ਨਵਰਾਤਰੇ 2020 : ਕੰਨਿਆ ਪੂਜਨ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਹੋਵੇਗੀ ਮਾਂ ਦੀ ਕਿਰਪਾ

10/23/2020 8:46:44 AM

ਨਵੀਂ ਦਿੱਲੀ : ਸ਼ਕਤੀ ਦੀ ਅਰਾਧਨਾ ਦਾ ਤਿਉਹਾਰ ਨਵਰਾਤਰੇ ਜਾਰੀ ਹਨ। ਭਗਤਾਂ ਨੂੰ ਹੁਣ ਮਹਾਅਸ਼ਟਮੀ ਅਤੇ ਮਹਾਨੌਮੀ ਦਾ ਇੰਤਜ਼ਾਰ ਹੈ। ਇਸ ਦਿਨ ਘਰ-ਘਰ ਵਿਸ਼ੇਸ਼ ਪੂਜਾ ਹੁੰਦੀ ਹੈ ਅਤੇ ਕੰਨਿਆ ਨੂੰ ਭੋਜਨ ਕਰਵਾਇਆ ਜਾਂਦਾ ਹੈ। ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਦੇਸ਼ ਦੇ ਵੱਡੇ ਹਿੱਸੇ 'ਚ ਕੰਨਿਆ ਪੂਜਨ ਦਾ ਵਿਸ਼ੇਸ਼ ਮਹੱਤਵ ਹੈ। 

ਪੰਚਾਂਗ ਅਨੁਸਾਰ, ਇਸ ਵਾਰ ਅਸ਼ਟਮੀ ਤਰੀਕ ਦੀ ਸ਼ੁਰੂਆਤ 23 ਅਕਤੂਬਰ ਨੂੰ ਸਵੇਰੇ 6:57 'ਤੇ ਹੋਵੇਗੀ, ਜੋ ਅਗਲੇ ਦਿਨ 24 ਅਕਤੂਬਰ ਨੂੰ ਸਵੇਰੇ 6:58 ਤਕ ਰਹੇਗੀ। ਇਸ ਦਿਨ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਉਥੇ ਹੀ ਮਹਾਨੌਮੀ ਤਰੀਕ ਦੀ ਸ਼ੁਰੂਆਤ 24 ਅਕਤੂਬਰ ਨੂੰ ਸਵੇਰੇ 6:58 'ਤੇ ਹੋਵੇਗੀ, ਜੋ ਅਗਲੇ ਦਿਨ 25 ਅਕਤੂਬਰ ਨੂੰ ਸਵੇਰੇ 7:41 ਤਕ ਰਹੇਗੀ। ਇਸ ਦਿਨ ਮਾਂ ਸਿੱਧਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ।

ਕੰਨਿਆ ਪੂਜਨ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :-
ਮਹਾਅਸ਼ਟਮੀ ਅਤੇ ਮਹਾਨੌਮੀ ਦੇ ਦਿਨ ਦੇਵੀ ਦੀ ਪੂਜਾ ਦੇ ਨਾਲ ਹੀ ਕੰਨਿਆ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ ਅਤੇ ਉਪਹਾਰ ਦਿੱਤੇ ਜਾਂਦੇ ਹਨ। ਆਮ ਤੌਰ 'ਤੇ ਨੌ ਕੰਨਿਆ ਨੂੰ ਭੋਜਨ ਕਰਵਾਇਆ ਜਾਂਦਾ ਹੈ। ਕੰਨਿਆ ਨੂੰ ਤੋਹਫ਼ੇ 'ਚ ਕੁਮਕੁਮ, ਬਿੰਦੀ ਅਤੇ ਚੂੜ੍ਹੀਆਂ ਦਿੱਤੀਆਂ ਜਾਂਦੀਆਂ ਹਨ।

ਇਕ ਸਵਾਲ ਇਹ ਉੱਠਦਾ ਹੈ ਕਿ ਕੰਨਿਆ ਕਿਸ ਨੂੰ ਮੰਨਿਆ ਜਾਂਦਾ ਹੈ। ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ 2 ਸਾਲ ਦੀ ਕੰਨਿਆ 'ਕੁਮਾਰੀ', ਤਿੰਨ ਸਾਲ ਦੀ 'ਤ੍ਰਿਮੂਰਤੀ', ਚਾਰ ਸਾਲ ਦੀ 'ਕਲਿਆਣੀ', ਪੰਜ ਸਾਲ ਦੀ 'ਰੋਹਿਣੀ', ਛੇ ਸਾਲ ਦੀ 'ਬਾਲਿਕਾ', ਸੱਤ ਸਾਲ ਦੀ 'ਚੰਡੀਕਾ', ਅੱਠ ਸਾਲ ਦੀ 'ਸ਼ਾਂਭਰੀ', ਨੌ ਸਾਲ ਦੀ 'ਦੁਰਗਾ' ਅਤੇ ਦਸ ਸਾਲ ਦੀ ਕੰਨਿਆ 'ਸੁਭਰਦਾ' ਕਹਾਉਂਦੀ ਹੈ। 11 ਸਾਲ ਤੋਂ ਉੱਪਰ ਦੀ ਅਵਸਥਾ ਦੀਆਂ ਕੰਨਿਆ ਦਾ ਪੂਜਨ ਨਹੀਂ ਕੀਤਾ ਜਾਂਦਾ। ਕਿਹਾ ਜਾਂਦਾ ਹੈ ਕਿ ਹੋਮ, ਜਪ ਅਤੇ ਦਾਨ ਨਾਲ ਦੇਵੀ ਇੰਨਾ ਖੁਸ਼ ਨਹੀਂ ਹੁੰਦੀ, ਜਿੰਨਾ ਕਿ ਕੰਨਿਆ ਪੂਜਨ ਤੋਂ ਹੁੰਦੀ ਹੈ। ਦੁੱਖ, ਦਰਿਦਰਤਾ ਅਤੇ ਦੁਸ਼ਮਣਾਂ ਦੇ ਨਾਸ਼ ਲਈ ਕੰਨਿਆ ਪੂਜਨ ਸਭ ਤੋਂ ਉੱਚ ਮੰਨਿਆ ਗਿਆ ਹੈ। ਇਹ ਜ਼ਰੂਰੀ ਨਹੀਂ ਹੈ ਕਿ ਨੌ ਕੰਨਿਆਵਾਂ ਦਾ ਹੀ ਪੂਜਨ ਕੀਤਾ ਜਾਵੇ, ਇਕ ਕੰਨਿਆ ਦਾ ਪੂਜਨ ਵੀ ਓਨਾ ਹੀ ਫਲਦਾਇਕ ਹੁੰਦਾ ਹੈ, ਜਿੰਨਾ ਨੌਂ ਕੰਨਿਆ ਦਾ।

ਦੱਸਣਯੋਗ ਹੈ ਕਿ ਪੰਜਾਬ, ਰਾਜਸਥਾਨ, ਜੰਮੂ-ਕਸ਼ਮੀਰ, ਉੱਤਰ ਪੱਛਮੀ ਹਿਮਾਚਲ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਆਦਿ ਪ੍ਰਦੇਸ਼ਾਂ 'ਚ ਦੁਰਗਾ ਅਸ਼ਟਮੀ 23 ਅਕਤੂਬਰ 2020 ਨੂੰ ਮਨਾਈ ਜਾਵੇਗੀ। ਜਦੋਂਕਿ ਭਾਰਤ (ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਪੂਰਵੀ ਰਾਜਸਥਾਨ, ਮਧ-ਪੂਰਵੀ ਮਹਾਰਾਸ਼ਟਰ ਅਤੇ ਪੂਰਵੀ ਭਾਰਤ) 'ਚ ਇਹ 24 ਅਕਤੂਬਰ 2020 ਨੂੰ ਮਨਾਈ ਜਾ ਰਹੀ ਹੈ। ਪੰਡਿਤ ਰਾਜ ਕਿਸ਼ੋਰ ਨੇ ਕਿਹਾ ਕਿ ਨਵਰਾਤਰਿਆਂ ਤੋਂ ਬਾਅਦ ਮਾਂ ਦੀ ਮੂਰਤੀ ਵਿਸਰਜਨ ਦਾ ਸਮਾਂ ਸੋਮਵਾਰ 26 ਅਕਤੂਬਰ ਸਵੇਰੇ 6:29 ਤੋਂ ਲੈ ਕੇ 8:43 ਤੱਕ ਹੋਵੇਗਾ।

sunita

This news is Content Editor sunita