ਆਖਰ ਨਵਜੋਤ ਸਿੱਧੂ ਨੂੰ ਛੱਡਣੀ ਹੀ ਪਈ ਆਪਣੀ ਜ਼ਿੱਦ

10/18/2018 1:28:49 PM

ਲੁਧਿਆਣਾ (ਹਿਤੇਸ਼) : ਇਸ਼ਤਿਹਾਰ ਟੈਂਡਰ ਦੀ ਰਿਜ਼ਰਵ ਪ੍ਰਾਈਸ ਘੱਟ ਕਰਨ ਬਾਰੇ ਜੋ ਮੰਗ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਨਾ-ਮਨਜ਼ੂਰ ਕਰ ਦਿੱਤੀ ਸੀ, ਉਹ ਜ਼ਿੱਦ ਹੁਣ ਸਿੱਧੂ ਨੇ ਛੱਡ ਦਿੱਤੀ ਹੈ, ਜਿਸ ਦੇ ਤਹਿਤ ਰਿਜ਼ਰਵ ਪ੍ਰਾਈਸ ਵਿਚ 10 ਫੀਸਦੀ ਕਟੌਤੀ ਤੋਂ ਬਾਅਦ ਫਿਰ ਤੋਂ ਇਸ਼ਤਿਹਾਰ ਟੈਂਡਰ ਲਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਲੁਧਿਆਣਾ 'ਚ ਮਨਜ਼ੂਰਸ਼ੁਦਾ ਸਾਈਟਾਂ 'ਤੇ ਇਸ਼ਤਿਹਾਰਬਾਜ਼ੀ ਦੇ ਅਧਿਕਾਰ ਦੇਣ ਲਈ ਟੈਂਡਰ ਲਾਉਣ ਦੀ ਸਾਰੀ ਪ੍ਰਕਿਰਿਆ ਸਿੱਧੂ ਦੀ ਨਿਗਰਾਨੀ 'ਚ ਹੋਈ ਹੈ।

ਇਸ ਦੇ ਤਹਿਤ ਪਹਿਲਾਂ 200 ਕਰੋੜ ਰੁਪਏ ਇਕੱਠੇ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਇਕ ਦੇ ਬਾਅਦ ਇਕ ਕਰ ਕੇ ਇਹ ਆਂਕੜਾ 30 ਕਰੋੜ 'ਤੇ ਰੁਕ ਕੇ ਰਹਿ ਗਿਆ। ਇਹ ਰਿਜ਼ਰਵ ਪ੍ਰਾਈਸ ਘੱਟ ਕਰਨ ਬਾਰੇ ਕੰੰਪਨੀਆਂ ਵਲੋਂ ਕੀਤੀ ਗਈ ਮੰਗ ਨੂੰ ਸਿੱਧੂ ਨੇ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਟੈਂਡਰ 100 ਕਰੋੜ ਰੁਪਏ ਤੱਕ ਜਾ ਸਕਦਾ ਹੈ ਪਰ ਹੋਇਆ ਇਸ ਦੇ ਉਲਟ, ਜਿਸ ਦੇ ਤਹਿਤ ਇਕ ਵੀ ਕੰਪਨੀ ਨੇ ਟੈਂਡਰ 'ਚ ਹਿੱਸਾ ਨਹੀਂ ਲਿਆ। ਇਸ 'ਤੇ ਸਿੱਧੂ ਨੇ ਜ਼ਿੱਦ ਛੱਡ ਦਿੱਤੀ ਹੈ, ਜਿਸ ਦੇ ਤਹਿਤ ਰਿਜ਼ਰਵ ਪ੍ਰਾਈਸ ਵਿਚ 10 ਫੀਸਦੀ ਕਟੌਤੀ ਤੋਂ ਬਾਅਦ ਫਿਰ ਤੋਂ ਇਸ਼ਤਿਹਾਰ ਟੈਂਡਰ ਲਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ।

ਟੈਂਡਰ ਨੂੰ ਸਿਰੇ ਚਾੜ੍ਹਨ  ਲਈ ਪਹਿਲਾਂ ਟੈਂਡਰ ਪੀਰੀਅਡ ਨੂੰ 5 ਤੋਂ ਵਧਾ ਕੇ 7 ਸਾਲ ਕਰ ਦਿੱਤਾ ਗਿਆ ਸੀ, ਹੁਣ ਟੈਂਡਰ ਭਰਨ ਲਈ ਸਕਿਓਰਟੀ ਰਾਸ਼ੀ ਨੂੰ 2 ਫੀਸਦੀ ਤੋਂ ਘਟਾ ਕੇ ਅੱਧਾ ਕਰ ਦਿੱਤਾ ਗਿਆ ਹੈ। ਪਹਿਲਾਂ ਟੈਂਡਰ 'ਚ ਵਰਕ ਆਰਡਰ ਜਾਰੀ ਹੋਣ ਦੇ ਡੇਢ ਮਹੀਨੇ  ਅੰਦਰ ਇਸ਼ਤਿਹਾਰ ਸਾਈਟਾਂ ਦਾ ਨਿਰਮਾਣ ਪੂਰਾ ਕਰਨ ਦੀ ਸ਼ਰਤ ਰੱਖੀ ਗਈ ਸੀ, ਜਿਸ ਨੂੰ ਹੁਣ ਵਧਾ ਕੇ ਡਬਲ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਨਗਰ ਨਿਗਮ ਨੂੰ ਫੀਸ ਮਿਲਣੀ ਸ਼ੁਰੂ ਹੋਵੇਗੀ।