ਅੰਦਰੂਨੀ ਕਲਾਕ੍ਰਿਤੀ ਨੂੰ ਉਜਾਗਰ ਕਰਦਾ ਹੈ ਐੱਨ.ਵਾਈ.ਕੇ:  ਗਿੱਲ

10/17/2017 6:41:04 PM

ਝਬਾਲ/ ਬੀੜ ਸਾਹਿਬ(ਲਾਲੂਘੁੰਮਣ, ਬਖਤਾਵਰ, ਭਾਟੀਆ)— ਸਮਾਜ ਪੱਖੀ ਆਪਣਾ ਚੰਗਾ ਕਿਰਦਾਰ ਨਿਭਾਉਣ ਵਾਲੇ ਨੌਜਵਾਨਾਂ ਦੀ ਅੰਦਰੂਨੀ ਭਾਵਨਾ, ਕਲਾਕ੍ਰਿਤੀ ਅਤੇ ਰੁਚੀ ਨੂੰ ਉਜਾਗਰ ਕਰਨ ਲਈ ਅਹਿਮ ਰੋਲ ਅਦਾ ਕਰ ਰਿਹਾ ਹੈ ਭਾਰਤ ਸਰਕਾਰ ਦਾ ਅਦਾਰਾ ਨਹਿਰੂ ਯੂਵਾ ਕੇਂਦਰ ਤਰਨਤਾਰਨ। ਇਹ ਜਾਣਕਾਰੀ ਕੇਂਦਰ ਦੇ ਜ਼ਿਲਾ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਨੇ ਕੁਦਰਤ ਥੀਏਟਰ ਗਰੁੱਪ ਦੇ ਦੋ ਕਲਾਕਾਰਾਂ ਰਾਜਬੀਰ ਸਿੰਘ ਚੀਮਾ ਅਤੇ ਕਜ਼ਨਪ੍ਰੀਤ ਸਿੰਘ ਢਿੱਲੋਂ ਨੂੰ ਉਨ੍ਹਾਂ ਦੀ ਉਪਲੱਬਧੀ ਉਪਰੰਤ ਤਰਨਤਾਰਨ ਪੁੱਜਣ 'ਤੇ ਸਵਾਗਤ ਕਰਦਿਆਂ ਦਿੱਤੀ। ਗਿੱਲ ਨੇ ਦੱਸਿਆ ਕਿ ਸਮਾਜ 'ਚ ਪਨਪ ਰਹੀਆਂ ਬੁਰਾਈਆਂ ਵਿਰੋਧ ਲੋਕਾਂ ਨੂੰ ਲਾਮਬੱਧ ਕਰਨ ਵਾਸਤੇ ਨਹਿਰੂ ਯੂਵਾ ਕੇਂਦਰ ਤਰਨਤਾਰਨ ਵੱਲੋਂ ਲੋਕ ਮੰਚਾਂ ਰਾਂਹੀ ਜਾਗਰੂਕ ਕਰਨ ਦਾ ਜੋ ਬੀੜਾ ਚੁੱਕਿਆ ਗਿਆ ਹੈ, ਉਸ ਤਹਿਤ ਹੁਣ ਤੱਕ ਕਈ ਅਜਿਹੇ ਮਿਸ਼ਨ ਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦੀ ਅਗਵਾਈ 'ਚ ਲੋਕ ਲਹਿਰ ਬਣਾਉਣ ਲਈ ਨਹਿਰੂ ਯੂਵਾ ਕੇਂਦਰ ਵੱਲੋਂ ਵੱਡਾ ਯੋਗਦਾਨ ਪਾਇਆ ਹੈ। 
ਗਿੱਲ ਨੇ ਦੱਸਿਆ ਕਿ ਰਾਜਬੀਰ ਸਿੰਘ ਚੀਮਾ ਅਤੇ ਕਜ਼ਨਪ੍ਰੀਤ ਸਿੰਘ ਢਿੱਲੋਂ ਵੱਲੋਂ ਪਿਛਲੇ ਦਿਨੀਂ ਸਵੱਛ ਭਾਰਤ ਮੁਹਿੰਮ 'ਤੇ ਬਣਾਈ ਗਈ ਛੋਟੀ ਫਿਲਮ ਨੇ ਕੌਮੀ ਪੱਧਰ 'ਤੇ ਮੁਕਾਬਲੇਬਾਜੀ 'ਚ ਸੂਬਾ ਪੱਧਰੀ ਪਹਿਲਾ ਅਤੇ ਕੌਮੀ ਪੱਧਰ 'ਤੇ ਦੂਜਾ ਸਥਾਨ ਹਾਸ਼ਲ ਕੀਤਾ ਸੀ, ਜਿਸ ਬਦਲੇ ਇਨ੍ਹਾਂ ਨੌਜਵਾਨ ਕਲਾਕਾਰਾਂ ਨੂੰ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ। ਇਸ ਮੌਕੇ ਮਨੋਹਰ ਸਿੰਘ ਤੋਂ ਇਲਾਵਾ ਹਰਮਨ ਸਿੰਘ, ਗੁਰਪ੍ਰੀਤ ਸਿੰਘ, ਜਗਰੂਪ ਕੌਰ, ਸਿਮਰਨਜੀਤ ਸਿੰਘ, ਲੱਕੀ ਰਤਨ ਅਤੇ ਜਗਦੀਸ਼ ਸਿੰਘ ਆਦਿ ਹਾਜ਼ਰ ਸਨ।