ਪੀ. ਆਰ. ਟੀ. ਸੀ. ਨੇ ਨਵੀਆਂ ਬੱਸਾਂ ਦੀ ਪਹਿਲੀ ਖੇਪ ਕੀਤੀ ਰਵਾਨਾ

08/19/2017 7:10:29 AM

ਪਟਿਆਲਾ  (ਰਾਜੇਸ਼, ਜੋਸਨ) - ਬਾਦਲ ਸਰਕਾਰ ਦੇ ਖਾਤਮੇ ਤੋਂ ਬਾਅਦ ਸੂਬੇ ਵਿਚ ਸਰਕਾਰੀ ਟਰਾਂਸਪੋਰਟੇਸ਼ਨ ਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਕਦਮ ਵਧਾਉੁਂਦੇ ਹੋਏ ਪੀ. ਆਰ. ਟੀ. ਸੀ. ਨੇ ਨਵੀਆਂ ਬੱਸਾਂ ਦੀ ਪਹਿਲੀ ਖੇਪ ਸੜਕਾਂ 'ਤੇ ਭੇਜ ਦਿੱਤੀ ਹੈ। ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ 8 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿੱਤੀ। ਇਸ ਸਬੰਧੀ ਚੇਅਰਮੈਨ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਵੱਲੋਂ 'ਆਪਣੀ, ਗੱਡੀ ਆਪਣਾ ਰੁਜ਼ਗਾਰ' ਸਕੀਮ ਤਹਿਤ 150 ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ, ਜਿਸ ਤਹਿਤ ਟੈਂਡਰ ਜਾਰੀ ਹੋਣ ਤੋਂ ਬਾਅਦ ਬੜੇ ਘੱਟ ਸਮੇਂ ਵਿਚ 8 ਨਵੀਆਂ ਬੱਸਾਂ ਤਿਆਰ ਹੋ ਕੇ ਹੈੱਡ ਆਫਿਸ ਪਹੁੰਚੀਆਂ, ਜਿਨ੍ਹਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਉੁਨ੍ਹਾਂ ਕਿਹਾ ਕਿ ਜਲਦੀ ਹੀ ਸਮੁੱਚੀਆਂ ਨਵੀਆਂ ਬੱਸਾਂ ਪੀ. ਆਰ. ਟੀ. ਸੀ. ਦੀ ਫਲੀਟ ਵਿਚ ਸ਼ਾਮਲ ਕਰ ਲਈਆਂ ਜਾਣਗੀਆਂ। ਜਿਨ੍ਹਾਂ ਬੱਸਾਂ ਦੀ ਮਿਆਦ ਖਤਮ ਹੋ ਚੁੱਕੀ ਹੈ, ਉੁਨ੍ਹਾਂ ਨੂੰ ਰੂਟਾਂ ਤੋਂ ਹਟਾ ਲਿਆ ਜਾਵੇਗਾ। ਉੁਨ੍ਹਾਂ ਦੀ ਜਗ੍ਹਾ ਨਵੀਆਂ ਬੱਸਾਂ ਪਾਈਆਂ ਜਾਣਗੀਆਂ।
ਚੇਅਰਮੈਨ ਨੇ ਕਿਹਾ ਕਿ ਪੀ. ਆਰ. ਟੀ. ਸੀ. ਦਾ ਮੁੱਖ ਮਕਸਦ ਹਰ ਪਿੰਡ, ਕਸਬੇ ਤੱਕ ਸਰਕਾਰੀ ਬੱਸ ਸੇਵਾ ਮੁਹੱਈਆ ਕਰਵਾਉਣਾ ਹੈ, ਜਿਸ ਤਹਿਤ ਹੀ ਪੇਂਡੂ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ। ਉੁਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੀ. ਆਰ. ਟੀ. ਸੀ. ਦੀ ਆਮਦਨੀ ਵਿਚ ਕਾਫੀ ਵਾਧਾ ਹੋਇਆ ਹੈ। ਇਸ ਦਾ ਲਾਭ ਪੰਜਾਬ ਦੇ ਲੋਕਾਂ ਨੂੰ ਮਿਲੇਗਾ। ਇਸ ਮੌਕੇ ਪੀ. ਆਰ. ਟੀ. ਸੀ. ਦੇ ਐੱਮ. ਡੀ. ਆਈ. ਏ. ਐੱਸ. ਮਨਜੀਤ ਸਿੰਘ ਨਾਰੰਗ, ਚੀਫ ਅਕਾਊਂਟਸ ਅਫਸਰ ਰਾਧੇ ਸ਼ਾਮ ਹਸੀਜਾ, ਜੀ. ਐੱਮ. ਖਰੀਦ, ਆਪ੍ਰੇਸ਼ਨ ਅਤੇ ਇਨਫੋਰਸਮੈਂਟ ਆਰ. ਐੱਸ. ਔਲਖ, ਡਿਪਟੀ ਕੰਟਰੋਲਰ ਵਿੱਤ ਤੇ ਲੇਖਾ ਪ੍ਰੇਮ ਲਾਲ, ਚੇਅਰਮੈਨ ਦੇ ਪੀ. ਏ. ਅਮਿਤ ਸ਼ਰਮਾ, ਐੱਮ. ਡੀ. ਦੇ ਪੀ. ਏ. ਹਰਿੰਦਰ ਨਾਭਾ ਤੋਂ ਇਲਾਵਾ ਯੂਨੀਅਨ ਦੇ ਨੁਮਾਇੰਦੇ ਵੀ ਹਾਜ਼ਰ ਸਨ।