ਨਗਰ ਨਿਗਮ ’ਚ ਆਊਟ ਸੋਰਸਿੰਗ ਰਾਹੀਂ ਕੰਮ ਕਰ ਰਹੇ ਸਟਾਫ ਦੀ ਹੋਵੇਗੀ ਛੁੱਟੀ : ਸਿੱਧੂ ਨੇ ਮੰਗੀ ਰਿਪੋਰਟ

07/24/2018 4:10:41 AM

ਲੁਧਿਆਣਾ(ਹਿਤੇਸ਼)-ਨਗਰ ਨਿਗਮ ’ਚ ਆਊਟ ਸੋਰਸਿੰਗ ਰਾਹੀਂ ਕੰਮ ਕਰ ਰਹੇ ਸਟਾਫ ਦੀ ਆਉਣ ਵਾਲੇ ਦਿਨਾਂ ਵਿਚ ਛੁੱਟੀ ਹੋ ਜਾਵੇਗੀ, ਜਿਸ ਦੇ ਤਹਿਤ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਫਾਰਗ ਕਰ ਕੇ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ।  ਇਥੇ ਦੱਸਣਾ ਠੀਕ ਹੋਵੇਗਾ ਕਿ ਲੋਕਲ ਬਾਡੀਜ਼ ਵਿਭਾਗ ’ਚ ਕਾਫੀ ਸਮੇਂ ਤੋਂ ਨਵੀਂ ਭਰਤੀ ਜਾਂ ਪ੍ਰਮੋਸ਼ਨ ਨਾ ਹੋਣ ਕਾਰਨ ਕਾਫੀ ਮਨਜ਼ੂਰਸ਼ੁਦਾ ਪੋਸਟਾਂ ਖਾਲੀ ਪਈਆਂ ਹਨ। ਅਹਿਜੇ ’ਚ ਰੈਗੂਲਰ ਸਟਾਫ ਦੀ ਕਮੀ ਕਾਰਨ ਕੰਮ ਪ੍ਰਭਾਵਿਤ ਹੋਣ ਦਾ ਹਵਾਲਾ ਦਿੰਦੇ ਹੋਏ ਨਗਰ ਨਿਗਮ ਦੀ ਓ. ਐਂਡ ਐੱਮ. ਅਤੇ ਬੀ. ਐਂਡ ਆਰ. ਸ਼ਾਖਾ ਵਿਚ ਆਊਟ ਸੋਰਸਿੰਗ ਜ਼ਰੀਏ ਮੁਲਾਜ਼ਮ ਰੱਖੇ ਗਏ ਹਨ, ਇਨ੍ਹਾਂ ਵਿਚ ਜੇ. ਈ. ਅਤੇ ਐੱਸ. ਡੀ. ਓ. ਮੁੱਖ ਰੂਪ ਨਾਲ ਸ਼ਾਮਲ ਹਨ। ਇਸ ਨੂੰ ਲੈ ਕੇ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਭੇਜੇ ਗਏ ਪੱਤਰ ਵਿਚ ਸਿੱਧੂ ਵਲੋਂ ਮੁੱਦਾ ਚੁੱਕਿਆ ਗਿਆ ਹੈ ਕਿ ਨਗਰ ਨਿਗਮਾਂ ਵਲੋਂ ਠੇਕੇ ’ਤੇ ਜਾਂ ਆਊਟ ਸੋਰਸਿੰਗ ਰਾਹੀਂ ਮੁਲਾਜ਼ਮ ਰੱਖਣ ਦੀ ਪ੍ਰਕਿਰਿਆ ’ਚ ਸਬੰਧਤ ਅਥਾਰਟੀ ਦੀ ਮਨਜ਼ੂਰੀ ਨਹੀਂ ਲਈ ਜਾਂਦੀ। ਜੋ ਪ੍ਰਕਿਰਿਆ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸ ਸਮੇਂ ਆਊਟ ਸੋਰਸਿੰਗ ਜਾਂ ਠੇਕੇ ਦੇ ਤਹਿਤ ਕੰਮ ਕਰ ਰਹੇ ਮੁਲਾਜ਼ਮਾਂ ਦੀ ਲਿਸਟ ਭੇਜਣ ਲਈ ਕਿਹਾ ਗਿਆ ਹੈ।
ਧਾਂਦਲੀ ਜਾਂ ਲਾਪ੍ਰਵਾਹੀ ਨੂੰ ਲੈ ਕੇ ਇਨ੍ਹਾਂ ਮੁਲਾਜ਼ਮਾਂ ’ਤੇ ਨਹੀਂ ਹੋ ਸਕਦੀ ਕਾਰਵਾਈ
 ਆਊਟ ਸੋਰਸਿੰਗ ਰਾਹੀਂ ਰੱਖੇ ਗਏ ਮੁਲਾਜ਼ਮਾਂ ਵਲੋਂ ਵਿਕਾਸ ਕਾਰਜਾਂ ਦੇ ਬਿੱਲ ਬਣਾਉਣ ਦੇ ਕੇਸ ਵਿਚ ਜੇਕਰ ਕੋਈ ਧਾਂਦਲੀ ਕੀਤੀ ਜਾਂਦੀ ਹੈ ਜਾਂ ਉਨ੍ਹਾਂ ਵਲੋਂ ਡਿਊਟੀ ਪ੍ਰਤੀ ਲਾਪ੍ਰਵਾਹੀ ਵਰਤਣ ਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਉਨ੍ਹਾਂ ਨੂੰ ਚਾਰਜਸ਼ੀਟ ਜਾਂ ਸਸਪੈਂਡ ਕਰਨ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਸਿਰਫ ਉਨ੍ਹਾਂ ਨੂੰ ਫਾਰਗ ਹੀ ਕੀਤਾ ਜਾ ਸਕਦਾ ਹੈ।
 ਭਾਈ-ਭਤੀਜਾਵਾਦ ਦਾ ਰਿਹੈ ਜ਼ੋਰ
 ਨਗਰ ਨਿਗਮ ’ਚ ਆਊਟ ਸੋਰਸ ਸਟਾਫ ਰੱਖਣ ਦੀ ਪ੍ਰਕਿਰਿਆ ਵਿਚ ਭਾਈ-ਭਤੀਜਾਵਾਦ ਦਾ ਜ਼ੋਰ ਰਿਹਾ ਹੈ, ਜਿਸ ਤਹਿਤ ਅਫਸਰਾਂ ਅਤੇ ਆਗੂਆਂ ਦੇ ਕਰੀਬੀਆਂ ਦੇ ਨਾਮ ਕੰਪਨੀ ਨੂੰ ਭੇਜ ਦਿੱਤੇ ਜਾਂਦੇ ਸਨ। ਫਿਰ ਕੰਪਨੀ ਵਲੋਂ ਨਗਰ ਨਿਗਮ ਦੀ ਮੰਗ ’ਤੇ ਉਨ੍ਹਾਂ ਨਾਵਾਂ ਦੀ ਹੀ ਲਿਸਟ ਮੁਹੱਈਆ ਕਰਵਾਈ ਜਾਂਦੀ ਸੀ,  ਜਿਨ੍ਹਾਂ ’ਚੋਂ ਰੱਖੇ ਜਾਣ ਵਾਲੇ ਸਟਾਫ ਦੀ ਲਿਸਟ ਕੰਪਨੀ ਨੂੰ ਵਾਪਸ ਚਲੀ ਜਾਂਦੀ ਸੀ ਪਰ ਇਸ ਤਰ੍ਹਾਂ ਸਲੈਕਸ਼ਨ ਕਰਨ ਲਈ ਕੋਈ ਮਾਪਦੰਡ ਤੈਅ ਨਹੀਂ ਕੀਤੇ ਗਏ ਸਨ।
ਪਿਓ-ਪੁੱਤ ਨੇ ਜਮਾਇਆ ਹੋਇਐ ਕਬਜ਼ਾ
 ਨਗਰ ਨਿਗਮ ਦੇ ਓ. ਐਂਡ ਐੱਮ. ਸੈੱਲ ਵਿਚ ਆਊਟ ਸੋਰਸਿੰਗ ਰਾਹੀਂ ਆਏ ਇਕ ਪਿਓ-ਪੁੱਤ ਨੇ ਕਬਜ਼ਾ ਜਮਾਇਆ ਹੋਇਆ ਹੈ। ਇਨ੍ਹਾਂ ’ਚੋਂ ਬਾਪ ਦੀ ਰਿਟਾਇਰਮੈਂਟ ਹੋਣ ਤੋਂ ਕਾਫੀ ਸਮਾਂ ਬਾਅਦ ਉਸ ਨੂੰ ਵਾਪਸ ਓ. ਐਂਡ ਐੱਮ. ਸੈੱਲ ਵਿਚ ਲੈ ਲਿਆ ਗਿਆ। ਇਸ ਅਧਿਕਾਰੀ ਦੇ ਨਾਮ ’ਤੇ ਜ਼ੋਨ ਸੀ ਵਿਚ ਰਹਿੰਦੇ ਹੋਏ ਸੈਂਕਸ਼ਨਾਂ ਦੀ ਆਡ਼ ਵਿਚ ਜੰਮ ਕੇ ਫਰਜ਼ੀਵਾਡ਼ਾ ਕਰਨ ਦਾ ਰਿਕਾਰਡ ਹੈ। ਹੁਣ ਇਹ ਅਧਿਕਾਰੀ ਸੀਵਰੇਜ ਟ੍ਰੀਟਮੈਂਟ ਪਲਾਂਟ ’ਤੇ ਰਹਿ ਕੇ ਧਾਂਦਲੀ ਨੂੰ ਅੰਜਾਮ ਦੇ ਰਿਹਾ ਹੈ, ਜਿਸ ਅਫਸਰ ਨੇ ਆਪਣੇ ਬੇਟੇ ਨੂੰ ਵੀ ਆਊਟ ਸੋਰਸਿੰਗ ਰਾਹੀਂ ਓ. ਐਂਡ ਐੱਮ. ਸੈੱਲ ਵਿਚ ਰਖਵਾਇਆ ਹੋਇਆ ਹੈ।
ਇਕ ਹੀ ਇਲਾਕੇ ’ਚ ਹਨ ਕਾਬਜ਼ ਆਊਟ ਸੋਰਸਿੰਗ ਰਾਹੀਂ ਆਏ ਅਫਸਰ
 ਇਸ ਕੇਸ ਨਾਲ ਜੁਡ਼ਿਆ ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਜਿੰਨੇ ਅਫਸਰ ਆਊਟ ਸੋਰਸਿੰਗ ਰਾਹੀਂ ਆਏ ਹਨ, ਉਹ ਲੰਬੇ ਸਮੇਂ ਤੋਂ ਇਕ ਹੀ ਸ਼ਾਖਾ ਤੇ ਇਲਾਕੇ ਵਿਚ ਕਾਬਜ਼ ਹਨ, ਕਿਉਂਕਿ ਉਨ੍ਹਾਂ ਦੀ ਉੱਥੇ ਬੈਠੇ ਅਫਸਰਾਂ ਨਾਲ ਸੈਟਿੰਗ ਹੋ ਚੁੱਕੀ ਹੈ ਅਤੇ ਉੱਚ ਅਫਸਰਾਂ ਨੇ ਵੀ ਇਨ੍ਹਾਂ ਮੁਲਾਜ਼ਮਾ ਦਾ ਜ਼ੋਨ ਬਦਲਣ ਦੀ ਲੋਡ਼ ਨਹੀਂ ਸਮਝੀ।