ਨਗਰ ਪੰਚਾਇਤ ਦੀ ਲਾਪ੍ਰਵਾਹੀ ਫਿਰ ਆਈ ਸਾਹਮਣੇ

12/25/2017 11:26:26 AM


ਮੁੱਦਕੀ (ਜ. ਬ.) - ਨਗਰ ਪੰਚਾਇਤ ਮੁੱਦਕੀ ਦੀ ਘਟੀਆ ਕਾਰਜਪ੍ਰਣਾਲੀ ਦਾ ਖੁੱਲ੍ਹਾ ਪ੍ਰਦਰਸ਼ਨ ਕੱਲ ਸ਼ਾਮ ਫਿਰ ਦੇਖਣ ਨੂੰ ਮਿਲਿਆ, ਜਦੋਂ ਤੀਰਥ ਯਾਤਰਾ ਤੋਂ ਵਾਪਸ ਆ ਰਹੀ ਇਕ ਬੱਸ ਦਾ ਪਹੀਆ ਸਥਾਨਕ ਓਰੀਐਂਟਲ ਬੈਂਕ ਦੇ ਬਾਹਰ ਬਣੇ ਗੰਦੇ ਨਾਲੇ ਦੇ ਮੈਨਹੋਲ ਵਿਚ ਜਾ ਡਿੱਗਾ। ਘਟਨਾ ਦੌਰਾਨ ਬੱਸ 'ਚ ਸਵਾਰ ਸ਼ਰਧਾਲੂ ਵਾਲ-ਵਾਲ ਬਚ ਗਏ।
ਯਾਦ ਰਹੇ ਕਿ ਉਕਤ ਮੈਨਹੋਲ ਵਿਚ ਅਨੇਕਾਂ ਵਾਰ ਵਾਹਨ, ਪਸ਼ੂ, ਬੱਚੇ ਤੇ ਬਜ਼ੁਰਗ ਡਿੱਗ ਚੁੱਕੇ ਹਨ ਪਰ ਨਗਰ ਪੰਚਾਇਤ ਇਸ ਕਦਰ ਲਾਪ੍ਰਵਾਹ ਹੈ ਕਿ ਉਕਤ ਮੈਨਹੋਲ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਜਾ ਰਿਹਾ। ਹਰ ਵਾਰ ਢੱਕਣ ਆਦਿ ਬਣਾ ਕੇ ਮੈਨਹੋਲ ਉਪਰ ਰੱਖ ਦਿੱਤਾ ਜਾਂਦਾ ਹੈ, ਜੋ ਤੀਜੇ ਦਿਨ ਵਾਹਨਾਂ ਦੇ ਵਜ਼ਨ ਨਾਲ ਖਿੱਲਰ ਜਾਂਦਾ ਹੈ। ਇਸ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਢੱਕਣ ਆਦਿ ਬਣਾਉਣ ਵਿਚ ਕਿਸ ਕਦਰ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾਂਦੀ ਹੈ।ਬੀਤੇ ਦਿਨ ਵੀ ਜਦੋਂ ਉਕਤ ਬੱਸ ਦਾ ਪਹੀਆ ਮੈਨਹੋਲ ਵਿਚ ਜਾ ਡਿੱਗਾ ਤਾਂ ਇਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ, ਜੋ ਨਗਰ ਪੰਚਾਇਤ ਦੀ ਕਾਰਜਪ੍ਰਣਾਲੀ ਨੂੰ ਕੋਸਦੀ ਦੇਖੀ ਗਈ। ਭਾਵੇਂ ਜੁਗਾੜ ਆਦਿ ਲਾ ਕੇ ਬੱਸ ਨੂੰ ਤਾਂ ਇਥੋਂ ਕੱਢ ਲਿਆ ਗਿਆ ਪਰ ਬੱਸ ਦੇ ਨਿਕਲਣ ਤੋਂ ਬਾਅਦ ਮੈਨਹੋਲ ਦੀ ਜੋ ਹਾਲਤ ਬਣੀ ਹੈ, ਇਸਦਾ ਖਮਿਆਜ਼ਾ ਲੋਕ ਕਦੋਂ ਤੱਕ ਭੁਗਤਣਗੇ।