ਜ਼ਿਲਾ ਅਹੁਦੇਦਾਰਾਂ ਦੀ ਵੱਡੀ ਫੌਜ, ਵਾਰਡ ਪ੍ਰਧਾਨਾਂ ਦੀ ਕਮੀ ਨੂੰ ਲੈ ਕੇ ਉੱਠਿਆ ਨਵਾਂ ਵਿਵਾਦ

07/07/2017 11:21:28 AM


ਜਲੰਧਰ(ਚੋਪੜਾ)-ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਲੰਧਰ ਸ਼ਹਿਰੀ ਨਾਲ ਸੰਬੰਧਤ ਚਾਰਾਂ ਵਿਧਾਨ ਸਭਾ ਹਲਕਿਆਂ 'ਤੇ ਕਾਂਗਰਸ ਨੇ ਇਤਿਹਾਸਕ ਜਿੱਤ ਦਰਜ ਕਰ ਕੇ ਆਪਣਾ ਝੰਡਾ ਲਹਿਰਾਇਆ ਸੀ ਪਰ ਇਸਦੇ ਬਾਵਜੂਦ ਜ਼ਿਲਾ ਕਾਂਗਰਸ ਵਿਚ ਧੜੇਬਾਜ਼ੀ ਕਾਰਨ ਸਭ ਕੁਝ ਠੀਕ ਨਹੀਂ ਚੱਲ ਰਿਹਾ, ਜਿਸ ਕਾਰਨ ਸੂਬੇ ਵਿਚ ਸੱਤਾਧਾਰੀ ਕਾਂਗਰਸ ਦੇ ਜ਼ਿਲਾ ਸੰਗਠਨ ਦਾ ਸੂਰਤ-ਏ-ਹਾਲ ਕੁਝ ਵੱਖਰਾ ਹੀ ਦਰਦ ਬਿਆਨ ਕਰ ਰਿਹਾ ਹੈ ਕਿਉਂਕਿ ਜ਼ਿਲਾ ਕਾਂਗਰਸ ਸ਼ਹਿਰੀ ਦੇ ਕੋਲ ਜ਼ਿਲਾ ਪੱਧਰ ਦੇ ਸੀਨੀਅਰ ਉਪ ਪ੍ਰਧਾਨਾਂ, ਉਪ ਪ੍ਰਧਾਨਾਂ, ਜਨਰਲ ਸਕੱਤਰਾਂ ਤੇ ਸਕੱਤਰਾਂ ਦੀ ਇਕ ਵੱਡੀ ਫੌਜ ਹੈ ਪਰ ਸ਼ਾਇਦ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਵੀ ਕਾਂਗਰਸ ਨੂੰ ਸ਼ਹਿਰ ਨਾਲ ਸੰਬੰਧਤ 60 ਵਾਰਡਾਂ ਦੇ ਪ੍ਰਧਾਨਾਂ ਦੀ ਕਮੀ ਮਹਿਸੂਸ ਹੋ ਰਹੀ ਹੈ।
ਇਸ ਸਬੰਧ ਵਿਚ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਆਹਲੂਵਾਲੀਆ ਨੇ ਬੀਤੇ ਦਿਨ ਕਾਂਗਰਸੀ ਆਗੂ ਦਵਿੰਦਰ ਸ਼ਰਮਾ ਨੂੰ ਵਾਰਡ ਨੰਬਰ 40 ਦਾ ਪ੍ਰਧਾਨ ਨਿਯੁਕਤ ਕਰਦਿਆਂ ਦਾਅਵਾ ਕੀਤਾ ਹੈ ਕਿ ਕਾਂਗਰਸ ਜਲਦੀ ਹੀ 60 ਵਾਰਡਾਂ ਦੇ ਪ੍ਰਧਾਨ ਬਣਾ ਕੇ ਵਾਰਡ ਕਮੇਟੀਆਂ ਤਿਆਰ ਕਰੇਗੀ। ਆਹੂਲਵਾਲੀਆ ਦਾ ਮੰਨਣਾ ਹੈ ਕਿ ਕਾਂਗਰਸ ਦੇ ਕੋਲ ਸਾਰੇ ਵਾਰਡਾਂ ਦੇ ਪ੍ਰਧਾਨ ਹੀ ਨਹੀਂ ਸਨ, ਜਿਸ ਕਾਰਨ ਪਾਰਟੀ ਨੂੰ ਕਾਫੀ ਨੁਕਸਾਨ ਹੋ ਰਿਹਾ ਸੀ ਪਰ ਇਸ ਦੌਰਾਨ ਉਹ ਸ਼ਾਇਦ ਭੁੱਲ ਗਏ ਕਿ ਦਵਿੰਦਰ ਤਾਂ ਸਾਲ 2013 ਤੋਂ ਬਤੌਰ ਵਾਰਡ ਨੰਬਰ 40 ਦੇ ਪ੍ਰਧਾਨ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ। 
ਕਾਂਗਰਸੀ ਗਲਿਆਰਿਆਂ ਵਿਚ ਚਰਚਾ ਸ਼ੁਰੂ ਹੋ ਗਈ ਹੈ ਕਿ ਕਾਰਜਕਾਰੀ ਪ੍ਰਧਾਨ ਨੂੰ ਅਚਾਨਕ ਅਜਿਹੀ ਕੀ ਲੋੜ ਪੈ ਗਈ ਕਿ ਇਕੋ-ਇਕ ਵਾਰਡ ਪ੍ਰਧਾਨ ਦੀ ਨਿਯੁਕਤੀ ਕਰਨੀ ਸੀ ਜੋ ਪਹਿਲਾਂ ਤੋਂ ਹੀ ਇਸੇ ਅਹੁਦੇ 'ਤੇ ਤਾਇਨਾਤ ਸੀ। ਕਾਂਗਰਸ ਦੇ ਕੁਝ ਸੀਨੀਅਰ ਆਗੂਆਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜੇਕਰ ਸੰਗਠਨ ਵਿਚ ਵਾਰਡ ਪ੍ਰਧਾਨਾਂ ਦੀ ਕਮੀ ਕਾਰਨ ਕਾਂਗਰਸ ਨੂੰ ਨੁਕਸਾਨ ਹੋ ਰਿਹਾ ਹੈ ਤਾਂ ਪਾਰਟੀ ਨੇ ਪਹਿਲਾਂ ਲੋਕ ਸਭਾ ਤੇ ਹੁਣ ਵਿਧਾਨ ਸਭਾ ਚੋਣਾਂ ਕਿਨ੍ਹਾਂ ਵਰਕਰਾਂ ਦੇ ਦਮ 'ਤੇ ਜਿੱਤੀਆਂ ਹਨ। 

ਕੈਪਟਨ ਅਮਰਿੰਦਰ ਵਲੋਂ ਮਨਜ਼ੂਰ ਬੇਰੀ ਦੀ ਟੀਮ ਦੇ ਅਹੁਦੇਦਾਰ ਸ਼ਸ਼ੋਪੰਜ 'ਚ
ਜ਼ਿਲਾ ਕਾਂਗਰਸ ਦੇ ਉਨ੍ਹਾਂ ਮੌਜੂਦ ਅਹੁਦੇਦਾਰਾਂ ਵਿਚ ਸ਼ਸ਼ੋਪੰਜ ਹੈ ਜਿਨ੍ਹਾਂ ਦੇ ਨਾਵਾਂ ਦੀ ਸੂਚੀ ਉੱਤੇ ਪੰਜਾਬ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਨਜ਼ੂਰੀ ਦਿੱਤੀ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਿੰਦਰ ਬੇਰੀ ਨੇ ਸੈਂਟਰਲ, ਨਾਰਥ, ਵੈਸਟ ਹਲਕੇ ਦੇ 400 ਦੇ ਕਰੀਬ ਜ਼ਿਲਾ ਅਹੁਦੇਦਾਰਾਂ ਦੀ ਸੂਚੀ ਸੂਬਾ ਹਾਈਕਮਾਨ ਕੋਲੋਂ ਮਨਜ਼ੂਰ ਕਰਵਾਈ ਸੀ। ਇਸ ਤੋਂ ਇਲਾਵਾ ਬੇਰੀ ਨੇ ਵਾਰਡ ਪ੍ਰਧਾਨਾਂ ਦੀ ਟੀਮ ਵੀ ਤਿਆਰ ਕਰ ਲਈ ਸੀ ਪਰ ਹੁਣ ਵਾਰਡ ਨੰਬਰ 40 ਦੇ ਪ੍ਰਧਾਨ ਦੀ ਇਸ ਨਿਯੁਕਤੀ ਨਾਲ ਵਰਕਰ ਦੁਚਿੱਤੀ ਵਿਚ ਹਨ ਕਿ ਕੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨਜ਼ੂਰ ਰਾਜਿੰਦਰ ਬੇਰੀ ਦੀ ਟੀਮ ਨੂੰ ਭੰਗ ਕਰ ਦਿੱਤਾ ਗਿਆ ਹੈ ਜਾਂ ਉਹ ਪਹਿਲਾਂ ਵਾਂਗ ਬਹਾਲ ਹੈ। ਜੇਕਰ ਪਹਿਲੀ ਕਾਰਜਕਾਰਨੀ ਕੰਮ ਕਰ ਰਹੀ ਹੈ ਤਾਂ ਮੌਜੂਦਾ ਵਾਰਡ ਪ੍ਰਧਾਨ ਦੀ ਦੁਬਾਰਾ ਨਿਯੁਕਤੀ ਦਾ ਕੀ ਮਤਲਬ ਰਹਿ ਜਾਂਦਾ ਹੈ।

ਸਾਰੇ ਵਾਰਡਾਂ 'ਚ ਪ੍ਰਧਾਨ ਬਣਾ ਚੁੱਕੀ ਹੈ ਕਾਂਗਰਸ : ਰਾਜਿੰਦਰ ਬੇਰੀ
ਵਿਧਾਇਕ ਰਾਜਿੰਦਰ ਬੇਰੀ ਨੇ ਸਪੱਸ਼ਟ ਕੀਤਾ ਕਿ ਜ਼ਿਲਾ ਕਾਂਗਰਸ ਦੇ ਕੋਲ ਵਾਰਡ ਪ੍ਰਧਾਨਾਂ ਦੀ ਪੂਰੀ ਟੀਮ ਤਿਆਰ ਹੈ। ਅਮਰਨਾਥ ਯਾਤਰਾ ਤੋਂ ਪਰਤੇ ਬੇਰੀ ਨੇ ਦੱਸਿਆ ਕਿ ਉਨ੍ਹਾਂ ਨੇ ਨਾਰਥ, ਸੈਂਟਰਲ ਤੇ ਵੈਸਟ ਨਾਲ ਸੰਬੰਧਤ ਸਾਰੇ 60 ਵਾਰਡਾਂ ਦੇ ਪ੍ਰਧਾਨਾਂ ਦੀ ਟੀਮ  ਤਿਆਰ ਕੀਤੀ ਹੈ, ਜਿਨ੍ਹਾਂ ਦੀ ਸੂਚੀ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਨਾਲ ਵਰਕਰਾਂ ਦਾ ਮਨੋਬਲ ਬਹੁਤ ਉੱਚਾ ਹੈ ਤੇ ਵਰਕਰਾਂ ਦੀ ਬਦੌਲਤ ਹੀ ਪਾਰਟੀ ਨਗਰ ਨਿਗਮ ਚੋਣਾਂ ਵਿਚ ਅਕਾਲੀ ਦਲ-ਭਾਜਪਾ ਤੇ 'ਆਪ' ਦਾ ਸੂਪੜਾ ਸਾਫ ਕਰ ਦੇਵੇਗੀ।