ਕਿ ਹੁਣ ਕਈ ਵਿਧਾਨ ਸਭਾ ਹਲਕਿਆਂ ਦੀ ਵਾਰਡਬੰਦੀ ਦੋਬਾਰਾ ਕੀਤੀ ਜਾ ਸਕਦੀ ਹੈ ਕਿਉਂਕਿ ‘ਆਪ’ ਵਿਚ ਸ਼ਾਮਲ ਹੋਏ ਆਗੂਆਂ ਮੁਤਾਬਕ ਕਈ ਵਾਰਡਾਂ ਦੀ ਵੀ ਐਡਜਸਟਮੈਂਟ ਕਰਨੀ ਪਵੇਗੀ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਜਲੰਧਰ ਨਿਗਮ ਦੇ ਅਧਿਕਾਰੀਆਂ ਵੱਲੋਂ ਤਿਆਰ ਕੀਤੇ ਵਾਰਡਬੰਦੀ ਦੇ ਫਾਰਮੈਟ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹੀ ਭੂਮਿਕਾ ਨਿਭਾਈ ਹੈ ਅਤੇ ਕਿਸੇ ਵੀ ਕਾਂਗਰਸੀ ਆਗੂ ਨੂੰ ਵਾਰਡਬੰਦੀ ਦੇ ਨਵੇਂ ਨਕਸ਼ੇ ਦੇ ਨੇੜੇ ਵੀ ਨਹੀਂ ਲੱਗਣ ਦਿੱਤਾ ਗਿਆ। ਨਿਗਮ ਚੋਣਾਂ ’ਚ ‘ਆਪ’ ’ਚ ਆਉਣ ਵਾਲੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਐਡਜਸਟ ਕਰਨਾ ਵੀ ਆਮ ਆਦਮੀ ਪਾਰਟੀ ਲਈ ਵੱਡੀ ਚੁਣੌਤੀ ਹੋਵੇਗੀ ਪਰ ਇਸ ਸਮੇਂ ਪਾਰਟੀ ਲੀਡਰਸ਼ਿਪ ਦਾ ਸਾਰਾ ਧਿਆਨ ਲੋਕ ਸਭਾ ਦੀ ਜ਼ਿਮਨੀ ਚੋਣ ’ਤੇ ਕੇਂਦਰਿਤ ਹੈ, ਜਿਸ ਨੂੰ ਵਿਰੋਧੀ ਪਾਰਟੀਆਂ ਦੇ ਵੱਕਾਰ ਦਾ ਸਵਾਲ ਬਣਾਇਆ ਹੋਇਆ ਹੈ। ਹੁਣ ਵੇਖਣਾ ਹੋਵੇਗਾ ਕਿ ਸਰਕਾਰੀ ਅਧਿਕਾਰੀ ਵਾਰਡਬੰਦੀ ਨੂੰ ਦੋਬਾਰਾ ਤਿਆਰ ਕਰਨ ਵਿਚ ਕਿੰਨਾ ਸਮਾਂ ਲੈਂਦੇ ਹਨ ਅਤੇ ਹਰੇਕ ਨੂੰ ਐਡਜਸਟ ਕਰਨ ਲਈ ਕੀ-ਕੀ ਬਦਲਾਅ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ : ਗੜ੍ਹਸ਼ੰਕਰ ਵਿਖੇ ਛੋਟੀ ਵੇਈਂ ਦਾ CM ਮਾਨ ਨੇ ਰੱਖਿਆ ਨੀਂਹ ਪੱਥਰ, ਪਿਛਲੀਆਂ ਸਰਕਾਰਾਂ 'ਤੇ ਕੱਸੇ ਤੰਜ

‘ਆਪ’ ’ਚ ਸ਼ਾਮਲ ਹੋਏ ਕਈ ਸਾਬਕਾ ਕੌਂਸਲਰ ਫਿਰ ਟਿਕਟਾਂ ਦੇ ਦਾਅਵੇਦਾਰ
ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦੇ ‘ਆਪ’ ’ਚ ਸ਼ਾਮਲ ਹੋਣ ਅਤੇ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਬਣਨ ਤੋਂ ਬਾਅਦ ਕਈ ਸਾਬਕਾ ਕੌਂਸਲਰ ਕਾਂਗਰਸ ਅਤੇ ਹੋਰ ਪਾਰਟੀਆਂ ਛੱਡ ਕੇ ‘ਆਪ’ ’ਚ ਸ਼ਾਮਲ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕਈ ਸਾਬਕਾ ਕੌਂਸਲਰ ਹੁਣ ਮੁੜ ਨਿਗਮ ਚੋਣਾਂ ਵਿਚ ਕੌਂਸਲਰ ਅਹੁਦੇ ਦੇ ਦਾਅਵੇਦਾਰ ਹਨ ਅਤੇ ਉਨ੍ਹਾਂ ਨੂੰ ਟਿਕਟਾਂ ਸਬੰਧੀ ਭਰੋਸਾ ਵੀ ਮਿਲਿਆ ਹੋਇਆ ਹੈ, ਇਸ ਲਈ ਆਉਣ ਵਾਲੀਆਂ ਚੋਣਾਂ ਵਿਚ ਟਿਕਟਾਂ ਦੀ ਵੰਡ ‘ਆਪ’ ਦੀ ਲੀਡਰਸ਼ਿਪ ਲਈ ਵੱਡੀ ਸਮੱਸਿਆ ਹੋਵੇਗੀ। ਹਰਸ਼ਰਨ ਕੌਰ ਹੈਪੀ, ਲਖਬੀਰ ਸਿੰਘ ਬਾਜਵਾ, ਰਾਧਿਕਾ ਪਾਠਕ, ਬਬੀਤਾ ਵਰਮਾ ਵਰਗੇ ਕਈ ਸਾਬਕਾ ਕੌਂਸਲਰਾਂ ਨੂੰ ਹੁਣ ਆਉਣ ਵਾਲੀਆਂ ਚੋਣਾਂ ਵਿਚ ‘ਆਪ’ ਲੀਡਰਸ਼ਿਪ ਨੂੰ ਐਡਜਸਟ ਕਰਨਾ ਪਵੇਗਾ। ਅਜਿਹੇ ’ਚ ਇਨ੍ਹਾਂ ਵਾਰਡਾਂ ’ਚ ਸਰਗਰਮ ‘ਆਪ’ ਦੇ ਪੁਰਾਣੇ ਵਰਕਰ ਅਤੇ ਦਾਅਵੇਦਾਰ ਕਿੱਥੇ ਜਾਣਗੇ, ਇਹ ਸਵਾਲ ਵੀ ਬੁਝਾਰਤ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਜਲੰਧਰ ਵਿਖੇ ਸੰਤ ਕਬੀਰ ਦਾਸ ਮੰਦਿਰ ਨਤਮਸਤਕ ਹੋਏ CM ਭਗਵੰਤ ਮਾਨ, ਆਖੀਆਂ ਅਹਿਮ ਗੱਲਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


 

shivani attri

This news is Content Editor shivani attri