ਚਾਰ ਵੱਡੇ ਸ਼ਹਿਰਾਂ ''ਚ ਨਹਿਰਾਂ ਬਣਨਗੀਆਂ ਪੀਣ ਵਾਲੇ ਪਾਣੀ ਦਾ ਬਦਲ : ਸਿੱਧੂ

09/07/2017 3:54:29 AM

ਲੁਧਿਆਣਾ(ਹਿਤੇਸ਼)-ਪੰਜਾਬ ਸਰਕਾਰ ਨੇ ਚਾਰ ਵੱਡੇ ਸ਼ਹਿਰਾਂ ਵਿਚ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਬਦਲ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਨੇ ਡਿੱਗਦੇ ਗਰਾਊਂਡ ਵਾਟਰ ਪੱਧਰ ਨੂੰ ਬਚਾਉਣ ਲਈ ਇਹ ਯੋਜਨਾ ਬਣਾਉਣ ਦਾ ਹਵਾਲਾ ਦਿੱਤਾ। ਇਥੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਵਿਕਾਸ ਸਬੰਧੀ ਪੈਕੇਜ ਦਾ ਐਲਾਨ ਕਰਨ ਆਏ ਸਿੱਧੂ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਵਾਟਰ ਰਿਚਾਰਜਿੰਗ ਨਾ ਹੋਣ ਕਾਰਨ ਜ਼ਮੀਨੀ ਪਾਣੀ ਦਾ ਪੱਧਰ 250 ਫੁੱਟ ਥੱਲੇ ਚਲਾ ਗਿਆ ਹੈ, ਜੋ ਕਦੇ 5 ਤੋਂ 30 ਫੁੱਟ ਤੱਕ ਸੀ। ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਪਾਣੀ ਦੀ ਕਮੀ ਪੈਦਾ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਅੰਡਰਗਰਾਊਂਡ ਪਾਣੀ ਕਾਫੀ ਪ੍ਰਦੂਸ਼ਿਤ ਵੀ ਹੋ ਚੁੱਕਾ ਹੈ, ਜਿਸ ਦੇ ਹੱਲ ਲਈ ਕਾਂਗਰਸ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਤਹਿਤ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਬਦਲ ਬਣਾਇਆ ਜਾਵੇਗਾ, ਜਿਸ ਨਾਲ ਬਿਨਾਂ ਕਿਸੇ ਕਿੱਲਤ ਦੇ ਸਾਫ ਪਾਣੀ ਦੀ ਸਪਲਾਈ ਦਾ ਰਸਤਾ ਸਾਫ ਹੋਵੇਗਾ। ਇਸ ਯੋਜਨਾ ਦੇ ਪਹਿਲੇ ਪੜਾਅ 'ਚ ਲੁਧਿਆਣਾ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਹ ਕੰਮ ਦੋ ਸਾਲ ਵਿਚ ਪੂਰਾ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ, ਜਿਸ 'ਤੇ ਇਕੱਲੇ ਲੁਧਿਆਣਾ 'ਚ 2500 ਕਰੋੜ ਦੀ ਲਾਗਤ ਆਵੇਗੀ। ਇਸ ਪੈਸੇ ਦਾ ਇੰਤਜ਼ਾਮ ਕਰਨ ਲਈ ਵਰਲਡ ਬੈਂਕ ਅਤੇ ਏਸ਼ੀਅਨ ਡਿਵੈੱਲਪਮੈਂਟ ਬੈਂਕ ਨਾਲ ਗੱਲ ਚੱਲ ਰਹੀ ਹੈ। ਇਸ ਮੌਕੇ ਐੱਮ. ਪੀ. ਰਵਨੀਤ ਬਿੱਟੂ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਸੁਰਿੰਦਰ ਡਾਬਰ, ਸੰਜੇ ਤਲਵਾੜ, ਰਾਕੇਸ ਪਾਂਡੇ, ਜੱਸੀ ਖੰਗੂੜਾ, ਭੁਪਿੰਦਰ ਸਿੱਧੂ, ਕਮਲਜੀਤ ਕੜਵਲ, ਗੁਰਪ੍ਰੀਤ ਗੋਗੀ, ਕੌਂਸਲਰ ਬਲਕਾਰ ਸੰਧੂ, ਗੁਰਦੀਪ ਨੀਟੂ, ਰਾਜੀਵ ਰਾਜਾ, ਮਹਾਰਾਜਾ ਰਾਜੀ, ਵਰਿੰਦਰ ਸਹਿਗਲ, ਅਸ਼ਵਨੀ ਸ਼ਰਮਾ, ਰਾਜੂ ਥਾਪਰ, ਸ਼ਾਮ ਸੁੰਦਰ ਮਲਹੋਤਰਾ ਮੌਜੂਦ ਸਨ।