ਲੰਬੀ ਚੁੱਪ ਤੋਂ ਬਾਅਦ ''ਨਵਜੋਤ ਸਿੱਧੂ'' ਸਰਗਰਮ, ਯੂ-ਟਿਊਬ ''ਤੇ ਪਾਉਣਗੇ ਧਮਾਲ (ਵੀਡੀਓ)

03/14/2020 6:51:11 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਲੰਬੇ ਸਮੇਂ ਤੋਂ ਚੁੱਪੀ ਧਾਰੀ ਹੋਈ ਸੀ ਪਰ ਹੁਣ ਉਨ੍ਹਾਂ ਨੇ ਸਰਗਰਮ ਹੋਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕਾਫੀ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਕੋਲਡ ਵਾਰ ਚੱਲ ਰਹੀ ਹੈ ਅਤੇ ਹੁਣ ਸਿੱਧੂ ਦੇ ਸਰਗਰਮ ਹੋਣ ਨਾਲ ਪੰਜਾਬ 'ਚ ਕਾਂਗਰਸ ਲਈ ਖਤਰੇ ਦੀ ਘੰਟੀ ਵੱਜਦੀ ਹੋਈ ਦਿਖਾਈ ਦੇ ਰਹੀ ਹੈ।

ਨਵਜੋਤ ਸਿੰਘ ਸਿੱਧੂ ਨੇ ਪੰਜਾਬੀਆਂ ਨਾਲ ਸਿੱਧੇ ਰੂਪ 'ਚ, ਸਾਦੀ ਅਤੇ ਸਰਲ ਭਾਸ਼ਾ 'ਚ ਆਪਣੇ ਵਿਚਾਰ ਸਾਂਝੇ ਕਰਨ ਲਈ ਅੱਜ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਦੇ ਦਫਤਰ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜਨ ਲਈ ਸਿੱਧੂ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰ ਰਹੇ ਹਨ। ਉਨ੍ਹਾਂ ਨੇ ਸ਼ਨੀਵਾਰ ਸਵੇਰੇ ਇਸ ਯੂ-ਟਿਊਬ ਚੈਨਲ ਦੀ ਸ਼ੁਰੂਆਤ ਕਰਦਿਆਂ ਆਪਣੀ ਪਹਿਲੀ ਵੀਡੀਓ ਪਾਈ। 'ਆਸ ਤੇ ਵਿਸ਼ਵਾਸ' ਸਿਰਲੇਖ ਹੇਠ ਪਾਈ 4.10 ਮਿੰਟ ਦੀ ਵੀਡੀਓ 'ਚ ਸਿੱਧੂ ਨੇ ਕਈ ਅਹਿਮ ਗੱਲਾਂ ਕਹੀਆਂ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ ਹੋਣ ਦੇ ਆਸਾਰ, ਫਿਰ ਦਿੱਲੀ ਪੁੱਜੇ ਨਵਜੋਤ ਸਿੱਧੂ

ਨਵਜੋਤ ਸਿੱਧੂ ਦੇ ਇਸ ਯੂ-ਟਿਊਬ ਚੈਨਲ ਦਾ ਨਾਂ 'ਜਿੱਤੇਗਾ ਪੰਜਾਬ' ਰੱਖਿਆ ਗਿਆ ਹੈ। ਇਸ ਚੈਨਲ 'ਤੇ ਲੋਕ ਸੂਬੇ ਦੀ ਤਰੱਕੀ ਨਾਲ ਜੁੜੇ ਮੁੱਦਿਆਂ, ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਸਿੱਧੂ ਨਾਲ ਆਦਾਨ-ਪ੍ਰਧਾਨ ਕਰ ਸਕਣਗੇ। ਸਿੱਧੂ ਨੇ ਦੱਸਿਆ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ ਤੇ ਪੁਨਰ ਜਾਗ੍ਰਿਤੀ ਵੱਲ ਲਿਜਾਣ ਦੇ ਯਤਨ ਦਾ ਇਕ ਪਲੇਟਫਾਰਮ ਹੋਵੇਗਾ।
ਪ੍ਰੈਸ ਬਿਆਨ 'ਚ ਕਿਹਾ ਗਿਆ ਹੈ ਕਿ 9 ਮਹੀਨਿਆਂ ਦੇ ਆਤਮ ਮੰਥਨ ਅਤੇ ਆਤਮ ਉੱਥਾਨ ਤੋਂ ਬਾਅਦ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੇ ਭਖਦੇ ਮੁੱਦਿਆਂ 'ਤੇ ਆਵਾਜ਼ ਬੁਲੰਦ ਕਰਨਗੇ। ਇਸ ਰਾਹੀਂ ਪੰਜਾਬ ਦੀ ਮੁੜ ਉਸਾਰੀ ਲਈ ਇਕ ਕਲਿਆਣਕਾਰੀ ਸੂਬੇ ਵਜੋਂ ਕਰਨ ਲਈ ਰੋਡ ਮੈਪ ਤਿਆਰ ਕੀਤਾ ਜਾਵੇਗਾ। ਇਹ ਚੈਨਲ ਸ੍ਰੀ ਗੁਰੂ ਨਾਨਕ ਜੇਵ ਦੀ ਵਲੋਂ ਦਰਸਾਏ ਵਿਸ਼ਵ ਭਰਾਤਰੀ, ਪਿਆਰ ਤੇ ਸ਼ਾਂਤੀ ਦੇ ਮਾਰਗ ਤੋਂ ਪ੍ਰੇਰਣਾ ਲੈ ਕੇ ਆਪਣੀ ਗੱਲ ਰੱਖੇਗਾ।

ਸੋਨੀਆ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਮੁਲਾਕਾਤ
ਫਰਵਰੀ ਦੇ ਅਖ਼ੀਰ 'ਚ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕੀ ਉਨ੍ਹਾਂ ਨੇ ਹਾਈਕਮਾਨ ਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਸੀ। ਉੱਧਰ ਪ੍ਰਤਾਪ ਸਿੰਘ ਬਾਜਵਾ ਦੀ ਤਰ੍ਹਾਂ ਪਿਛਲੇ ਮਹੀਨੇ ਵਿਧਾਇਕ ਪਰਗਟ ਸਿੰਘ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ ਲਗਾਇਆ ਸੀ।

ਇਹ ਵੀ ਪੜ੍ਹੋ : ਕੀ ਸਿੱਧੂ 'ਤੇ ਮੰਡਰਾ ਰਿਹੈ 'ਦਲਬਦਲੂ' ਹੋਣ ਦਾ ਖਤਰਾ?

ਹਾਲਾਂਕਿ ਚਿੱਠੀ ਤੋਂ ਬਾਅਦ ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਵੀ ਹੋਈ ਸੀ ਪਰ ਮੁਲਾਕਾਤ ਤੋਂ ਬਾਅਦ ਵੀ ਪਰਗਟ ਸਿੰਘ ਦੇ ਸੁਰ ਢਿੱਲੇ ਨਹੀਂ ਪਏ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਵੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਭਵਨ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਗਿਆ ਸੀ ਪਰ ਸਿੱਧੂ ਦੀ ਕਾਂਗਰਸ ਹਾਈਕਮਾਂਡ ਨਾਲ ਕੋਈ ਮੁਲਾਕਾਤ ਹੋਈ ਹੈ ਜਾਂ ਨਹੀਂ, ਇਸ 'ਤੇ ਸਸਪੈਂਸ ਬਣਿਆ ਹੋਇਆ ਹੈ।

 

Babita

This news is Content Editor Babita