ਸਿੱਧੂ ਦੀ ਸ਼ਵੇਤ ਮਲਿਕ ਨੂੰ ਚੁਣੌਤੀ : ਕਤਿਓਂ ਵੀ ਕੌਂਸਲਰ ਦੀ ਹੀ ਚੋਣ ਜਿੱਤ ਕੇ ਦਿਖਾਉਣ ਮਲਿਕ

07/17/2018 6:06:33 AM

ਅੰਮ੍ਰਿਤਸਰ(ਮਹਿੰਦਰ)—ਸਥਾਨਕ ਭੰਡਾਰੀ ਪੁਲ 'ਤੇ 41 ਕਰੋੜ ਦੀ ਲਾਗਤ ਨਾਲ ਬਣਿਆ ਚਾਰ ਮਾਰਗੀ ਫਲਾਈਓਵਰ ਜਨਤਾ ਨੂੰ ਸਮਰਪਿਤ ਕਰਨ ਤੋਂ ਬਾਅਦ ਅੱਜ ਸਥਾਨਕ ਬਚਤ ਭਵਨ ਵਿਚ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਦੇ ਨਾਲ ਪ੍ਰੈੱਸ ਕਾਨਫਰੰਸ ਵਿਚ ਪਹੁੰਚੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਉਸ ਸਮੇਂ ਗੁੱਸੇ ਵਿਚ ਆ ਗਏ ਜਦੋਂ ਭਾਜਪਾ ਸੰਸਦ ਮੈਂਬਰ ਅਤੇ ਪ੍ਰਦੇਸ਼ ਪ੍ਰਧਾਨ ਸ਼ਵੇਕ ਮਲਿਕ ਵਲੋਂ ਸਮੇਂ-ਸਮੇਂ 'ਤੇ ਉਠਾਏ ਗਏ ਮੱਖੂ ਰੇਲਵੇ ਲਿੰਕ ਦੇ ਮੁੱਦੇ 'ਤੇ ਉਨ੍ਹਾਂ ਤੋਂ ਇਕ ਸਵਾਲ ਪੁੱਛਿਆ ਗਿਆ। ਹਾਲਾਂਕਿ ਉਸ ਦੌਰਾਨ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਉਸ ਸਵਾਲ ਦਾ ਜਵਾਬ ਹੀ ਦੇ ਰਹੇ ਸਨ ਕਿ ਸਿੱਧੂ ਨੇ ਮਲਿਕ 'ਤੇ ਅਗਲਾ-ਪਿਛਲਾ ਸਾਰਾ ਗੁੱਸਾ ਕੱਢਦੇ ਹੋਏ ਇਥੋਂ ਤੱਕ ਕਹਿ ਦਿੱਤਾ ਕਿ ਮਲਿਕ ਨੂੰ ਪ੍ਰਦੇਸ਼ ਦੀ ਜਨਤਾ ਨੇ ਚੁਣ ਕੇ ਸੰਸਦ ਮੈਂਬਰ ਨਹੀਂ ਬਣਾਇਆ ਸੀ, ਸਗੋਂ ਪਾਰਟੀ ਦੇ ਉੱਚ ਨੇਤਾਵਾਂ ਦੀ ਚਾਪਲੂਸੀ ਅਤੇ ਚਮਚਾਗਿਰੀ ਕਰਨ ਕਾਰਨ ਹੀ ਉਹ ਰਾਜ ਸਭਾ ਸੰਸਦ ਮੈਂਬਰ ਹੀ ਨਹੀਂ, ਸਗੋਂ ਪ੍ਰਦੇਸ਼ ਪ੍ਰਧਾਨ ਵੀ ਬਣੇ ਹਨ। ਸਿੱਧੂ ਨੇ ਤਾਂ ਮਲਿਕ ਨੂੰ ਖੁੱਲ੍ਹੀ ਚੁਣੌਤੀ ਦੇ ਦਿੱਤੀ ਕਿ ਉਹ ਜੇਕਰ ਇੰਨੇ ਹੀ ਲੋਕਪ੍ਰਿਯ ਨੇਤਾ ਹਨ ਤਾਂ ੰਕਿਤਿਓਂ ਵੀ ਕੌਂਸਲਰ ਦੀ ਚੋਣ ਜਿੱਤ ਕੇ ਦਿਖਾ ਦੇਣ।
ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਨਿਗਮ ਦੀਆਂ ਹੋਈਆਂ ਚੋਣਾਂ ਵਿਚ ਮਲਿਕ ਨਿਗਮ ਦੇ ਜਿਸ ਵਾਰਡ ਵਿਚ ਖੁਦ ਰਹਿੰਦੇ ਹਨ, ਉਸ ਵਾਰਡ ਤੋਂ ਹੀ ਉਹ ਆਪਣੀ ਪਾਰਟੀ ਦੇ ਕੌਂਸਲਰ ਨੂੰ ਜਿੱਤ ਤਾਂ ਦਿਵਾ ਨਹੀਂ ਸਕੇ, ਸਗੋਂ ਇਸਦੇ ਉਲਟ ਉਨ੍ਹਾਂ ਦੀ ਪਾਰਟੀ ਦੀ ਕੌਂਸਲਰ ਨੂੰ ਵੋਟਾਂ ਦੇ ਭਾਰੀ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਜਪਾ ਦਾ ਜੋ ਪ੍ਰਦੇਸ਼ ਪ੍ਰਧਾਨ ਆਪਣੇ ਘਰ ਵਾਲੇ ਵਾਰਡ ਤੋਂ ਹੀ ਪਾਰਟੀ ਦੇ ਕਿਸੇ ਕੌਂਸਲਰ ਨੂੰ ਜਿਤਵਾ ਨਹੀਂ ਸਕਦਾ, ਉਹ ਸਾਰੇ ਪ੍ਰਦੇਸ਼ ਵਿਚ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਦਾ ਕਿਵੇਂ ਦਾਅਵਾ ਕਰ ਸਕਦਾ ਹੈ।