ਸਫਾਈ ਕਰਮਚਾਰੀਆਂ ਨੂੰ ਮਿਲ ਕੇ ਸਮੱਸਿਆ ਹੱਲ ਕਰਾਂਗੇ: ਸਿੱਧੂ

01/02/2018 12:26:02 PM

ਜਲੰਧਰ— ਪੰਜਾਬ ਦੇ ਸ਼ਹਿਰਾਂ ਵਿਚ ਸੜਕਾਂ ਦੀ ਸਫਾਈ ਲਈ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਖੁਦ ਮੈਦਾਨ ਵਿਚ ਉਤਰ ਰਹੇ ਹਨ। ਖਾਸ ਤੌਰ 'ਤੇ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਸਫਾਈ ਲਈ ਸਿੱਧੂ ਖੁਦ ਮੋਰਚਾ ਸੰਭਾਲਣ ਜਾ ਰਹੇ ਹਨ। 'ਜਗ ਬਾਣੀ' ਦੇ ਪ੍ਰਤੀਨਿਧੀ ਰਿਮਾਂਸ਼ੂ ਗਾਬਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਸ਼ਹਿਰਾਂ ਦੀ ਸਫਾਈ ਲਈ ਨੀਤੀਆਂ ਤਿਆਰ ਹੋ ਚੁੱਕੀਆਂ ਹਨ ਅਤੇ ਉਹ ਇਸ ਮਾਮਲੇ ਵਿਚ ਜਲਦੀ ਹੀ ਸਰਕਾਰੀ ਕਰਮਚਾਰੀਆਂ ਨਾਲ ਖੁਦ ਮੁਲਾਕਾਤ ਕਰਨਗੇ ਅਤੇ ਮਾਮਲੇ ਦਾ ਹੱਲ ਕੱਢਿਆ ਜਾਵੇਗਾ। 
ਪੇਸ਼ ਹੈ ਸਿੱਧੂ ਦੀ ਪੂਰੀ ਇੰਟਰਵਿਊ :
ਜਿਨ੍ਹਾਂ ਗੈਰ-ਕਾਨੂੰਨੀ ਇਮਾਰਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਸ ਦਾ ਕੀ ਹੱਲ ਹੋਵੇਗਾ?
ਜਵਾਬ : ਇਸ ਦਾ ਹੱਲ ਇਹ ਹੈ ਕਿ ਇਕ ਮਹੀਨੇ ਦੇ ਅੰਦਰ ਅਸੀਂ ਫਾਇਰ ਪ੍ਰੀਵੈਂਸ਼ਨ ਐਕਟ ਲੈ ਕੇ ਆ ਰਹੇ ਹਾਂ। ਜਿੰਨੀਆਂ ਵੀ ਗੈਰ-ਕਾਨੂੰਨੀ ਇਮਾਰਤਾਂ ਹਨ, ਉਨ੍ਹਾਂ ਨੂੰ ਆਪਣੇ ਫਾਇਰ ਪ੍ਰੀਵੈਂਸ਼ਨ ਸਿਸਟਮ ਠੀਕ ਕਰਨੇ ਪੈਣਗੇ। ਐਕਟ ਲਾਗੂ ਹੋਣ ਤੋਂ ਬਾਅਦ ਕੋਈ ਵੀ ਨਵੀਂ ਇਮਾਰਤ ਬਿਨਾਂ ਫਾਇਰ ਪ੍ਰੀਵੈਂਸ਼ਨ ਸਿਸਟਮ ਦੇ ਪਾਸ ਨਹੀਂ ਹੋਵੇਗੀ। ਜੇ ਬਣ ਗਈ ਤਾਂ ਅਫਸਰਾਂ ਨੂੰ ਵੀ ਨੋਟਿਸ ਭੇਜਿਆ ਜਾਵੇਗਾ। ਇਸਨੂੰ ਹੁਣ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਹ ਜਨਤਾ ਨਾਲ ਮੇਰਾ ਵਾਅਦਾ ਹੈ।
ਕੀ ਕੇਂਦਰ ਤੋਂ ਮਿਲ ਰਹੇ ਸਹਿਯੋਗ ਵਿਚ ਪੁਰਾਣੇ ਰਿਸ਼ਤੇ ਕੰਮ ਆ ਰਹੇ ਹਨ?
ਜਵਾਬ : ਅਜਿਹਾ ਨਹੀਂ ਹੁੰਦਾ, ਬਿਨਾਂ ਨੀਤੀ ਦੇ ਜਾ ਕੇ ਕੋਈ ਫਾਇਦਾ ਨਹੀਂ ਹੁੰਦਾ। ਪਹਿਲਾਂ ਲੋਕ ਜਾਂਦੇ ਸਨ, ਫੋਟੋ ਖਿਚਵਾ ਕੇ ਆ ਜਾਂਦੇ ਸਨ ਪਰ ਮੈਂ ਪੂਰੀ ਪਲਾਨਿੰਗ ਨਾਲ ਗਿਆ। ਇਸ ਦਾ ਸਾਨੂੰ ਫਾਇਦਾ ਹੋਇਆ। ਕੇਂਦਰ ਵਿਚ ਜਦੋਂ ਕਾਂਗਰਸ ਸਰਕਾਰ ਸੀ ਤਾਂ ਉਦੋਂ ਵੀ ਗੁਜਰਾਤ ਨੂੰ ਪੈਸਾ ਮਿਲਦਾ ਹੀ ਸੀ। 
ਕੇਂਦਰ ਸਰਕਾਰ ਨੇ ਤੁਹਾਡੇ ਹੋਰ ਕਿਹੜੇ ਪ੍ਰਾਜੈਕਟਾਂ ਲਈ ਹਾਮੀ ਭਰੀ ਹੈ?
ਜਵਾਬ : ਪਹਿਲੇ ਪ੍ਰਾਜੈਕਟ ਵਿਚ ਮੈਂ ਸ੍ਰੀ ਆਨੰਦਪੁਰ ਸਾਹਿਬ ਲਈ 32 ਕਰੋੜ, ਫਤਿਹਗੜ੍ਹ ਸਾਹਿਬ ਲਈ 20 ਕਰੋੜ, 18 ਕਰੋੜ ਰੁਪਏ ਚਮਕੌਰ ਸਾਹਿਬ ਲਈ ਲਿਆਇਆ ਹਾਂ। ਜਲਿਆਂਵਾਲਾ ਬਾਗ ਦਾ ਬੁਰਾ ਹਾਲ ਹੈ, ਉਸ ਦੇ ਲਈ ਵੀ 10 ਕਰੋੜ ਰੁਪਏ ਲਿਆਇਆ ਹਾਂ। 16 ਕਰੋੜ ਰੁਪਏ ਹੁਸੈਨੀਵਾਲਾ ਬਾਰਡਰ ਅਤੇ ਖਟਕੜ ਕਲਾਂ ਲਈ ਲਿਆਇਆ ਹਾਂ ਅਤੇ 4 ਕਰੋੜ ਰੁਪਏ ਸਾਰਾਗੜ੍ਹੀ ਗੁਰਦੁਆਰੇ ਲਈ ਮਿਲਣਗੇ।
ਪੰਜਾਬ ਵਿਚ ਸੈਰ-ਸਪਾਟੇ ਨੂੰ ਵਧਾਉਣ ਲਈ ਕੀ ਕੀਤਾ ਜਾ ਰਿਹਾ ਹੈ?
ਜਵਾਬ : ਅੰਮ੍ਰਿਤਸਰ ਵਿਚ ਰੋਜ਼ਾਨਾ 1 ਲੱਖ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ ਜੋ ਸਵੇਰੇ ਮੱਥਾ ਟੇਕ ਕੇ ਸ਼ਾਮ ਨੂੰ ਵਾਪਸ ਚਲੇ ਜਾਂਦੇ ਹਨ। ਉਨ੍ਹਾਂ ਦੇ ਤਿੰਨ ਦਿਨ ਰੁਕਣ ਲਈ ਇੰਤਜ਼ਾਮ ਕੀਤਾ ਜਾਵੇਗਾ। ਜਿੰਨੀਆਂ ਵੀ ਸਾਡੀਆਂ ਮੁਗਲ ਸਰਾਵਾਂ ਹਨ, ਉਨ੍ਹਾਂ ਨੂੰ ਵਿਆਹ ਸਮਾਰੋਹ ਸਥਾਨ 'ਚ ਬਦਲਿਆ ਜਾਵੇਗਾ। ਕਿਸੇ ਪੰਜਾਬੀ ਨੂੰ ਰਾਜਸਥਾਨ ਜਾ ਕੇ ਵਿਆਹ ਸਮਾਗਮ ਆਯੋਜਿਤ ਕਰਨ ਦੀ ਲੋੜ ਨਹੀਂ। ਮੁਗਲ ਸਰਕਟ ਬਣ ਰਿਹਾ ਹੈ, ਮਹਾਰਾਜਾ ਸਰਕਟ ਬਣ ਰਿਹਾ ਹੈ ਅਤੇ ਇਕ ਧਾਰਮਿਕ ਸਰਕਟ ਬਣ ਰਿਹਾ ਹੈ। 
ਸੁਖਬੀਰ ਬਾਦਲ ਪੁੱਛ ਰਹੇ ਹਨ ਕਿ ਤੁਸੀਂ ਅਜੇ ਤੱਕ ਅੰਮ੍ਰਿਤਸਰ ਲਈ ਕੀ ਕੀਤਾ ਹੈ?
ਜਵਾਬ : ਇਹ ਤਾਂ ਰੰਗ ਵਿਚ ਭੰਗ ਪਾਉਣ ਵਾਲੀ ਗੱਲ ਹੈ। ਉਨ੍ਹਾਂ ਨੇ 10 ਸਾਲਾਂ ਵਿਚ ਕੀ ਕੀਤਾ। ਇਹ ਲੋਕਾਂ ਨੇ ਦੱਸ ਦਿੱਤਾ ਹੈ। ਹੁਣ ਸਾਡਾ ਟਾਈਮ ਹੈ, ਅਸੀਂ ਕੰਮ ਕਰਾਂਗੇ। ਜੇਕਰ ਪੰਜਾਬ ਵਿਚ ਉਹ ਕੁਝ ਚਾਹੁੰਦੇ ਹਨ ਤਾਂ ਮੇਰੇ ਕੋਲ ਆਉਣ, ਅਸੀਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਹਾਂ। 
ਕਾਂਗਰਸ ਵਿਚ ਮੰਤਰੀ ਬਣਨ ਤੋਂ ਬਾਅਦ ਤੁਹਾਡੇ ਨਾਲ ਪਹਿਲੀ ਮੁਲਾਕਾਤ 'ਚ ਵਿੱਤ ਮੰਤਰੀ ਅਰੁਣ ਜੇਤਲੀ ਖੁਸ਼ ਹੋਏ?
ਜਵਾਬ : ਬਿਲਕੁਲ ਖੁਸ਼ ਹੋਏ, ਉਨ੍ਹਾਂ ਨੇ ਮੇਰਾ ਹਾਲ-ਚਾਲ ਪੁੱਛਿਆ, ਮੇਰੇ ਬੱਚਿਆਂ ਬਾਰੇ ਪੁੱਛਿਆ। ਪੁਰਾਣੇ ਰਿਸ਼ਤੇ ਮਿਟ ਤਾਂ ਨਹੀਂ ਜਾਂਦੇ ਹਨ। ਫਰਕ ਸਿਰਫ ਵਿਚਾਰਧਾਰਾ ਦਾ ਹੈ। ਉਨ੍ਹਾਂ ਕਿਹਾ ਸੀ ਕਿ ਗੱਠਜੋੜ ਦੇ ਨਾਲ ਖੜ੍ਹੇ ਰਹੋ, ਪੰਜਾਬ ਦੇ ਨਾਲ ਖੜ੍ਹਾ ਰਿਹਾ।
ਅਕਸਰ ਕੇਂਦਰ 'ਤੇ ਪੰਜਾਬ ਨਾਲ ਮਤਰੇਇਆ ਵਰਤਾਓ ਕਰਨ ਅਤੇ ਫੰਡ ਦੇ ਦੋਸ਼ ਲੱਗਦੇ ਹਨ। ਤੁਸੀਂ ਵੱਖਰਾ ਅਨੁਭਵ ਦੱਸ ਰਹੇ ਹੋ, ਇਹ ਕਿਵੇਂ ਹੋਇਆ?
ਜਵਾਬ : ਇਹ ਸਭ ਬਹਾਨੇਬਾਜ਼ੀ ਹੁੰਦੀ ਹੈ। ਅਕਾਲੀ ਦਲ ਨੂੰ ਪੈਸਾ ਮਿਲਿਆ ਤਾਂ ਉਨ੍ਹਾਂ ਨੇ ਪੈਸਾ ਖਰਚ ਕਰਨ ਦੇ ਬਦਲੇ ਕੇਂਦਰ ਨੂੰ ਯੂਟੀਲਾਈਜ਼ੇਸ਼ਨ ਸਰਟੀਫਿਕੇਟ ਨਹੀਂ ਦਿੱਤਾ। ਇਸ ਲਈ ਕੇਂਦਰ ਪੈਸੇ ਰੋਕ ਲੈਂਦਾ ਸੀ ਪਰ ਜੇਕਰ ਪੂਰੇ ਪ੍ਰੋਸੈਸ ਦੇ ਨਾਲ ਕੰਮ ਕੀਤਾ ਜਾਵੇ ਤਾਂ ਕੋਈ ਵੀ ਵਿਰੋਧੀ ਪਾਰਟੀ ਪੈਸਾ ਦੇਣ ਤੋਂ ਮਨ੍ਹਾ ਨਹੀਂ ਕਰ ਸਕਦੀ। ਜਦੋਂ ਤੁਸੀਂ 50 ਰੁਪਏ ਪਾਓਗੇ, ਉਦੋਂ ਹੀ ਤੁਹਾਨੂੰ 100 ਰੁਪਏ ਮਿਲਣਗੇ।
ਜਦੋਂ ਤੋਂ ਸਰਕਾਰ ਬਣੀ ਹੈ, ਤੁਸੀਂ ਇਕੱਲੇ ਹੀ ਮੰਤਰੀ ਹੋ ਜੋ ਪਿੱਚ 'ਤੇ ਖੇਡਦੇ ਨਜ਼ਰ ਆ ਰਹੇ ਹਨ, ਬਾਕੀ ਮੰਤਰੀ ਕਦੋਂ ਬੈਟਿੰਗ ਕਰਨਗੇ?
ਜਵਾਬ : 'ਕਾਟੇ ਵਾਰ ਨਾਮ ਤਲਵਾਰ ਕਾਏ ਲੜੇ ਫੌਜ ਨਾਮ ਸਰਦਾਰ ਕਾ'। ਅਸੀਂ ਕੰਮ ਕੈਪਟਨ ਸਾਹਿਬ ਦੀ ਛਤਰ ਛਾਇਆ ਹੇਠ ਕਰ ਰਹੇ ਹਾਂ। ਜੇਕਰ ਮੈਂ ਪੈਸਾ ਲੈ ਕੇ ਆਇਆ ਹਾਂ ਤਾਂ ਅੱਠਾਂ ਮੰਤਰੀਆਂ ਨੂੰ ਸਿਹਰਾ ਜਾਂਦਾ ਹੈ। ਇਕ ਬੰਦਾ ਬੈਟਿੰਗ ਕਰਦਾ ਹੈ, ਇਕ ਫੀਲਡਿੰਗ ਅਤੇ ਇਕ ਬਾਲਿੰਗ ਕਰਦਾ ਹੈ। 
ਟੀਮ ਦੇ ਕੈਪਟਨ ਤੁਹਾਡੇ ਤੋਂ ਖੁਸ਼ ਹਨ?
ਜਵਾਬ : ਬਹੁਤ ਖੁਸ਼ ਹਨ। ਟੀਮ ਦੇ ਕੈਪਟਨ ਲਈ ਪੰਜਾਬ ਉਪਰ ਰਹੇ ਅਤੇ ਸਰਕਾਰ ਦਾ ਨਾਮ ਰਹੇ ਤਾਂ ਜੋ ਆਦਮੀ ਕੰਮ ਕਰੇਗਾ,  ਉਹ ਉਸ ਤੋਂ ਖੁਸ਼ ਹੋਣਗੇ ਹੀ।
ਨਿਗਮ ਚੋਣਾਂ ਵਿਚ ਕਾਂਗਰਸ ਦੀ ਲਹਿਰ ਦੇਖਣ ਨੂੰ ਮਿਲੀ। ਹੁਣ ਤੁਸੀਂ ਸ਼ਹਿਰਾਂ ਨੂੰ ਸਾਫ ਅਤੇ ਸੁੰਦਰ ਬਣਾਉਣ ਲਈ ਕੀ ਕਦਮ ਉਠਾ ਰਹੇ ਹੋ?
ਜਵਾਬ : ਮਾਰਚ ਤੱਕ 100 ਫੀਸਦੀ ਸਟ੍ਰੀਟ ਲਾਈਟਿੰਗ ਹੋਵੇਗੀ। ਨਕਸ਼ੇ ਆਨਲਾਈਨ ਹੋਣਗੇ। ਸਭ ਤੋਂ ਵੱਡੀ ਸਮੱਸਿਆ ਸਫਾਈ ਦੀ ਹੈ। ਸਫਾਈ ਕਰਮਚਾਰੀਆਂ ਨਾਲ ਮੈਂ ਖੁਦ ਮੁਲਾਕਾਤ ਕਰਾਂਗਾ। ਹੁਣ ਕੋਈ ਬਹਾਨਾ ਨਹੀਂ ਚਲੇਗਾ। ਸਾਡੀ ਸਰਕਾਰ ਹੈ, ਸਾਡੀਆਂ ਪਾਲਿਸੀਆਂ ਬਣ ਚੁੱਕੀਆਂ ਹਨ। ਹੁਣ ਬਸ ਵਿਕਾਸ ਹੀ ਹੋਵੇਗਾ। ਹੁਣ ਆਉਣ ਵਾਲੇ ਇਕ ਸਾਲ ਵਿਚ ਪੰਜਾਬ ਦੀ ਤਸਵੀਰ ਬਦਲ ਜਾਵੇਗੀ।
ਅੰਮ੍ਰਿਤਸਰ ਵਿਚ ਤਾਂ ਬੀ. ਆਰ. ਟੀ. ਐੱਸ. ਪ੍ਰਾਜੈਕਟ ਫੇਲ ਹੋ ਗਿਆ, ਜਲੰਧਰ ਵਿਚ ਪਬਲਿਕ ਟਰਾਂਸਪੋਰਟ ਸਿਸਟਮ ਕਦੋਂ ਸ਼ੁਰੂ ਹੋਵੇਗਾ?
ਜਵਾਬ : ਬੀ. ਆਰ. ਟੀ. ਐੱਸ. ਫੇਲ ਹੋਣ ਦਾ ਕਾਰਨ ਸੁਖਬੀਰ ਬਾਦਲ ਹਨ। ਬੱਚੇ ਨੂੰ 6 ਮਹੀਨਿਆਂ ਵਿਚ ਪੈਦਾ ਕਰ ਦਿੱਤਾ। ਬਿਨਾਂ ਤਿਆਰੀ ਦੇ ਪ੍ਰਾਜੈਕਟ ਨੂੰ ਚਾਲੂ ਕਰ ਦਿੱਤਾ ਗਿਆ। ਹੁਣ ਸਾਡੇ 'ਤੇ ਦੋਸ਼ ਲਾਇਆ ਜਾ ਰਿਹਾ ਹੈ। ਅਸੀਂ ਇਸਨੂੰ ਪੂਰੀ ਤਿਆਰੀ ਨਾਲ ਚਾਲੂ ਕਰਾਂਗੇ। 
ਤੁਹਾਡੇ ਵਿਆਹ ਦੀ 30ਵੀਂ ਵਰ੍ਹੇਗੰਢ 'ਤੇ ਤੁਹਾਡੀ ਪਤਨੀ ਨਾਰਾਜ਼ ਕਿਵੇਂ ਹੋ ਗਈ?
ਜਵਾਬ : ਹੱਸਦੇ ਹੋਏ, ਕੋਈ ਸ਼ੱਕ ਨਹੀਂ ਕਿ ਉਹ ਗੁੱਸੇ ਹੋ ਕੇ ਸ਼੍ਰੀਨਗਰ ਚਲੀ ਗਈ। ਗ੍ਰਹਿ ਮੰਤਰਾਲਾ ਦੇ ਅੱਗੇ ਕੁਝ ਨਹੀਂ ਚਲਦਾ। ਪਹਿਲਾਂ ਮੈਂ ਵੀ ਉਸ ਦੇ ਨਾਲ ਜਾਣਾ ਚਾਹੁੰਦਾ ਸੀ ਪਰ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਆਪਣੀ ਟੀਮ ਭੇਜ ਰਿਹਾ ਹਾਂ ਤਾਂ ਮੈਨੂੰ ਰੁਕਣਾ ਪਿਆ ਅਤੇ ਮੇਰੀ ਪਤਨੀ ਵੀ ਮੈਨੂੰ ਪੰਜਾਬ ਲਈ ਕੰਮ ਕਰਨ ਤੋਂ ਨਹੀਂ ਰੋਕਦੀ।