'ਅਲਵਿਦਾ ਅਤੇ ਅਸਤੀਫਿਆਂ ਦੀ ਝੜੀ' ਨੇ ਲੱਗਭਗ ਖਿਲਾਰਿਆ ਝਾੜੂ

04/25/2019 7:39:40 PM

ਜਲੰਧਰ (ਜਸਬੀਰ ਵਾਟਾਂ ਵਾਲੀ) ਆਮ ਆਦਮੀ ਪਾਰਟੀ ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਅਲਵਿਦਾ ਅਤੇ ਅਸਤੀਫਿਆਂ ਦੀ ਝੜੀ ਲੱਗੀ ਹੋਈ ਹੈ। ਇਹ ਝੜੀ ਅੱਜ ਉਸ ਸਮੇਂ ਹੋਰ ਵੀ ਗਹਿਰੀ ਹੋ ਗਈ, ਜਦੋਂ ਆਮ ਆਦਮੀ ਦੇ ਵਿਰੋਧੀ ਧਿਰ ਦੇ ਅਹੁਦੇ 'ਤੇ ਰਹੇ ਸੁਖਪਾਲ ਸਿੰਘ ਖਹਿਰਾ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ। ਇਸ ਦੇ ਨਾਲ ਹੀ ਅੱਜ ਜਦੋਂ ਨਾਜਰ ਸਿੰਘ ਮਾਨਸ਼ਾਹੀਆ ਨੇ 'ਆਪ' ਨੂੰ ਛੱਡ ਕਾਂਗਰਸ ਦਾ ਪੱਲਾ ਫੜਿਆ ਤਾਂ ਪਾਰਟੀ ਨੂੰ ਅਲਵਿਦਾ ਕਹਿਣ ਵਾਲਿਆ 'ਚ ਇਕ ਨਾਂ ਹੋਰ ਸ਼ਾਮਲ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅੱਜ ਲੋਕ ਸਭਾ ਸਪੀਕਰ ਨੂੰ ਆਪਣਾ ਅਸਤੀਫਾ ਵੀ ਭੇਜ ਦਿੱਤਾ।

ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਤੋਂ ਪਹਿਲਾਂ ਵੀ ਦੋ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਅਤੇ ਮਾਸਟਰ ਬਲਦੇਵ ਸਿੰਘ ਅਸਤੀਫਾ ਦੇ ਚੁੱਕੇ ਹਨ। ਭਾਵੇਂ ਕਿ ਇਨ੍ਹਾਂ ਦੇ ਅਸਤੀਫੇ ਸਪੀਕਰ ਨੇ ਅਜੇ ਤੱਕ ਮੰਨਜੂਰ ਨਹੀਂ ਕੀਤੇ ਪਰ ਕਿਸੇ ਵੇਲੇ ਇਨ੍ਹਾਂ ਅਸਤੀਫਿਆਂ ਸਬੰਧੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਅਸਤੀਫਾ ਦੇਣ ਵਾਲੇ ਵਿਧਾਇਕ ਦੀ ਗਿਣਤੀ ਚਾਰ ਹੋ ਜਾਵੇਗੀ। ਇਹ ਗਿਣਤੀ 'ਆਪ' ਦੇ ਕੁੱਲ ਵਿਧਾਇਕਾਂ ਦਾ ਪੰਜਵਾਂ ਹਿੱਸਾ ਹੈ। ਜੇਕਰ ਇਨ੍ਹਾਂ ਸਾਰੇ ਵਿਧਾਇਕਾ ਦੇ ਅਸਤੀਫੇ ਮੰਨਜੂਰ ਹੋ ਜਾਂਦੇ ਹਨ ਤਾਂ ਆਮ ਆਦਮੀ ਪਾਰਟੀ ਦੇ ਹੱਥੋਂ ਉਸਦਾ ਵਿਰੋਧੀ ਧਿਰ ਦਾ ਤਾਜ ਵੀ ਖੁੱਸ ਜਾਵੇਗਾ।

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਮੈਂਬਰ ਪਾਰਲੀਮੈਂਟ ਦੀ ਗੱਲ ਕਰੀਏ ਚਾਰ ਵਿਚੋਂ ਦੋ ਐੱਮ. ਪੀ. ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਨੇ ਕਾਫੀ ਸਮਾਂ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ। ਇਨ੍ਹਾਂ ਵਿਚੋਂ ਡਾ. ਧਰਮਵੀਰ ਗਾਂਧੀ ਨੇ 'ਨਵਾ ਪੰਜਾਬ' ਪਾਰਟੀ ਬਣਾ ਕੇ ਚੋਣ ਲੜ ਰਹੇ ਹਨ ਅਤੇ ਖਾਲਸਾ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ ਸੀ। ਇਸੇ ਤਰ੍ਹਾਂ ਜੱਸੀ ਜਸਰਾਜ, ਗੁਰਪ੍ਰੀਤ ਸਿੰਘ ਘੁੱਗੀ, ਸੁੱਚਾ ਸਿੰਘ ਛੋਟੇਪੁਰ ਆਦਿ ਕਈ ਚਿਹਰੇ ਹਨ, ਜੋ ਪਾਰਟੀ ਨੂੰ ਜਾਂ ਤਾਂ ਅਲਵਿਦਾ ਆਖ ਚੁੱਕੇ ਹਨ ਜਾਂ ਵਿਰੋਧੀ ਪਾਰਟੀਆਂ ਵਿਚ ਸ਼ਾਮਲ ਹੋ ਚੁੱਕੇ ਹਨ। ਇਸ ਦੇ ਨਾਲ-ਨਾਲ 'ਆਮ ਪਾਰਟੀ ਦੇ ਅਨੇਕਾਂ ਹੀ ਬਾਨੀ ਮੈਂਬਰ ਅਤੇ ਹੋਰ ਵਲੰਟੀਅਰ ਵੀ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ। ਮੌਜੂਦਾ ਹਾਲਾਤਾਂ ਅਤੇ ਤੱਥਾਂ ਨੂੰ ਦੇਖ ਕੇ ਇਉਂ ਪ੍ਰਤੀਤ ਹੋ ਰਿਹੈ ਹੈ ਕਿ 'ਅਲਵਿਦਾ ਅਤੇ ਅਸਤੀਫਿਆਂ ਦੀ ਝੜੀ' ਨਾਲ ਆਮ ਆਦਮੀ ਪਾਰਟੀ ਦਾ ਝਾੜੂ ਲੱਗਭਗ ਖਿੱਲਰ ਚੁੱਕਾ ਹੈ।

 

jasbir singh

This news is News Editor jasbir singh