ਸਰਕਾਰ ਨਾਲ ਨਾਰਾਜ਼ ਸਿੱਧੂ, ਮੇਅਰਾਂ ਦੀ ਚੋਣ ''ਤੇ ਬੋਲੇ, ''ਮੈਂ ਬਿਨਾਂ ਬੁਲਾਏ ਕਿਤੇ ਨਹੀਂ ਜਾਂਦਾ'' (ਵੀਡੀਓ)

01/23/2018 10:36:19 AM

ਅੰਮ੍ਰਿਤਸਰ— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਸਰਕਾਰ ਵਲੋਂ 23 ਅਤੇ 25 ਜਨਵਰੀ ਨੂੰ ਕੀਤੀ ਜਾ ਰਹੀ ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਨਗਰ ਨਿਗਮ ਦੇ ਮੇਅਰਾਂ ਦੀ ਚੋਣ ਲਈ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਨਹੀਂ ਮਿਲਿਆ ਹੈ। ਅੰਮ੍ਰਿਤਸਰ ਵਿਚ ਇਸੇ ਮੁੱਦੇ 'ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸਿੱਧੂ ਨੇ ਕਿਹਾ, ''ਮੈਂ ਬਿਨਾਂ ਬੁਲਾਏ ਜਾਂ ਤਾਂ ਦਰਬਾਰ ਸਾਹਿਬ ਜਾਂਦਾ ਹਾਂ, ਜਾਂ ਦੁਰਗਿਆਣਾ ਮੰਦਰ ਜਾਂਦਾ ਹਾਂ, ਜਾਂ ਕਿਸੇ ਧਾਰਮਿਕ ਜਗ੍ਹਾ 'ਤੇ ਜਾਂਦਾ ਹਾਂ, ਮੈਂ ਬਿਨਾਂ ਬੁਲਾਏ ਕਿਤੇ ਨਹੀਂ ਜਾਂਦਾ।'' ਹਾਲਾਂਕਿ ਸਿੱਧੂ ਨੇ ਨਾਲ ਹੀ ਇਹ ਵੀ ਕਿਹਾ ਕਿ ਜੋ ਕੈਪਟਨ ਸਾਬ੍ਹ ਕਰ ਰਹੇ ਨੇ ਉਹ ਸਹੀ ਕਰ ਰਹੇ ਨੇ ਤੇ ਮੈਂ ਉਨ੍ਹਾਂ ਦੇ ਨਾਲ ਹਾਂ ਪਰ ਸਿੱਧੂ ਦੇ ਜਵਾਬ ਦਾ ਲਹਿਜ਼ਾ ਆਪਣੇ ਆਪ ਵਿਚ ਸਿਆਸੀ ਤੌਰ 'ਤੇ ਕਾਫੀ ਕੁਝ ਬਿਆਨ ਕਰ ਰਿਹਾ ਸੀ।
ਜ਼ਿਕਰਯੋਗ ਹੈ ਕਿ 23 ਜਨਵਰੀ ਨੂੰ ਪਟਿਆਲਾ ਦੇ ਮੇਅਰ ਅਤੇ 25 ਜਨਵਰੀ ਨੂੰ ਜਲੰਧਰ ਤੇ ਅੰਮ੍ਰਿਤਸਰ ਦੇ ਮੇਅਰਾਂ ਦੀ ਚੋਣ ਹੋਣੀ ਹੈ। ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਮੇਅਰਾਂ ਦੀ ਜ਼ਿੰਮੇਵਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੌਂਪੀ ਗਈ ਹੈ ਇਸ ਦੇ ਬਾਵਜੂਦ ਉਨ੍ਹਾਂ ਨੂੰ ਪਟਿਆਲਾ ਦੇ ਮੇਅਰ ਦੀ ਚੋਣ ਮੌਕੇ ਸੱਦਾ ਨਹੀਂ ਭੇਜਿਆ ਗਿਆ।