ਸੁਖਪਾਲ ਖਹਿਰਾ ਦੇ ਸੱਦੇ ''ਤੇ ਲੋਕਲ ਬਾਡੀ ਮੰਤਰੀ ਸਿੱਧੂ ਦੀ ਹਲਕਾ ਭੁਲੱਥ ''ਚ ਫੇਰੀ ਭਲਕੇ

02/17/2018 12:12:06 PM

ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ ਦੇ ਹਲਕਾ ਭੁਲੱਥ ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵੱਲੋਂ ਵਿਧਾਨ ਸਭਾ 'ਚ ਹਲਕਾ ਭੁਲੱਥ ਦੇ ਉਠਾਏ ਗਏ ਮੁੱਦਿਆਂ ਦਾ ਹੱਲ ਕਰਨ ਲਈ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ 17 ਫਰਵਰੀ ਨੂੰ ਹਲਕਾ ਭੁਲੱਥ ਦੀਆਂ ਚਾਰੇ ਨਗਰ ਪੰਚਾਇਤਾਂ ਦੀ ਜਾਂਚ ਕਰਨ ਲਈ ਦੌਰਾ ਕਰਨਗੇ। ਖਹਿਰਾ ਨੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਭੁਲੱਥ , ਬੇਗੋਵਾਲ ਅਤੇ ਢਿੱਲਵਾਂ ਨਗਰ ਪੰਚਾਇਤਾਂ ਵਿਚ ਬਣਾਏ ਗਏ ਘਟੀਆ ਸੀਵਰੇਜ ਸਿਸਟਮ ਅਤੇ ਸਾਫ ਪੀਣ ਵਾਲੇ ਪਾਣੀ ਦੀ ਨਕਾਰਾ ਪ੍ਰਣਾਲੀ ਦੇ ਮੁੱਦੇ ਉਠਾਏ ਸਨ ਜਿਸ ਦੇ ਜਵਾਬ ਵਿਚ ਲੋਕਲ ਬਾਡੀ ਮੰਤਰੀ ਨੇ ਖੁਦ ਖੜ੍ਹੇ ਹੋ ਕੇ ਹਲਕੇ ਦਾ ਦੌਰਾ ਕਰਨ ਅਤੇ ਇਨ੍ਹਾਂ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਭੁਲੱਥ ਬੇਗੋਵਾਲ ਢਿੱਲਵਾਂ ਵਿਚ ਸੀਵਰੇਜ ਦਾ ਕੰਮ ਅਕਾਲੀ ਸਰਕਾਰ ਦੇ ਰਾਜ 'ਚ ਲਗਭਗ 10-10 ਕਰੋੜ ਰੁਪਏ ਲਾ ਕੇ ਕੀਤਾ ਗਿਆ ਸੀ ਪਰ ਜਨਤਾ ਦੀਆਂ ਮੁਸ਼ਕਿਲਾਂ ਜਿਉਂ ਦੀਆਂ ਤਿਉਂ ਕਾਇਮ ਰਹੀਆਂ। ਅੰਦਾਜ਼ਨ 10 ਸਾਲ ਲਗਾ ਕੇ ਉਕਤ ਸੀਵਰੇਜ ਦਾ ਨਿਰਮਾਣ ਕਰਨ ਵਿਚ ਠੇਕੇਦਾਰਾਂ ਨੇ ਘਟੀਆ ਕਿਸਮ ਦੇ ਮਟੀਰੀਅਲ ਦੀ ਵਰਤੋਂ ਕੀਤੀ ਅਤੇ ਥਾਂ ਥਾਂ ਉਪਰ ਸੀਵਰੇਜ ਬੰਦ ਰਹਿੰਦਾ ਹੈ। 
ਢਿਲਵਾਂ ਵਿਚ ਤਾਂ ਅੱਜ ਤੱਕ ਵੀ ਸੀਵਰੇਜ ਟਰੀਟਮੈਂਟ ਪਲਾਂਟ ਐੱਸ. ਟੀ. ਪੀ. ਲਈ ਜ਼ਮੀਨ ਦਾ ਇੰਤਜ਼ਾਮ ਵੀ ਨਹੀਂ ਕੀਤਾ ਜਾ ਸਕਿਆ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਰਕਾਰੀ ਜ਼ਮੀਨਾਂ ਉਪਰ ਕੀਤੇ ਗਏ ਕਬਜ਼ਿਆਂ ਸਬੰਧੀ ਬਣਾਈ ਗਈ ਸਬ ਕਮੇਟੀ ਦੇ ਮੁਖੀ ਵਜੋਂ ਲੋਕਲ ਬਾਡੀ ਮੰਤਰੀ ਸਿੱਧੂ ਬੇਗੋਵਾਲ ਵਿਖੇ ਬੀਬੀ ਜਗੀਰ ਕੌਰ ਵੱਲੋਂ ਨਾਜਾਇਜ਼ ਗੈਰ ਕਾਨੂੰਨੀ ਕਬਜ਼ਾ ਕੀਤੀ ਗਈ ਨਗਰ ਪੰਚਾਇਤ ਦੀ ਬੇਸ਼ਕੀਮਤੀ 100 ਕਰੋੜ ਦੀ ਜ਼ਮੀਨ ਦੇ ਮਾਮਲੇ ਦੀ ਵੀ ਘੋਖ ਕਰਨਗੇ।