ਫੰਡਾਂ ਦੀ ਹੋਈ ਦੁਰਵਰਤੋਂ ਦੀ ਜਾਂਚ ਨੂੰ ਲੈ ਕੇ ਸਿੱਧੂ ਨੂੰ ਲਿਖਿਆ ਮੰਗ ਪੱਤਰ

09/19/2017 1:12:13 AM

ਫਿਰੋਜ਼ਪੁਰ(ਸ਼ੈਰੀ, ਪਰਮਜੀਤ)—ਫਿਰੋਜ਼ਪੁਰ ਸ਼ਹਿਰ ਦੀ ਨਗਰ ਕੌਂਸਲ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ਵਿਚ ਰਹੀ ਹੈ, ਜਿਸ ਕਰਕੇ ਕਰੋੜਾਂ ਰੁਪਏ ਦਾ ਫੰਡ ਲਗਾ ਕੇ ਵੀ ਸ਼ਹਿਰ ਦੀ ਮਾੜੀ ਹਾਲਤ ਵੇਖ ਕੇ ਸ਼ਹਿਰ ਵਾਸੀ ਨਗਰ ਕੌਂਸਲ ਨੂੰ ਕੋਸਦੇ ਰਹਿੰਦੇ ਹਨ। ਫਿਰੋਜ਼ਪੁਰ ਦੇ ਉਘੇ ਸਮਾਜ ਸੇਵੀ ਰਾਜੇਸ਼ ਖੁਰਾਣਾ ਨੇ ਸ਼ਹਿਰ ਦੀ ਮਾੜੀ ਸਥਿਤੀ ਨੂੰ ਵੇਖਦਿਆਂ ਪੰਜਾਬ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਕਾਸ ਲਈ ਖਰਚ ਕੀਤੇ ਗਏ ਕਰੋੜਾਂ ਰੁਪਏ ਦੇ ਫੰਡਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਖੁਰਾਣਾ ਨੇ ਦੱਸਿਆ ਕਿ ਸ਼ਹਿਰ ਵਿਚ ਥੋੜ੍ਹਾ ਸਮਾਂ ਮੀਂਹ ਪੈਣ ਨਾਲ ਸ਼ਹਿਰ ਦੀਆਂ ਮੇਨ ਸੜਕਾਂ, ਚੌਕਾਂ ਅਤੇ ਗਲੀਆਂ ਵਿਚ ਗੰਦਾ ਪਾਣੀ ਫਲੱਡ ਦਾ ਰੂਪ ਧਾਰ ਜਾਂਦਾ ਹੈ, ਜਿਸ ਦੌਰਾਨ ਰਾਹਗੀਰਾਂ ਨੂੰ ਸੜਕਾਂ ਤੋਂ ਲੰਘਣ ਸਮੇਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕੂਲਰ ਰੋਡ ਅਤੇ ਚੌਕਾਂ ਵਿਚ ਲੱਗੀਆਂ ਲਾਈਟਾਂ ਜ਼ਿਆਦਾਤਰ ਬੰਦ ਰਹਿੰਦੀਆਂ ਹਨ ਤੇ ਰਾਤ ਸਮੇਂ ਸ਼ਹਿਰ ਹਨੇਰੇ ਵਿਚ ਡੁੱਬਿਆ ਰਹਿੰਦਾ ਹੈ। ਇਸ ਤੋਂ ਇਲਾਵਾ ਸਰਕੂਲਰ ਰੋਡ ਅਤੇ ਗਲੀਆਂ ਵਿਚ ਲੱਗੀਆਂ ਘੱਟੀਆ ਮਟੀਰੀਅਲ ਦੀਆਂ ਇੰਟਰਲੋਕਿੰਗ ਟਾਈਲਾਂ ਬਾਰੇ ਨਗਰ ਕੌਂਸਲ ਚਰਚਾ ਵਿਚ ਰਹੀ ਹੈ, ਜਿਸ ਦੀ ਜਾਂਚ ਨੂੰ ਲੈ ਕੇ ਸੁਖਪਾਲ ਸਿੰਘ ਨੰਨੂੰ ਉਸ ਸਮੇਂ ਦੇ ਸਾਬਕਾ ਭਾਜਪਾ ਵਿਧਾਇਕ ਨੇ ਸ਼ਹਿਰੀਆਂ ਨੂੰ ਨਾਲ ਲੈ ਕੇ ਪ੍ਰਦਰਸ਼ਨ ਵੀ ਕੀਤਾ ਸੀ। ਜੇਕਰ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਦੀ ਜਾਂਚ ਈਮਾਨਦਾਰ ਅਧਿਕਾਰੀਆਂ ਤੋਂ ਕਰਵਾਉਣ ਤਾਂ ਇਸ ਸਰਕਾਰੀ ਫੰਡਾਂ ਵਿਚ ਹੋਈ ਦੂਰਵਰਤੋਂ ਅਤੇ ਘਪਲੇਬਾਜ਼ੀ ਲੋਕਾਂ ਦੀ ਕਚਹਿਰੀ ਵਿਚ ਸਾਹਮਣੇ ਆਵੇਗੀ।