ਵਿਧਾਨ ਸਭਾ ''ਚ ਤੀਜੀ ਵਾਰ ਭਿੜੇ ਮਜੀਠੀਆ ਤੇ ਸਿੱਧੂ

03/28/2018 6:58:03 AM

ਚੰਡੀਗੜ੍ਹ(ਭੁੱਲਰ)-ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਅੱਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਫਿਰ ਭਿੜ ਗਏ। ਸਿੱਧੂ ਸਿਫਰ ਕਾਲ ਦੌਰਾਨ ਕਿਸੇ ਮਾਮਲੇ ਨੂੰ ਲੈ ਕੇ ਬੋਲ ਰਹੇ ਸਨ ਤਾਂ ਵਿਚ-ਵਿਚ ਮਜੀਠੀਆ ਨੇ ਟੋਕ ਦਿੱਤਾ, ਜਿਸ 'ਤੇ ਸਿੱਧੂ ਦਾ ਗੁੱਸਾ ਭੜਕ ਉੱਠਿਆ। ਉਹ ਆਪਣੀ ਸੀਟ ਤੋਂ ਉਠ ਕੇ ਮਜੀਠੀਆ ਲਈ ਤਿੱਖੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਵੱਲ ਕਈ ਵਾਰ ਵਧੇ ਪਰ ਸਾਥੀ ਮੰਤਰੀਆਂ ਤੇ ਵਿਧਾਇਕਾਂ ਨੇ ਬਚਾਅ ਕਰਦੇ ਹੋਏ ਟਕਰਾਅ ਨੂੰ ਰੋਕਿਆ। ਸਿੱਧੂ ਨਾਲ ਦੀ ਸੀਟ 'ਤੇ ਬੈਠੇ ਮੰਤਰੀ ਮਨਪ੍ਰੀਤ ਬਾਦਲ ਤੇ ਬ੍ਰਹਮ ਮਹਿੰਦਰਾ ਨੇ ਤਾਂ ਉਨ੍ਹਾਂ ਨੂੰ ਬਾਂਹ ਤੋਂ ਫੜ ਕੇ ਮਜੀਠੀਆ ਦੀ ਸੀਟ ਵੱਲ ਵਧਣ ਤੋਂ ਰੋਕਿਆ। ਸੁਖਜਿੰਦਰ ਸਿੰਘ ਰੰਧਾਵਾ ਤੇ ਇੰਦਰਵੀਰ ਸਿੰਘ ਬੁਲਾਰੀਆ ਸਮੇਤ ਕਈ ਕਾਂਗਰਸੀ ਮੈਂਬਰ ਵੀ ਸਿੱਧੂ ਦੇ ਸਮਰਥਨ 'ਚ ਆਏ। ਜ਼ਿਕਰਯੋਗ ਹੈ ਕਿ ਇਸ ਸਮੇਂ ਸਦਨ 'ਚ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ ਪਰ ਉਹ ਇਹ ਸਭ ਕੁੱਝ ਚੁਪ-ਚਾਪ ਵੇਖਦੇ ਰਹੇ। 
ਅੱਜ ਸਾਬਕਾ ਮੰਤਰੀ ਰਾਣਾ ਗੁਰਜੀਤ ਅਤੇ ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ ਖਹਿਰਾ 'ਚ ਵੀ ਤਿੱਖੀ ਤਕਰਾਰਬਾਜ਼ੀ ਹੋਈ ਅਤੇ ਦੋਵਾਂ ਨੇ ਇਕ-ਦੂਜੇ ਨੂੰ ਸਦਨ 'ਚ ਲਲਕਾਰਿਆ। ਦੋਵਾਂ ਨੇ ਇਕ ਦੂਜੇ 'ਤੇ ਗੰਭੀਰ ਦੋਸ਼ ਵੀ ਲਾਏ ਤੇ ਕਈ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਪਰ ਸਪੀਕਰ ਵੱਲੋਂ ਅਜਿਹੇ ਕਈ ਸ਼ਬਦਾਂ ਨੂੰ ਕਾਰਵਾਈ ਤੋਂ ਕੱਢ ਦਿੱਤਾ ਗਿਆ।  ਬਹਿਸਬਾਜ਼ੀ ਉਸ ਸਮੇਂ ਸ਼ੁਰੂ ਹੋਈ, ਜਦੋਂ ਕਾਂਗਰਸੀ ਮੈਂਬਰ ਸੁੱਖ ਸਰਕਾਰੀਆ ਨੇ ਸੱਤਾ ਧਿਰ  ਦੇ ਸਾਰੇ ਮੈਂਬਰਾਂ ਨੂੰ ਗੈਰ-ਕਾਨੂੰਨੀ ਮਾਈਨਿੰਗ 'ਚ ਸ਼ਾਮਲ ਹੋਣ ਦੇ ਸੰਬੰਧ 'ਚ ਸਦਨ 'ਚ ਰੱਖੇ ਗਏ ਵਿਚਾਰਾਂ 'ਤੇ ਇਤਰਾਜ਼ ਦਰਜ ਕਰਵਾਇਆ। ਸਿੱਧੂ ਨੇ ਵੀ ਇਸ ਮਾਮਲੇ ਨੂੰ ਲੈ ਕੇ ਖਹਿਰਾ 'ਤੇ ਤਿੱਖੇ ਵਾਰ ਕੀਤੇ। ਰਾਣਾ ਗੁਰਜੀਤ ਦਾ ਹੋਰ ਕਾਂਗਰਸੀ ਮੈਂਬਰਾਂ ਨੇ ਵੀ ਖੁੱਲ੍ਹ ਕੇ ਸਾਥ ਦਿੱਤਾ ਅਤੇ ਕਾਫ਼ੀ ਸਮਾਂ ਸਦਨ 'ਚ ਰੌਲਾ-ਰੱਪਾ ਅਤੇ ਭਾਰੀ ਹੰਗਾਮੇ ਦਾ ਮਾਹੌਲ ਬਣਿਆ ਰਿਹਾ। ਗੱਲ ਉਸ ਸਮੇਂ ਜ਼ਿਆਦਾ ਵਧੀ ਜਦੋਂ ਖਹਿਰਾ ਨੇ ਜਸਟਿਸ ਨਾਰੰਗ ਦੀ ਰਿਪੋਰਟ ਦੀ ਚਰਚਾ ਕਰਦੇ ਹੋਏ ਰਾਣਾ ਗੁਰਜੀਤ 'ਤੇ ਗ਼ੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ।