ਹੁਣ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਸਰਕਾਰ ਬਣਾਏਗੀ ਟੈਕਸੀ ਡਰਾਈਵਰ

07/20/2017 7:19:42 AM

ਪਟਿਆਲਾ (ਜੋਸਨ)  - ਪੰਜਾਬ ਦੀ ਸੱਤਾ ਧਿਰ ਕਾਂਗਰਸ ਵੱਲੋਂ ਚੋਣਾਂ ਵੇਲੇ ਲੋਕਾਂ ਨਾਲ ਮੁੱਖ ਵਾਅਦਾ ਕੀਤਾ ਗਿਆ ਸੀ ਕਿ ਹਰ ਘਰ ਨੌਕਰੀ ਦਿੱਤੀ ਜਾਏਗੀ। ਇਸ ਲਾਲਚ ਵਿਚ ਆ ਕੇ ਲੋਕਾਂ ਨੇ ਕਾਂਗਰਸ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਅਤੇ ਸੱਤਾ 'ਤੇ ਬਿਠਾ ਦਿੱਤਾ। ਹੁਣ ਤੱਕ ਲੋਕ ਇਸ ਨੌਕਰੀ ਦੀ ਉਡੀਕ ਕਰ ਰਹੇ ਸਨ। ਜੋ ਸਰਕਾਰ ਦੀ ਤਾਜ਼ਾ ਮਨਸ਼ਾ ਸਾਹਮਣੇ ਆਈ ਹੈ, ਉਹ ਹੈਰਾਨ ਕਰਨ ਵਾਲੀ ਹੈ। ਸਰਕਾਰ ਦੇ ਨਵੇਂ ਤਾਜ਼ਾ ਫੈਸਲੇ ਮੁਤਾਬਿਕ ਇਸ ਨੌਕਰੀ ਦੇ ਵਾਅਦੇ ਤਹਿਤ ਸਰਕਾਰ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਟੈਕਸੀ ਡਰਾਈਵਰ ਬਣਾਏਗੀ।
ਇਸ ਦੀ ਸ਼ੁਰੂਆਤ 24 ਜੁਲਾਈ ਨੂੰ ਹੋ ਰਹੀ ਹੈ। ਬੇਸ਼ੱਕ ਸਰਕਾਰ ਆਪਣੇ-ਆਪ ਵਿਚ ਇਸ ਨੂੰ ਚੰਗਾ ਕਦਮ ਮੰਨ ਰਹੀ ਹੈ ਪਰ ਬੇਰੁਜ਼ਗਾਰਾਂ ਮੁਤਾਬਿਕ ਇਹ ਸਭ ਕੁਝ ਕੋਝਾ ਮਜ਼ਾਕ ਹੈ। ਪੜ੍ਹੇ-ਲਿਖੇ ਬੇਰੁਜ਼ਗਾਰ ਹਰਿੰਦਰ ਸਿੰਘ, ਵਿਕਾਸ, ਕਰਨਵੀਰ ਤੇ ਤੇਜਿੰਦਰ ਸਮੇਤ ਹੋਰਨਾਂ ਦਾ ਕਹਿਣਾ ਹੈ ਕਿ ਜੇਕਰ ਪੜ੍ਹ ਕੇ ਵੀ ਡਰਾਈਵਰ ਹੀ ਬਣਨਾ ਹੈ ਤਾਂ ਸਰਕਾਰ ਦੇ ਸੁਝਾਅ ਦੀ ਲੋੜ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਹਰ ਘਰ ਨੌਕਰੀ ਦਾ ਵਾਅਦਾ ਕੀਤਾ ਹੈ ਤਾਂ ਉਸ ਨੂੰ ਸਰਕਾਰ ਨੌਕਰੀ ਦੇ ਕੇ ਹੀ ਪੂਰਾ ਕਰੇ।    
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਦੁਨੀਆ ਦੀ ਸਭ ਤੋਂ ਵੱਡੀ ਕੈਬ ਸੇਵਾ ਦੇਣ ਵਾਲੀ ਕੰਪਨੀ ਉਬੇਰ ਨਾਲ ਸਮਝੌਤਾ ਕੀਤਾ ਹੈ। ਇਸ ਤਹਿਤ ਕੈਪਟਨ ਅਮਰਿੰਦਰ ਸਿੰਘ 24 ਜੁਲਾਈ ਨੂੰ 100 ਉਬੇਰ ਬਾਈਕ ਟੈਕਸੀ ਨੂੰ ਹਰੀ ਝੰਡੀ ਦਿਖਾਉਣਗੇ। ਪੰਜਾਬ ਸਰਕਾਰ ਦੀ ਇਸ ਸਕੀਮ ਦਾ ਨਾਂ 'ਆਪਣੀ ਗੱਡੀ, ਆਪਣਾ ਰੁਜ਼ਗਾਰ' ਹੈ। ਸਰਕਾਰ ਮੰਨ ਰਹੀ ਹੈ ਕਿ ਇਸ ਸਕੀਮ ਤਹਿਤ ਇਕ ਸਾਲ ਅੰਦਰ ਪੰਜਾਬ 'ਚ 10 ਹਜ਼ਾਰ ਨਵੇਂ ਰੁਜ਼ਗਾਰ ਮਿਲਣ ਦੀ ਉਮੀਦ ਹੈ। ਇੰਨਾ ਹੀ ਨਹੀਂ, ਜਲਦੀ ਹੀ ਇਸ ਸਕੀਮ ਤਹਿਤ ਕੰਪਨੀ 7 ਸੀਟਾਂ ਵਾਲੀ ਵੈਨ ਵੀ ਲਾਂਚ ਕਰਨ 'ਤੇ ਵਿਚਾਰ ਕਰ ਰਹੀ ਹੈ।  
ਨੌਜਵਾਨ ਇਸ ਸਕੀਮ ਨੂੰ ਬਹੁਤੀ ਤਵੱਜੋ ਨਹੀਂ ਦੇ ਰਹੇ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਸਕੀਮ ਨਾਲ ਗਰੀਬ ਰਿਕਸ਼ਾ ਚਾਲਕਾਂ ਦੇ ਕੰਮ 'ਤੇ ਵੀ ਅਸਰ ਪਵੇਗਾ। ਇਸ ਲਈ ਸਰਕਾਰ ਇਨ੍ਹਾਂ ਗਰੀਬ ਰਿਕਸ਼ਾ ਚਾਲਕਾਂ ਦੇ ਢਿੱਡ 'ਤੇ ਲੱਤ ਮਾਰਨ ਵਾਲੀ ਸਕੀਮ ਲਾਂਚ ਕਰ ਰਹੀ ਹੈ। ਸਰਕਾਰ ਦੀ ਨਵੀਂ ਪਾਲਿਸੀ ਮੁਤਾਬਕ ਬਾਈਕ ਟੈਕਸੀ ਸਕੀਮ ਵਿਚ ਸ਼ਾਮਿਲ ਹੋਣ ਲਈ ਤੁਹਾਡੇ ਕੋਲ ਬਾਈਕ ਹੋਣੀ ਜ਼ਰੂਰੀ ਹੈ। ਤੁਹਾਨੂੰ ਟਰਾਂਸਪੋਰਟ ਵਿਭਾਗ 'ਚ ਅਰਜ਼ੀ ਦੇਣੀ ਹੋਵੇਗੀ। ਵਿਭਾਗ ਸਿਖਲਾਈ ਦੇਣ ਦੇ ਬਾਅਦ ਬੈਂਕ ਤੋਂ ਕਰਜ਼ਾ ਲੈਣ 'ਚ ਮਦਦ ਕਰੇਗਾ। ਇਸ ਦੇ ਇਲਾਵਾ ਪਰਮਿਟ ਲਾਇਸੈਂਸ ਲੈਣਾ ਹੋਵੇਗਾ। ਇਹੀ ਨਹੀਂ, ਤੁਹਾਨੂੰ ਆਪਣੇ ਤੋਂ ਇਲਾਵਾ ਸਵਾਰੀ ਲਈ ਵੀ ਹੈਲਮਟ ਰੱਖਣਾ ਹੋਵੇਗਾ, ਨਾਲ ਹੀ 'ਫਸਟ ਏਡ ਕਿੱਟ' ਹੋਣੀ ਚਾਹੀਦੀ ਹੈ।