ਕੈਬਨਿਟ ਮੰਤਰੀ ਸਿੰਧੂ ਵੱਲੋਂ ਅੰਤਰਰਾਸ਼ਟਰੀ ਪੰਛੀ ਰੱਖ ਹਰੀਕੇ ਵੈੱਟਲੈਂਡ ਦਾ ਦੌਰਾ

06/19/2018 12:23:27 AM

ਮੱਖੂ(ਵਾਹੀ, ਅਾਹੂਜਾ)–ਪੰਜਾਬ ਦੇ ਸੈਰਸਪਾਟਾ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵਾਤਾਵਰਣ ਪੱਖੀ ਸੈਰਸਪਾਟੇ ਦੇ ਵਿਸਥਾਰ  ਸਬੰਧੀ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਅੰਤਰਰਾਸ਼ਟਰੀ ਪੰਛੀ ਰੱਖ ਹਰੀਕੇ ਵੈੱਟਲੈਂਡ ਦਾ ਦੌਰਾ ਕੀਤਾ ਗਿਆ। ਉਨ੍ਹਾਂ ਪੰਜਾਬ ’ਚ ਸੈਰਸਪਾਟੇ ਨੂੰ ਉਤਸ਼ਾਹਿਤ ਕਰਨ ਵਾਸਤੇ ਹਰੀਕੇ ਝੀਲ ਨੂੰ ਸਤਲੁਜ ਤੇ ਬਿਆਸ ਦਰਿਆਵਾਂ ਅਤੇ ਵੇਈਂ ਨਦੀ ਦੇ ਸੰਗਮ ਨੂੰ ਪਵਿੱਤਰ ਦੱਸਿਆ। ਉਨ੍ਹਾਂ ਆਖਿਆ ਕਿ ਝੀਲ ’ਚ ਹਰ ਸਾਲ ਇਕ ਲੱਖ ਤੋਂ ਵੱਧ ਪ੍ਰਵਾਸੀ ਪੰਛੀ ਆਉਂਦੇ ਹਨ। ਇੰਡਸ-ਡਾਲਫਿਨ, ਘਡ਼ਿਆਲ ਤੇ ਹੋਰ ਜੰਗਲੀ ਜਾਨਵਰਾਂ ’ਤੇ ਖੋਜ ਲਈ ਕੁਦਰਤ ਪ੍ਰੇਮੀਆਂ ਦਾ ਲਗਾਤਾਰ ਆਉਣਾ-ਜਾਣਾ ਵੀ ਲੱਗਾ ਰਹਿੰਦਾ ਹੈ। ਉਨ੍ਹਾਂ ਆਪਣੇ ਦੌਰੇ ਦੌਰਾਨ ਦੋਵਾਂ ਦਰਿਆਵਾਂ ਦੇ ਸੰਗਮ ਵਾਲੀ ਜਗ੍ਹਾ ਤੋਂ ਮੋਟਰਬੋਟ ਰਾਹੀਂ ਕਈ ਕਿਲੋਮੀਟਰ ਤੱਕ ਪਾਣੀਆਂ ਤੇ ਵਾਤਾਵਰਣ ਦਾ ਜਾਇਜ਼ਾ ਵੀ ਲਿਆ। ਚੁਰ੍ਹੀਆਂ ਬੀਟ ’ਤੇ ਜਲ-ਥਲੀ ਬੱਸ ਦੇ ਪਾਣੀ ’ਚ ਉਤਰਨ ਵਾਲੀ ਜਗ੍ਹਾ ’ਤੇ ਉਨ੍ਹਾਂ ਭਾਰੀ ਮਾਤਰਾ ’ਚ ਫੈਲੀ ਕਲਾਲ ਬੂਟੀ ਦੇ ਖਾਤਮੇ ਲਈ ਵਧੀਆ ਤਕਨੀਕ ਦੀਆਂ ਮਸ਼ੀਨਾਂ ਲਿਆਉਣ ਦੀ ਗੱਲ ਵੀ ਆਖੀ। ਉਨ੍ਹਾਂ ਦੁਬਈ ’ਚ ਬਣੇ ਕਈ ਅੰਡਰ ਵਾਟਰ ਰੇਸਤਰਾਂ ਦੀ ਗੱਲ ਕਰਦਿਆਂ ਆਖਿਆ ਕਿ ਇਥੇ 20 ਕਮਰਿਆਂ ਦਾ ਇਕ ਹੋਟਲ, ਹਟਸ ਤੇ ਰੈਸਟੋਰੈਂਟ ਬਣਾਉਣ ਤੋਂ ਇਲਾਵਾ ਪੰਛੀ ਰੱਖ ਦੀ ਸਡ਼ਕ ਨੂੰ ਨੇਚਰ-ਵਾਕ ਵਜੋਂ ਵੀ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਫਿਰੋਜ਼ਪੁਰ ਡਵੀਜ਼ਨ ’ਚ ਪੈਂਦੇ ਹੈੱਡ ਵਰਕਸ ਦੇ ਪਹਾਡ਼ ਦੀ ਬਾਹੀ 20 ਮੋਟਰਬੋਟਾਂ ਤੇ ਰਾਜਸਥਾਨ ਤੇ ਸਰਹਿੰਦ ਫੀਡਰ ਨਹਿਰਾਂ ਵਾਲੇ ਪਾਸੇ ਮੱਖੂ ਇਲਾਕੇ ’ਚ ਵੀ 20-25 ਮੋਟਰਬੋਟਾਂ ਤੋਂ ਇਲਾਵਾ ਪੈਡਲ-ਬੋਟਸ ਵੀ ਚਲਾਈਆਂ ਜਾਣਗੀਆਂ। ਉਨ੍ਹਾਂ ਦਾਅਵੇ ਨਾਲ ਆਖਿਆ ਕਿ ਅੰਮ੍ਰਿਤਸਰ ਸੈਰ-ਸਪਾਟਾ ਸਰਕਲ ਨੂੰ 91 ਕਿਲੋਮੀਟਰ ’ਚ ਫੈਲੀ ਪੰਜਾਬ ਦੇ ਕਈ ਜ਼ਿਲਿਅਾਂ ਨਾਲ ਲੱਗਦੀ ਅੰਤਰਰਾਸ਼ਟਰੀ ਪੰਛੀ ਰੱਖ ਨੂੰ ਵਾਤਾਵਰਣ ਪ੍ਰੇਮੀਆਂ ਲਈ ਤਿੰਨ ਮਹੀਨਿਆਂ ’ਚ ਕੰਮ ਸ਼ੁਰੂ ਕਰ ਕੇ ਨਿਵੇਕਲੇ ਤਰੀਕੇ ਨਾਲ ਝੀਲ ਦੀ ਕਾਇਆ ਕਲਪ ਕੀਤੀ ਜਾਵੇਗੀ, ਜਿਸ ਨਾਲ ਸਥਾਨਕ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਇਸ ਮੌਕੇ ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਐੱਮ. ਐੱਲ. ਏ. ਪੱਟੀ ਹਰਮਿੰਦਰ ਸਿੰਘ ਗਿੱਲ, ਪ੍ਰਧਾਨ ਬੋਹਡ਼ ਸਿੰਘ ਸਦਰਵਾਲਾ, ਪ੍ਰਧਾਨ ਮਹਿੰਦਰ ਮਦਾਨ, ਚੇਅਰਮੈਨ ਰਸ਼ਪਾਲ ਸਿੰਘ ਦੀਨੇਕੇ, ਮਹਿਲ ਸਿੰਘ ਵਰ੍ਹਿਆਂ, ਬਲਵਿੰਦਰ ਸਿੰਘ ਘੁੱਦੂਵਾਲਾ, ਸੁਖਵਿੰਦਰ ਸਿੰਘ ਗੱਟਾ, ਮੱਖੂ ਮੱਲਾਵਾਂਲਾ ਅਤੇ ਜ਼ੀਰਾ ਦੇ ਕੌਂਸਲਰਾਂ ਤੋਂ ਇਲਾਵਾ ਸੈਰਸਪਾਟਾ ਵਿਭਾਗ ਦੇ ਸਕੱਤਰ, ਉਪ ਮੰਡਲ ਅਫਸਰ ਨਹਿਰੀ ਮੁਕੇਸ਼ ਗੋਇਲ, ਐੱਸ. ਡੀ. ਐੱਮ. ਜ਼ੀਰਾ  ਹਾਜ਼ਰ ਸਨ।