ਕਾਂਗਰਸ 'ਚੋਂ ਕੱਢੇ ਜਾਣ ਦੀ ਚਰਚਾ 'ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ, ਕੱਢੀ ਖ਼ੂਬ ਭੜਾਸ

02/08/2024 6:53:33 PM

ਜਲੰਧਰ (ਵੈੱਬ ਡੈਸਕ)- ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਅਤੇ ਪਾਰਟੀ ਵਿਚੋਂ ਕੱਢੇ ਜਾਣ ਦੀ ਚੱਲ ਰਹੀ ਚਰਚਾ 'ਤੇ ਨਵਜੋਤ ਸਿੰਘ ਸਿੱਧੂ ਨੇ ਖੁੱਲ੍ਹ ਕੇ ਭੜਾਸ ਕੱਢੀ ਹੈ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਕੀਤੀ ਗਈ ਵਿਸ਼ੇਸ਼ ਇੰਟਰਵਿਊ ਵਿਚ ਪਾਰਟੀ ਵਿਚੋਂ ਕੱਢੇ ਜਾਣ ਦੀ ਚਰਚਾ 'ਤੇ ਬੋਲਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਅਸੀਂ ਕਾਂਗਰਸੀ ਹਾਂ, ਸਾਨੂੰ ਜਿੱਥੇ ਮਰਜ਼ੀ, ਜੋ ਮਰਜ਼ੀ ਜਦੋਂ ਮਰਜ਼ੀ ਕੱਢ ਦੇਣ ਪਰ ਸਾਡੇ ਅੰਦਰੋਂ ਕਾਂਗਰਸ ਦੀ ਵਿਚਾਰਧਾਰਾ ਨੂੰ ਕੋਈ ਨਹੀਂ ਕੱਢ ਸਕਦਾ।  ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਦੇ ਨਾਲ ਇਕ ਫ਼ੀਸਦੀ ਵੀ ਮੇਰੀ ਕੋਈ ਨਾਰਾਜ਼ਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਚੀਜ਼ਾਂ ਵਿਰੋਧੀਆਂ ਨੂੰ ਸੂਟ ਕਰਦੀਆਂ ਹਨ। ਮੇਰਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨਹੀਂ, ਵਿਰੋਧ ਤਾਂ ਪੰਜਾਬ ਦੀ ਤਰੱਕੀ ਅਤੇ 3 ਕਰੋੜ ਪੰਜਾਬੀਆਂ ਦੀ ਤਰੱਕੀ ਦਾ ਹੈ। 

ਕਾਂਗਰਸ ਪਾਰਟੀ ਦੇ ਸਮਾਰੋਹ ਵਿਚ ਸ਼ਾਮਲ ਨਾ ਹੋਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਜਿੱਥੇ ਸਨਮਾਨ ਮਿਲਦਾ ਹੈ, ਉਥੇ ਕੋਈ ਕਿਉਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚੋਂ ਹਰ ਕੋਈ ਉੱਠ ਕੇ ਮੈਨੂੰ ਕੱਢਣ ਦੀ ਗੱਲ ਕਰਨ ਲੱਗ ਜਾਂਦਾ ਹੈ ਜਦਕਿ ਮੈਂ ਕਦੇ ਵੀ ਕਿਸੇ ਖ਼ਿਲਾਫ਼ ਨਹੀਂ ਬੋਲਿਆ। ਮੈਂ ਕਿਹੜਾ ਕੋਈ ਗੁਨਾਹ ਕੀਤਾ ਹੈ ਜਾਂ ਜਿੱਥੇ 15 ਹਜ਼ਾਰ ਲੋਕਾਂ ਦਾ ਇਕੱਠ ਹੋਇਆ ਸੀ, ਉਨ੍ਹਾਂ ਨੇ ਕਿਹੜਾ ਕੋਈ ਗੁਨਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਵੇਂਦਰ ਯਾਦਵ ਸਾਬ੍ਹ ਨੇ ਮੇਰੇ ਨਾਲ ਗੱਲਬਾਤ ਕੀਤੀ ਸੀ ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੇਰੇ ਪ੍ਰੋਗਰਾਮ ਬਣੇ ਹੋਏ ਸਨ।

ਇਹ ਵੀ ਪੜ੍ਹੋ: ਜਲੰਧਰ ਪੁਲਸ ਦੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਦੇ 8 ਗੈਂਗਸਟਰ ਹਥਿਆਰ ਤੇ ਕਾਰਤੂਸ ਸਣੇ ਗ੍ਰਿਫ਼ਤਾਰ

ਨਵਜੋਤ ਸਿੰਘ ਸਿੱਧੂ ਇਹ ਸਭ ਲੋਕਾਂ ਲਈ ਹੀ ਕਰ ਰਿਹਾ ਹੈ। ਸਿੱਧੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਮਹਿੱਕਾਰਜੁਨ ਖੜ੍ਹਗੇ ਕਹਿੰਦੇ ਹਨ, ਲੋਕਾਂ ਨਾਲ ਸੰਪਰਕ ਕਰੋ ਅਤੇ ਲੋਕਾਂ ਨਾਲ ਕਿਵੇਂ ਸੰਪਰਕ ਹੋਵੇਗਾ? ਕਾਂਗਰਸ ਵਰਕਰਾਂ ਵਿਚ ਜਾ ਕੇ। ਉਥੇ ਦੋ-ਦੋ ਪ੍ਰਧਾਨ ਬੈਠੇ ਹਨ, 10 ਸਾਬਕਾ ਵਿਧਾਇਕ ਬੈਠੇ ਹਨ, ਜੋਕਿ ਸਾਰੇ ਕਾਂਗਰਸੀ ਹਨ। ਅਸੀਂ ਕਾਂਗਰਸੀ ਹਾਂ, ਸਾਨੂੰ ਜਿੱਥੇ ਮਰਜ਼ੀ, ਜੋ ਮਰਜ਼ੀ ਜਦੋਂ ਮਰਜ਼ੀ ਕੱਢ ਦੇਣ ਪਰ ਸਾਡੇ ਅੰਦਰੋਂ ਕਾਂਗਰਸ ਦੀ ਵਿਚਾਰਧਾਰਾ ਨੂੰ ਕੋਈ ਨਹੀਂ ਕੱਢ ਸਕਦਾ। ਨਵਜੋਤ ਸਿੰਘ ਸਿੱਧੂ ਪਹਿਲਾਂ ਵਾਂਗ ਹੀ ਕਾਂਗਰਸ ਦੇ ਪੱਖ ਵਿਚ ਰਾਹੁਲ ਗਾਂਧੀ ਦੀ ਵਿਚਾਰ ਧਾਰਾ ਵਿਚ ਖੜ੍ਹਿਆ ਹੈ। ਸਾਡੇ ਰਹਿਣ-ਸਹਿਣ, ਸਾਡੀਆਂ ਜ਼ੁਬਾਨਾਂ, ਸਾਡੇ ਕਲਚਰ ਵੱਖ ਹੋ ਸਕਦੇ ਹਨ ਪਰ ਅਸੀਂ ਇਕ ਪਰਿਵਾਰ ਦੀ ਏਕਤਾ ਵਿਚ ਅਨੇਕਾਂ ਬਣ ਕੇ ਇਕ ਸੂਤਰ ਵਿਚ ਪਿਰੋਏ ਹੋਏ ਹਾਂ ਅਤੇ ਉਸ ਅਨੇਕਤਾ ਦੀ ਏਕਤਾ ਵਿਚ ਹੀ ਸਿੱਧੂ ਬੰਨ੍ਹਿਆ ਹੋਇਆ ਹੈ। ਇਹੀ ਗੁਰੂਆਂ ਦੀ ਵਿਚਾਰ ਧਾਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜਦੋਂ ਵੀ ਕੋਈ ਵੰਡਣ ਦੀ ਕੋਸ਼ਿਸ਼ ਕਰਦਾ ਹੈ, ਉਹ ਗੁੰਮਦਾ ਨਹੀਂ ਸਗੋਂ ਖ਼ਤਮ ਹੋ ਜਾਂਦਾ ਹੈ। ਜਿਨ੍ਹਾਂ ਨੇ ਧਰਮ ਨੂੰ ਘੋੜਾ ਬਣਾ ਕੇ ਰਾਜਨੀਤੀ ਦੇ ਵਿਚ ਚੰਮ ਦੀਆਂ ਚਲਾਈਆਂ, ਉਹ ਵੀ ਖ਼ਤਮ ਹੋ ਗਏ। 


ਨਵਜੋਤ ਸਿੰਘ ਸਿੱਧੂ ਜਾਤ-ਪਾਤ ਦੇ ਖ਼ਿਲਾਫ਼ ਹੈ। ਪਾਰਟੀ ਦੇ ਲੀਡਰਾਂ ਵੱਲੋਂ ਸਿੱਧੂ ਨੂੰ ਕੱਢੇ ਜਾਣ ਦੀ ਕੀਤੀ ਗਈ ਮੰਗ 'ਤੇ ਬੋਲਦੇ ਹੋਏ ਕਿਹਾ ਕਿ ਇਹ ਹਾਲਾਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਨੂੰ ਵਰਤਣਾ ਸੀ ਉਦੋਂ ਪ੍ਰਧਾਨ ਬਣਾ ਦਿੱਤਾ। ਕੀ ਕੈਪਟਨ ਖ਼ਿਲਾਫ਼ ਕਦੇ ਕਿਸੇ ਵਿਚ ਬੋਲਣ ਦਾ ਦਮ ਸੀ। ਕੈਪਟਨ ਨੂੰ ਮੀਟਿੰਗ ਵਿਚ ਮੈਂ ਹੀ ਠੋਕਦਾ ਸੀ। ਉਹੀ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਮੈਨੂੰ ਲਾਹ ਦਿੱਤਾ ਸੀ, ਉਹੀ 6 ਮਹੀਨੇ ਪਹਿਲਾਂ ਮੈਨੂੰ ਲੰਚ-ਡੀਨਰ 'ਤੇ ਬੁਲਾਉਂਦਾ ਸੀ ਤਾਂ ਡਿਪਟੀ ਬਣਨ ਲਈ ਕਹਿੰਦਾ ਰਿਹਾ। ਉਨ੍ਹਾਂ ਕਿਹਾ ਸਿੱਧੂ ਦੇ ਜੋ ਵਿਚਾਰਕ ਸਤਭੇਦ ਹਨ, ਉਹ ਕਿਸੇ ਨਿੱਜੀ ਦੇ ਨਾਲ ਟਕਰਾਅ ਨਹੀਂ ਬਣਾਏ ਜਾ ਸਕਦੇ। ਸੱਤਾ ਹਾਸਲ ਕਰਨ ਲਈ, ਵੋਟਾਂ ਲੈਣ ਲਈ ਸੱਤਾ ਹਾਸਲ ਨਹੀਂ ਕਰਨੀ ਸਗੋਂ ਲੋਕਾਂ ਦੀ ਭਲਾਈ ਲਈ ਸੱਤਾ ਹਾਸਲ ਕਰਨੀ ਹੈ। ਜਿਹੜੇ ਲੀਡਰ ਮੇਰੇ ਖ਼ਿਲਾਫ਼ ਹਨ, ਇਹ ਸਾਰੇ ਪੌਨੇ ਪੰਜ ਸਾਲ ਮੇਰੇ ਨਾਲ ਇਕੱਠੇ ਰਹੇ ਹਨ। ਹੁਣ ਕੀ ਹੋ ਗਿਆ ਹੈ, ਇਨ੍ਹਾਂ ਨੂੰ। ਜਦਕਿ ਸਿੱਧੂ ਨੂੰ ਤਾਂ ਕੁਝ ਵੀ ਨਹੀਂ ਹੋਇਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੋ ਹਾਈਕਮਾਂਡ ਨੇ ਕਿਹਾ ਕਿ ਮੈਂ ਤਾਂ ਉਹ ਅਸੈਪਟ ਕੀਤਾ ਹੈ। ਪਾਰਟੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਹੋਣ ਦੀਆਂ ਚਰਚਾਵਾਂ 'ਤੇ ਬੋਲਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਨੂੰ ਕਦੇ ਵੀ ਕੋਈ ਨੋਟਿਸ ਜਾਰੀ ਨਹੀਂ ਹੋਇਆ ਹੈ। ਮੈਂ ਕਦੇ ਪਾਰਟੀ ਦੇ ਖ਼ਿਲਾਫ਼ ਨਹੀਂ ਬੋਲਿਆ। ਸਿੱਧੂ ਪਾਰਟੀ ਤੋਂ ਕਦੇ ਵੱਖਰਾ ਨਹੀਂ ਚੱਲਿਆ। 15 ਹਜ਼ਾਰ ਲੋਕਾਂ ਦਾ ਇਕੱਠ ਵੀ ਪਾਰਟੀ ਦੇ ਨਾਂ 'ਤੇ ਹੋਇਆ ਹੈ। 

ਦੱਸ ਦਈਏ ਕਿ ਕਾਂਗਰਸ ਦੇ ਆਗੂਆਂ ਵੱਲੋਂ ਪਾਰਟੀ ਹਾਈ ਕਮਾਨ ਨੂੰ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਰਵਾਈ ਲਈ ਲਿਖਿਆ ਗਿਆ ਹੈ।  ਜ਼ਿਕਰਯੋਗ ਹੈ ਕਿ 4 ਦਿਨ ਪਹਿਲਾਂ ਪਾਰਟੀ ਦੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਵੱਲੋਂ 11 ਫਰਵਰੀ ਨੂੰ ਸਮਰਾਲਾ ਵਿੱਚ ਹੋਣ ਵਾਲੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਸਾਰੇ ਪਾਰਟੀ ਆਗੂਆਂ ਦੀ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚੋਂ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਸਮਰਥਕ ਗ਼ੈਰ-ਹਾਜ਼ਰ ਰਹੇ ਸਨ। ਇਸੇ ਦੌਰਾਨ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨਾਲ ਪਾਰਟੀ ਦੇ ਤਿੰਨ ਸਾਬਕਾ ਮੁਖੀ ਮੌਜੂਦ ਸਨ। ਇਸ ਤਸਵੀਰ ਨਾਲ ਸਿੱਧੂ ਨੇ ਲਿਖਿਆ ਸੀ, ‘ਰਾਜਨੀਤੀ ਦੇ ਤਾਜ਼ਾ ਹਾਲਾਤ ’ਤੇ ਚਰਚਾ ਕਰਦੇ ਹੋਏ।’ ਇਹ ਤਸਵੀਰ ਵਾਇਰਲ ਹੋਣ ਮਗਰੋਂ ਕਾਂਗਰਸੀ ਆਗੂਆਂ ਨੇ ਪੂਰੇ ਮਾਮਲੇ ਦੀ ਰਿਪੋਰਟ ਬਣਾ ਕੇ ਪਾਰਟੀ ਹਾਈ ਕਮਾਨ ਨੂੰ ਭੇਜ ਦਿੱਤੀ ਸੀ। 
 

ਇਹ ਵੀ ਪੜ੍ਹੋ:  ਪੰਜਾਬ ਦੇ ਇਸ ਜ਼ਿਲ੍ਹੇ 'ਚ ਪੈ ਰਹੀ ਹੱਡ ਚੀਰਵੀਂ ਠੰਡ ਨੇ ਠਾਰੇ ਲੋਕ, ਜਾਣੋ ਅਗਲੇ ਦਿਨਾਂ ਦਾ ਹਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri