ਉਡੀਕ ਦੀਆਂ ਘੜੀਆਂ ਹੋਈਆਂ ਖਤਮ, ਅਮਰੁਤ ਯੋਜਨਾ ਦਾ ਸਿੱਧੂ ਤੇ ਜਾਖੜ ਨੇ ਕੀਤਾ ਉਦਘਾਟਨ

10/28/2017 12:54:54 AM

ਅਬੋਹਰ(ਸੁਨੀਲ, ਰਹੇਜਾ)-ਸੀਵਰੇਜ ਅਤੇ ਪੀਣ ਦੇ ਪਾਣੀ ਦੀਆਂ ਸਮੱਸਿਆਵਾਂ ਤੋਂ ਲੜ ਰਹੇ ਡੇਢ ਲੱਖ ਨਗਰ ਵਾਸੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਲੰਬੀ ਉਡੀਕ ਤੋਂ ਬਾਅਦ ਅੱਜ ਅਮਰੁਤ ਯੋਜਨਾ ਦਾ ਉਦਘਾਟਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਉਸ ਠਾਕਰ ਆਬਾਦੀ ਰੋਡ 'ਤੇ ਕੀਤਾ, ਜਿਸ ਦੀ ਮੁੱਖ ਸੜਕ ਦਾ ਨਿਰਮਾਣ ਸੀਵਰੇਜ ਪਾਈਪਾਂ ਨਾ ਪਾਉਣ ਕਾਰਨ ਰੁਕਿਆ ਹੋਇਆ ਸੀ। ਇਸ ਯੋਜਨਾ ਹੇਠ ਮੁੰਬਈ ਦੀ ਕੰਪਨੀ ਰਾਹੀਂ 92.10 ਕਰੋੜ ਰੁਪਏ ਸੀਵਰੇਜ ਤੇ 27.06 ਕਰੋੜ ਰੁਪਏ ਪਾਣੀ ਦੀ ਸਪਲਾਈ ਸੁਵਿਧਾ ਦੇ ਵਿਸਥਾਰ ਲਈ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ 44.44 ਕਰੋੜ ਰੁਪਏ ਦੇਖਭਾਲ 'ਤੇ ਖਰਚ ਆਉਣਗੇ। ਯੋਜਨਾ ਪੂਰੀ ਕਰਨ ਲਈ 18 ਮਹੀਨਿਆਂ ਦੀ ਸਮਾਂ-ਸੀਮਾ ਤੈਅ ਕੀਤੀ ਗਈ ਹੈ, ਜਦਕਿ ਦੇਖਭਾਲ ਕਰਨ ਦੀ ਜ਼ਿੰਮੇਵਾਰੀ 10 ਸਾਲ ਤੱਕ ਨਿਭਾਈ ਜਾਵੇਗੀ। ਠਾਕਰ ਆਬਾਦੀ ਰੋਡ 'ਤੇ ਆਯੋਜਿਤ ਵਿਸ਼ਾਲ ਸਭਾ ਨੂੰ ਸੰਬੋਧਨ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਪਿਛਲੇ 10 ਸਾਲਾਂ 'ਚ ਲੋਕਾਂ ਦਾ ਭਰੋਸਾ ਲੋਕਤੰਤਰ ਤੇ ਵਿਕਾਸ ਤੋਂ ਉੱਠਦਾ ਜਾ ਰਿਹਾ ਸੀ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਫਰਵਰੀ 2014 'ਚ 72 ਕਰੋੜ ਰੁਪਏ ਦੀ ਲਾਗਤ ਵਾਲੀ ਸੀਵਰੇਜ ਤੇ ਪਾਣੀ ਦੀ ਸਪਲਾਈ ਨਵੀਨੀਕਰਨ ਯੋਜਨਾ ਦਾ ਮਹਾਰਾਜਾ ਅਗਰਸੈਨ ਚੌਕ 'ਚ ਨੀਂਹ ਪੱਥਰ ਰੱਖਿਆ  ਪਰ ਉਹ ਯੋਜਨਾ ਹੀ ਖਟਾਈ 'ਚ ਪੈ ਗਈ। ਨਗਰ ਕੌਂਸਲ 'ਤੇ ਭਾਜਪਾ ਲਗਾਤਾਰ 8 ਸਾਲ ਤੋਂ ਕਾਬਜ਼ ਰਹੀ ਪਰ ਇਸ ਦੇ ਬਾਵਜੂਦ ਸਵਛੱਤਾ ਸਰਵੇਖਣ 'ਚ ਅਬੋਹਰ ਦੀ ਗਣਨਾ ਪੰਜਾਬ ਦੇ ਸਭ ਤੋਂ ਗੰਦੇ ਸ਼ਹਿਰਾਂ 'ਚ ਕੀਤੀ ਗਈ। ਫਿਰ ਵੀ ਸਤਾਰੂੜ੍ਹ ਪਾਰਟੀ ਨੇ ਇਸ ਸਥਿਤੀ ਨੂੰ ਬਦਲਣ ਦਾ ਕੋਈ ਯਤਨ ਨਹੀਂ ਕੀਤਾ। ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ 'ਦੁੱਖ ਭਰੇ ਦਿਨ ਬੀਤੇ ਰੇ ਭਈਆ, ਅਬ ਸੁੱਖ ਆਇਓ ਰੇ'  ਪੰਕਤੀ ਨਾਲ ਸੰਬੋਧਨ ਕੀਤਾ ਤਾਂ ਪੂਰਾ ਪੰਡਾਲ ਆਵਾਜ਼ ਨਾਲ ਗੂੰਜ ਉੱਠਿਆ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਅਬੋਹਰ ਨੂੰ ਗੋਦ ਲੈਣ ਦਾ ਐਲਾਨ ਕਰਦਾ ਹਾਂ। ਅਮਰੁਤ ਯੋਜਨਾ ਤਹਿਤ 10 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਅੱਜ ਜਾਰੀ ਕਰ ਦਿੱਤੀ ਗਈ ਹੈ। ਠਾਕਰ ਆਬਾਦੀ ਵਿਚ ਸੀਵਰੇਜ ਦਾ ਕੰਮ ਸਵਾ 3 ਮਹੀਨੇ ਵਿਚ ਪੂਰਾ ਕਰ ਕੇ ਸੜਕ ਨਿਰਮਾਣ ਕੀਤਾ ਜਾਵੇਗਾ। ਸਾਫ ਸੁਥਰਾ ਨਹਿਰੀ ਪਾਣੀ ਪੀਣ ਲਈ ਸ਼ਹਿਰ ਨੂੰ ਉਪਲਬਧ ਕਰਵਾਇਆ ਜਾਵੇਗਾ। ਇਸ ਮੌਕੇ ਜ਼ਿਲਾ ਕਾਂਗਰਸ ਪ੍ਰਧਾਨ ਵਿਮਲ ਠਠਈ, ਨਗਰ ਪ੍ਰਧਾਨ ਸੁਧੀਰ ਨਾਗਪਾਲ ਤੇ ਯੁਵਾ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਸੰਦੀਪ ਜਾਖੜ ਦੇ ਇਲਾਵਾ ਕਈ ਅਧਿਕਾਰੀ ਮੌਜੂਦ ਸਨ।