Navratri 2022: ਅੱਜ ਤੋਂ ਸ਼ੁਰੂ ਨਰਾਤੇ, ਜਾਣੋਂ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ

09/25/2022 4:45:07 PM

ਜਲੰਧਰ (ਬਿਊਰੋ) - ਉਂਝ ਤਾਂ ਨੌ ਦਿਨ ਹੀ ਬੇਹੱਦ ਸ਼ੁੱਭ ਮੰਨੇ ਜਾਂਦੇ ਹਨ ਪਰ ਫ਼ਿਰ ਵੀ ਨਰਾਤਿਆਂ ਦੀ ਸਥਾਪਨਾ ਤੇ ਪੂਜਾ ਨੂੰ ਸ਼ੁੱਭ ਮੂਹਰਤ ਵਿਚ ਕਰਨਾ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ। ਅਜਿਹੇ 'ਚ ਪ੍ਰਸਿੱਧ ਜੋਤਸ਼ੀ ਡਾਕਟਰ ਗੌਰਵ ਗੀਤੇ ਨੇ ਪੂਜਾ ਦਾ ਸ਼ੁੱਭ ਸਮਾਂ ਦੱਸਿਆ ਹੈ। ਜੋਤਿਸ਼ ਨੇ ਆਪਮੇ ਸੋਸ਼ਲ ਮੀਡੀਆ ਅਕਾਊਂਟ ਤੋਂ ਕੂ ਐਪ ਰਾਹੀਂ ਦੱਸਿਆ ਹੈ ਕਿ ਨਰਾਤਿਆਂ ਦਾ ਸ਼ੁੱਭ ਮਹੂਰਤ 3:15 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਪਹਿਲੀ ਪੂਜਾ ਦਾ ਸ਼ੁੱਭ ਮਹੂਰਤ ਸਵੇਰੇ 6:11 ਤੋਂ ਸਵੇਰੇ 8 ਵਜੇ ਤੱਕ ਹੋਵੇਗਾ।
ਇਸ ਸ਼ੁੱਭ ਮੌਕੇ 'ਤੇ ਗਾਂ ਦੇ ਘਿਓ ਦਾ ਦੀਵਾ ਜਗਾ ਕੇ ਦੁਰਗਾ ਚਾਲੀਸਾ ਦਾ ਪਾਠ ਕਰੋ ਅਤੇ ਗਾਂ ਦੇ ਗੋਹੇ 'ਤੇ ਗੁੱਗਲ ਦੀ ਧੂਪ ਲਗਾ ਕੇ ਮਾਤਾ ਦਾ ਸਵਾਗਤ ਕਰੋ ਅਤੇ ਵਰਤ ਰੱਖੋ। ਜੇਕਰ ਸੰਭਵ ਹੋ ਸਕੇ ਤਾਂ 9 ਦਿਨਾਂ ਲਈ ਪਿਆਜ਼ ਅਤੇ ਲਸਣ ਤੋਂ ਦੂਰੀ ਬਣਾ ਲਓ। ਇਸ ਦਿਨ ਮੰਦਰ ਵਿਚ ਜਾ ਕੇ ਮਾਂ ਦੁਰਗਾ ਨੂੰ ਉਨ੍ਹਾਂ ਦੀ ਮਨਪਸੰਦ ਲਾਲ ਚੁੰਨੀ ਭੇਟ ਕਰਨਾ ਨਾ ਭੁੱਲੋ।
ਮੰਨਿਆ ਜਾਂਦਾ ਹੈ ਕਿ ਇਸ ਵਾਰ ਮਾਂ ਦੁਰਗਾ ਹਾਥੀ 'ਤੇ ਸਵਾਰ ਹੋ ਕੇ ਆ ਰਹੀ ਹੈ, ਯਾਨੀ ਇਸ ਵਾਰ ਮਾਂ ਦੁਰਗਾ ਦਾ ਵਾਹਨ ਹਾਥੀ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਐਤਵਾਰ ਅਤੇ ਸੋਮਵਾਰ ਤੋਂ ਨਰਾਤੇ ਸ਼ੁਰੂ ਹੁੰਦੇ ਹਨ ਤਾਂ ਮਾਂ ਹਾਥੀ 'ਤੇ ਬੈਠ ਕੇ ਆਉਂਦੀ ਹੈ।


ਹਾਥੀ 'ਤੇ ਆਵੇਗੀ ਮਾਂ ਦੁਰਗਾ
ਐਤਵਾਰ ਅਤੇ ਸੋਮਵਾਰ ਨੂੰ ਮਾਂ ਦੁਰਗਾ ਪਹਿਲੀ ਪੂਜਾ ਯਾਨੀ ਕਲਸ਼ ਦੀ ਸਥਾਪਨਾ ਤੋਂ ਬਾਅਦ ਹਾਥੀ 'ਤੇ ਸਵਾਰ ਹੋ ਕੇ ਆਉਂਦੀ ਹੈ। ਸ਼ਨੀ ਅਤੇ ਮੰਗਲਵਾਰ ਨੂੰ ਕਲਸ਼ ਦੀ ਸਥਾਪਨਾ ਹੋਣ 'ਤੇ ਮਾਤਾ ਘੋੜੇ 'ਤੇ ਆਉਂਦੀ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕਲਸ਼ ਦੀ ਸਥਾਪਨਾ ਹੋਣ 'ਤੇ ਮਾਂ ਡੋਲੀ 'ਤੇ ਆਉਂਦੀ ਹੈ। ਬੁੱਧਵਾਰ ਨੂੰ ਜਦੋਂ ਕਲਸ਼ ਦੀ ਸਥਾਪਨਾ ਹੁੰਦੀ ਹੈ, ਮਾਂ ਦੁਰਗਾ ਕਿਸ਼ਤੀ ਵਿਚ ਆਉਂਦੀ ਹੈ। ਹਾਥੀ ਦੀ ਸਵਾਰੀ ਅਤੇ ਇਸ ਦਾ ਚਿੰਨ੍ਹ ਇਸ ਸਾਲ ਦੇ ਅੱਸੂ ਦੇ ਨਰਾਤਿਆਂ ਲਈ ਬਹੁਤ ਸ਼ੁੱਭ ਮੰਨਿਆ ਗਿਆ ਹੈ ਕਿਉਂਕਿ ਇਹ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਸੋਮਵਾਰ ਪੈਣ ਕਾਰਨ ਮਾਂ ਦੁਰਗਾ ਹਾਥੀ 'ਤੇ ਸਵਾਰ ਹੋ ਕੇ ਆ ਰਹੀ ਹੈ।


ਇਹ ਹੈ ਇੱਕ ਚੰਗਾ ਸੰਕੇਤ :-
ਹਾਥੀ 'ਤੇ ਸਵਾਰ ਹੋ ਕੇ ਆਉਣ ਦਾ ਮਤਲਬ ਹੈ ਕਿ ਹਰ ਪਾਸੇ ਸੁੱਖ ਅਤੇ ਖੁਸ਼ਹਾਲੀ ਵਧੇਗੀ। ਜ਼ਿਆਦਾ ਬਾਰਿਸ਼ ਹੋਵੇਗੀ, ਜਿਸ ਕਾਰਨ ਚਾਰੇ ਪਾਸੇ ਹਰਿਆਲੀ ਹੋਵੇਗੀ। ਇਸ ਦੇ ਨਾਲ ਹੀ ਬਹੁਤ ਸਾਰਾ ਭੋਜਨ ਉਤਪਾਦਨ ਹੋਵੇਗਾ। ਇਸ ਵਾਰ ਮਾਂ ਦੁਰਗਾ ਕਿਸ਼ਤੀ ਰਾਹੀਂ ਵਾਪਸ ਆਵੇਗੀ। ਤੁਹਾਨੂੰ ਦੱਸ ਦੇਈਏ ਕਿ ਅੱਸੂ ਦੇ ਨਰਾਤੇ 5 ਅਕਤੂਬਰ ਨੂੰ ਖ਼ਤਮ ਹੋ ਰਹੇ ਹਨ। ਇਸ ਦਿਨ ਬੁੱਧਵਾਰ ਹੋਣ ਕਾਰਨ ਮਾਂ ਦੁਰਗਾ ਕਿਸ਼ਤੀ 'ਤੇ ਵਾਪਸ ਪਰਤੇਗੀ। ਕਿਸ਼ਤੀ 'ਤੇ ਜਾਣ ਦਾ ਮਤਲਬ ਹੈ ਕਿ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦਾ ਵਿਸ਼ਵਾਸ ਹੈ।

ਇਹ ਵੀ ਜਾਣੋ :-
ਹਿੰਦੂ ਧਰਮ ਦੇ ਤੀਜ, ਤਿਉਹਾਰ 'ਤੇ ਘਟਸਥਾਪਨ (ਕਲਸ਼ ਸਥਾਪਨਾ) ਦਾ ਵਿਸ਼ੇਸ਼ ਮਹੱਤਵ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਕਲਸ਼ ਨੂੰ ਦੇਵਤਿਆਂ, ਗ੍ਰਹਿਆਂ ਅਤੇ ਤਾਰਾਮੰਡਲਾਂ ਦਾ ਨਿਵਾਸ ਮੰਨਿਆ ਜਾਂਦਾ ਹੈ। ਕਲਸ਼ ਨੂੰ ਖੁਸ਼ੀ ਅਤੇ ਖੁਸ਼ਹਾਲੀ ਅਤੇ ਸ਼ੁੱਭ ਕੰਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਲਸ਼ ਦਾ ਅਰਥ ਹੈ ਉਸ ਵਿਚਲੀਆਂ ਸ਼ਕਤੀਆਂ ਨੂੰ ਬੁਲਾ ਕੇ ਕਲਸ਼ ਨੂੰ ਸਰਗਰਮ ਕਰਨਾ। ਨਰਾਤਿਆਂ ਵਿਚ ਵੀ ਕਲਸ਼ ਦੀ ਸਥਾਪਨਾ ਕਰਕੇ ਸਾਰੀਆਂ ਸ਼ਕਤੀਆਂ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਨਾਲ ਘਰ ਵਿਚ ਮੌਜੂਦ ਨਕਾਰਾਤਮਕ ਊਰਜਾ ਨਸ਼ਟ ਹੋ ਜਾਂਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਜੌਂ ਨੂੰ ਬ੍ਰਹਮਾ ਜੀ ਅਤੇ ਅੰਨਪੂਰਨਾ ਦੇਵੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਜੌਂ ਨੂੰ ਸ੍ਰਿਸ਼ਟੀ ਦੀ ਪਹਿਲੀ ਫ਼ਸਲ ਮੰਨਿਆ ਜਾਂਦਾ ਹੈ। ਘਟਸਥਾਪਨ ਦੇ ਸਮੇਂ ਜੌਂ ਯਾਨੀ ਜਵਾਰ ਬੀਜੇ ਜਾਂਦੇ ਹਨ ਅਤੇ ਫਿਰ ਪਹਿਲਾਂ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਜੌਂ (ਭੋਜਨ) ਨੂੰ ਬ੍ਰਹਮਾ ਦਾ ਰੂਪ ਮੰਨਿਆ ਜਾਂਦਾ ਹੈ, ਇਸ ਲਈ ਪਹਿਲਾਂ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ।


ਇਸ ਦਿਨ ਤੋਂ ਸ਼ੁਰੂ ਹੋ ਰਹੇ ਨੇ ਅੱਸੂ ਦੇ ਨਰਾਤੇ :-
ਪਹਿਲਾਂ ਨਰਾਤਾ - 26 ਸਤੰਬਰ - ਮਾਂ ਸ਼ੈਲਪੁਤਰੀ - ਸੋਮਵਾਰ
ਦੂਜਾ ਨਰਾਤਾ -27 ਸਤੰਬਰ - ਮਾਂ ਬ੍ਰਹਮਚਾਰਿਣੀ - ਮੰਗਲਵਾਰ
ਤੀਜਾ ਨਰਾਤਾ -28 ਸਤੰਬਰ - ਮਾਂ ਚੰਦਰਘੰਟਾ - ਬੁੱਧਵਾਰ
ਚੌਥਾ ਨਰਾਤਾ - 29 ਸਤੰਬਰ - ਮਾਂ ਕੁਸ਼ਮਾਂਡਾ - ਵੀਰਵਾਰ
ਪੰਜਵਾਂ ਨਰਾਤਾ - 30 ਸਤੰਬਰ - ਮਾਂ ਸਕੰਦਮਾਤਾ - ਸ਼ੁੱਕਰਵਾਰ
ਛੇਵਾਂ ਨਰਾਤਾ - 1 ਅਕਤੂਬਰ - ਮਾਂ ਕਾਤਯਾਨੀ - ਸ਼ਨੀਵਾਰ
ਸੱਤਵਾਂ ਨਰਾਤਾ - 2 ਅਕਤੂਬਰ - ਮਾਂ ਕਾਲਰਾਤਰੀ - ਐਤਵਾਰ
ਅੱਠਵਾਂ ਨਰਾਤਾ -3 ਅਕਤੂਬਰ - ਮਾਂ ਮਹਾਗੌਰੀ - ਸੋਮਵਾਰ
ਨੌਵਾਂ ਨਰਾਤਾ - 4 ਅਕਤੂਬਰ - ਮਾਤਾ ਸਿੱਧੀਦਾਤਰੀ - ਮੰਗਲਵਾਰ


ਨਰਾਤਿਆਂ ਦੀ ਪੂਜਾ ਵਿਧੀ :-
. ਨਰਾਤਿਆਂ ਦੇ ਦਿਨਾਂ ’ਚ ਸਵੇਰੇ ਉੱਠ ਕੇ ਇਸ਼ਨਾਨ ਕਰੋ। ਫਿਰ ਪੂਜਾ ਸਥਾਨ ਨੂੰ ਗੰਗਾ ਜਲ ਪਾ ਕੇ ਸ਼ੁੱਧ ਕਰੋ।
. ਘਰ ਦੇ ਮੰਦਰ 'ਚ ਦੀਵਾ ਜਗਾਓ।
. ਗੰਗਾ ਜਲ ਨਾਲ ਮਾਂ ਦੁਰਗਾ ਦਾ ਅਭਿਸ਼ੇਕ।
. ਮਾਂ ਨੂੰ ਅਕਸ਼ਤ, ਸਿੰਦੂਰ ਅਤੇ ਲਾਲ ਫੁੱਲ ਚੜ੍ਹਾਓ, ਪ੍ਰਸ਼ਾਦ ਵਜੋਂ ਫਲ ਅਤੇ ਮਠਿਆਈਆਂ ਚੜ੍ਹਾਓ।
. ਧੂਪ ਅਤੇ ਦੀਵੇ ਜਗਾ ਕੇ ਦੁਰਗਾ ਚਾਲੀਸਾ ਦਾ ਪਾਠ ਕਰੋ ਅਤੇ ਫਿਰ ਮਾਂ ਦੀ ਆਰਤੀ ਕਰੋ।
. ਮਾਂ ਨੂੰ ਵੀ ਭੋਜਨ ਚੜ੍ਹਾਓ। ਧਿਆਨ ਰੱਖੋ ਕਿ ਸਾਤਵਿਕ ਚੀਜ਼ਾਂ ਹੀ ਭਗਵਾਨ ਨੂੰ ਭੇਟ ਕੀਤੀਆਂ ਜਾਂਦੀਆਂ ਹਨ।


ਪੂਜਾ ਸਮੱਗਰੀ ਦੀ ਪੂਰੀ ਸੂਚੀ :-
ਅੱਸੂ ਦੇ ਨਰਾਤੇ 26 ਸਤੰਬਰ, 2022 ਨੂੰ ਸ਼ੁਰੂ ਹੋ ਰਹੇ ਹਨ। ਨਰਾਤਿਆਂ ’ਚ ਮਾਤਾ ਦੇ 9 ਰੂਪਾਂ ਦੀ ਪੂਜਾ ਕਰਨ ਲਈ ਖ਼ਾਸ ਪੂਜਾ ਸਮੱਗਰੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਲ ਲਈ ਲਾਲ ਚੁੰਨੀ, ਲਾਲ ਪਹਿਰਾਵਾ, ਮੌਲੀ, ਮੇਕਅਪ ਉਪਕਰਣ, ਦੀਵਾ, ਘਿਓ/ਤੇਲ, ਧੁੱਪ, ਨਾਰੀਅਲ, ਸਾਫ਼ ਚੌਲ, ਕੁਮਕੁਮ, ਫੁੱਲ, ਦੇਵੀ ਦੀ ਤਸਵੀਰ, ਪਾਨ, ਸੁਪਾਰੀ, ਲੌਂਗ, ਇਲਾਇਚੀ, ਬਤਾਸ਼ੇ ਜਾਂ ਮਿਸਰੀ, ਕਪੂਰ, ਫਲ, ਮਿਠਆਈ, ਕਲਾਵਾ ਆਦਿ ਸਮੱਗਰੀ ਦੀ ਲੋੜ ਹੁੰਦੀ ਹੈ।

sunita

This news is Content Editor sunita