ਨੀਟੂ ਸ਼ਟਰਾਂ ਵਾਲਾ ਇਕ ਵਾਰ ਫਿਰ ਚੋਣ ਮੈਦਾਨ ’ਚ, ਫਗਵਾੜਾ ਸੀਟ ਲਈ ਭਰੀ ਨਾਮਜ਼ਦਗੀ

10/01/2019 9:23:11 AM

ਚੰਡੀਗੜ੍ਹ (ਸ਼ਰਮਾ) : ਪੰਜਾਬ ਵਿਚ 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ ਫਗਵਾੜਾ, ਦਾਖਾ, ਮੁਕੇਰੀਆਂ, ਜਲਾਲਾਬਾਦ ਵਿਚ ਉਪ ਚੋਣਾਂ ਹੋਣ ਜਾ ਰਹੀਆਂ ਹਨ। ਉਥੇ ਹੀ ਨੀਟੂ ਸ਼ਟਰਾਂ ਵਾਲੇ ਨੇ ਹੁਣ ਫਗਵਾੜਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਹ ਜਲੰਧਰ ਲੋਕ ਸਭਾ ਖੇਤਰ ਤੋਂ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਮੈਦਾਨ ਵਿਚ ਉਤਰਿਆ ਸੀ ਅਤੇ ਉਕਤ ਚੋਣਾਂ 'ਚ ਆਪਣੇ ਹੀ ਪਰਿਵਾਰ ਦੇ ਸਾਰੇ ਮੈਂਬਰਾਂ ਦੀਆਂ ਵੋਟਾਂ ਪ੍ਰਾਪਤ ਨਾ ਕਰਨ 'ਤੇ ਵੋਟ ਕੇਂਦਰ 'ਤੇ ਰੋਣ ਕਾਰਨ ਮੀਡੀਆ ਦੀਆਂ ਸੁਰਖੀਆਂ ਬਣਿਆ ਸੀ।

ਨੀਟੂ ਨੇ ਚੋਣ ਅਧਿਕਾਰੀ ਨੂੰ ਸੌਂਪੇ ਆਪਣੇ ਤੇ ਪਰਿਵਾਰ ਦੀ ਸੰਪਤੀ ਦੇ ਬਿਓਰੇ ‘ਚ ਬੇਸ਼ੱਕ ਅਸੈੱਸਮੈਂਟ ਸਾਲ 2019-20 ਲਈ ਆਪਣੀ ਸਾਲਾਨਾ ਆਮਦਨ ਰਿਟਰਨ 3,25,583 ਰੁਪਏ ਤੇ ਆਪਣੀ ਪਤਨੀ ਨੀਲਮ ਦੀ 2,98,498 ਰੁਪਏ ਦੇ ਰੂਪ ‘ਚ ਦਰਸਾਈ ਹੈ ਪਰ ਚੋਣਾਂ ਲੜਨ ਲਈ ਪਰਿਵਾਰ ਕੋਲ ਸਿਰਫ 30 ਹਜ਼ਾਰ ਦੀ ਨਕਦੀ ਹੈ। ਬੈਂਕ ਖਾਤੇ ‘ਚ ਬੈਲੈਂਸ ਸਿਫ਼ਰ ਹੈ ਜਦੋਂਕਿ ਚਲ ਤੇ ਅਚੱਲ ਸੰਪਤੀ ਦੇ ਨਾਂ ‘ਤੇ ਟੀ.ਵੀ.ਐੱਸ. ਮੋਟਰਸਾਈਕਲ ਹੈ ਪਰ ਉਸ ‘ਤੇ ਵੀ ਹਾਲੇ 70 ਹਜ਼ਾਰ ਦਾ ਬੈਂਕ ਕਰਜ਼ਾ ਬਕਾਇਆ ਹੈ। ਇਸ ਤੋਂ ਇਲਾਵਾ ਕਾਰਪੋਰੇਸ਼ਨ ਬੈਂਕ ਦਾ 50 ਹਜ਼ਾਰ ਦਾ ਕਰਜ਼ਾ ਉਤਾਰਨ ਲਈ ਬਕਾਇਆ ਹੈ।

ਹਾਲਾਂਕਿ ਲੋਕ ਸਭਾ ਚੋਣਾਂ ‘ਚ ਪਰਿਵਾਰ ਦੇ ਪੂਰੇ ਵੋਟ ਵੀ ਹਾਸਲ ਨਾ ਹੋਣ ਤੋਂ ਨੀਟੂ ਸ਼ਟਰਾਂ ਵਾਲਾ ਇਸ ਕਦਰ ਨਿਰਾਸ਼ ਹੋ ਗਿਆ ਸੀ, ਉਸ ਨੇ ਭਵਿੱਖ ‘ਚ ਕਦੇ ਵੀ ਚੋਣ ਨਾ ਲੜਨ ਦੀ ਸਹੁੰ ਖਾਧੀ ਸੀ ਪਰ ਮੀਡੀਆ ਵਿਸ਼ੇਸ਼ ਕਰ ਕੇ ਸੋਸ਼ਲ ਮੀਡੀਆ ‘ਤੇ ਉਸ ਦਾ ਰੋਣ ਵਾਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਨੀਟੂ ਨੇ ਇਸ ਨੂੰ ਲੋਕਾਂ ਦਾ ਪਿਆਰ ਕਰਾਰ ਦੇ ਕੇ ਆਪਣਾ ਮਨ ਬਦਲ ਲਿਆ।

cherry

This news is Content Editor cherry