ਨਿਊ ਦਿੱਲੀ-ਲੋਹੀਆਂ ਖਾਸ ਐਕਸਪ੍ਰੈੱਸ ਦਾ ਨਾਂ ''ਸਰਬੱਤ ਦਾ ਭਲਾ ਐਕਸਪ੍ਰੈੱਸ'' ਹੋਵੇ : ਹਰਸਿਮਰਤ

10/03/2019 1:14:34 AM

ਚੰਡੀਗੜ੍ਹ,(ਅਸ਼ਵਨੀ): ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਨੂੰ ਅਪੀਲ ਕੀਤੀ ਹੈ, ਕਿ 550ਵੇਂ ਪ੍ਰਕਾਸ਼ ਪੁਰਬ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਦੇਣ ਲਈ ਨਿਊ ਦਿੱਲੀ-ਲੋਹੀਆਂ ਖਾਸ ਇੰਟਰਸਿਟੀ ਐੱਸ. ਐੱਫ. ਐਕਸਪ੍ਰੈੱਸ ਦਾ ਨਾਂ ਬਦਲ ਕੇ 'ਸਰਬੱਤ ਦਾ ਭਲਾ ਐਕਸਪ੍ਰੈੱਸ' ਰੱਖਿਆ ਜਾਵੇ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਬੱਤ ਦਾ ਭਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਨਿਚੋੜ ਹੈ ਤੇ ਇਸ ਟ੍ਰੇਨ ਵਾਸਤੇ ਇਹ ਨਾਂ ਬਹੁਤ ਹੀ ਢੁੱਕਵਾਂ ਰਹੇਗਾ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਲੋਕਾਂ ਦੀ ਵੀ ਇਹੀ ਇੱਛਾ ਹੈ, ਜਿਨ੍ਹਾਂ ਨੂੰ ਇਸ ਐਕਸਪ੍ਰੈੱਸ ਟ੍ਰੇਨ ਰਾਹੀਂ ਦਿੱਲੀ ਨਾਲ ਜੋੜਿਆ ਗਿਆ ਹੈ। ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਸੁਝਾਅ ਦਿੱਤਾ ਸੀ ਕਿ ਇਸ ਟ੍ਰੇਨ ਦਾ ਨਾਂ 'ਸਿੱਖੀ ਜਨਮ ਸਥਾਨ ਐਕਸਪ੍ਰੈੱਸ' ਰੱਖਿਆ ਜਾਵੇ ਪਰ ਹੁਣ ਉਹ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਇਹ ਨਵਾਂ ਪ੍ਰਸਤਾਵ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਵਲੋਂ ਇਹ ਐਲਾਨ ਜਲਦੀ ਕਰ ਦਿੱਤਾ ਜਾਂਦਾ ਹੈ ਤਾਂ ਸਿੱਖ ਸੰਗਤ ਲਈ ਇਹ ਬਹੁਤ ਹੀ ਮਾਣ ਅਤੇ ਸਨਮਾਨ ਵਾਲੀ ਗੱਲ ਹੋਵੇਗੀ।