ਸਿੱਧੂ ਦੀ ਦਰਿਆਦਿਲੀ, ਕਾਇਮ ਕੀਤੀ ਮਿਸਾਲ

04/23/2017 9:29:12 PM

ਅੰਮਿ੍ਰਤਸਰ— ਬੀਤੇ ਦਿਨੀਂ ਰਾਜਾਸਾਂਸੀ ਹਲਕੇ ਦੇ ਪਿੰਡ ਓਠੀਆਂ ਨੇੜੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਜਿਨ੍ਹਾਂ ਕਿਸਾਨਾਂ ਦੀ ਕਰੀਬ 300 ਏਕੜ ਕਣਕ ਸੜ ਗਈ ਸੀ, ਨੂੰ ਹੌਂਸਲਾ ਦੇਣ ਦੇ ਇਰਾਦੇ ਨਾਲ ਵਿਸ਼ੇਸ ਤੌਰ ’ਤੇ ਪੁੱਜੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਕਤ ਪੀੜਤ ਕਿਸਾਨਾਂ ਨੂੰ ਆਪਣੀ ਜੇਬ ’ਚੋਂ ਮੁਆਵਜ਼ਾ ਦੇਣ ਦਾ ਐਲਾਨ ਕਰਕੇ ਨਿਰਾਸ਼ ਹੋਏ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲੈ ਆਂਦੀ। ਦੱਸਣਯੋਗ ਹੈ ਕਿ ਉਕਤ ਇਲਾਕਾ ਵੀ ਸਿੱਧੂ ਦੇ ਵਿਧਾਨ ਸਭਾ ਹਲਕੇ ਦਾ ਹਿੱਸਾ ਨਹੀਂ ਅਤੇ ਖੇਤੀ ਦਾ ਮਹਿਕਮਾ ਵੀ ਉਨ੍ਹਾਂ ਨਾਲ ਸਬੰਧਤ ਨਹੀਂ, ਪਰ ਫਿਰ ਵੀ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਸਿੱਧੂ ਐਤਵਾਰ ਨੂੰ ਦੁਪਿਹਰ ਕਿਸਾਨਾਂ ਨੂੰ ਮਿਲਣ ਲਈ ਜਾ ਪਹੁੰਚੇ। ਉਹ ਉਕਤ ਪ੍ਰਭਾਵਿਤ ਖੇਤਾਂ ’ਚ ਗਏ ਅਤੇ ਪੀੜਤ ਕਿਸਾਨਾਂ ਨੂੰ ਹੌਸਲਾ ਦਿੱਤਾ। 
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਤੁਹਾਡੀ ਕਣਕ ਦਾ ਨੁਕਸਾਨ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਇਆ ਹੈ ਅਤੇ ਇਸ ਦਾ ਮੁਆਵਜ਼ਾ, ਜੋ ਕਿ ਪੰਜਾਬ ਸਰਕਾਰ ਵੱਲੋਂ 8 ਹਜ਼ਾਰ ਰੁਪਏ ਪ੍ਰਤੀ ਏਕੜ ਤੈਅ ਹੈ, ਪਾਵਰਕਾਮ ਪੰਜਾਬ ਵਲੋਂ ਦਿੱਤਾ ਜਾਵੇਗਾ, ਜੋ ਕਿ ਤਕਰੀਬਨ 24 ਲੱਖ ਰੁਪਏ ਬਣੇਗਾ ਅਤੇ ਇੰਨਾ ਹੀ ਮੁਆਵਜ਼ਾ ਉਹ ਆਪਣੀ ਜੇਬ ਵਿਚੋਂ ਦੇਣਗੇ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਚੰਗੇ ਭਾਗ ਹਨ ਕਿ ਅੱਜ ਕੈਪਟਨ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਅਜਿਹੀ ਨੀਤੀ ਪੰਜਾਬ ਦੇ ਕਿਸਾਨਾਂ ਦੇ ਭਲੇ ਲਈ ਤਿਆਰ ਕੀਤੀ ਜਾਵੇਗੀ ਕਿ ਕਿਸੇ ਕਿਸਾਨ ਨੂੰ ਕਰਜ਼ਾ ਚੁੱਕਣ ਦੀ ਨੌਬਤ ਹੀ ਨਾ ਆਵੇ। ਅੱਗ ਲੱਗਣ ਮੌਕੇ ਅੱਗ ਬੁਝਾਉਣ ਲਈ ਫਾਇਰ ਗੱਡੀਆਂ ਦੀ ਘਾਟ ਵਾਲੀ ਗੱਲ ਸੁਣਨ ’ਤੇ ਸਿੱਧੂ ਨੇ ਤੁਰੰਤ ਅਜਨਾਲਾ, ਰਾਜਾਸਾਂਸੀ, ਅੰਮਿ੍ਰਤਸਰ ਪੂਰਬੀ ਅਤੇ ਅੰਣਿ੍ਰਤਸਰ ਉੱਤਰੀ ਵਿਧਾਨ ਸਭਾ ਹਲਕਿਆਂ ਵਿਚ ਇਕ-ਇਕ ਅੱਗ ਬੁਝਾਊ ਗੱਡੀਆਂ ਦੇਣ ਦਾ ਐਲਾਨ ਦਿੱਤਾ।
ਸਿੱਧੂ ਨੇ ਅੰਮਿ੍ਰਤਸਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਐਸ ਡੀ ਐਮ ਅਜਨਾਲਾ ਡਾ. ਅਨੂਪ੍ਰੀਤ ਕੌਰ ਅਤੇ ਹੋਰ ਅਧਿਕਾਰੀਆਂ ਦੀ ਸਿਫਤ ਕਰਦਿਆਂ ਕਿਹਾ ਕਿ ਅੱਗ ਲੱਗਣ ਮੌਕੇ ਵੀ ਉਕਤ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਅੱਜ ਫਿਰ ਛੁੱਟੀ ਹੋਣ ਦੇ ਬਾਵਜੂਦ ਉਨ੍ਹਾਂ ਨਾਲ ਕਿਸਾਨਾਂ ਦੀ ਹੌਸਲਾ ਅਫਜਾਈ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਹਰ ਅਧਿਕਾਰੀ ਲੋਕਾਂ ਦੀ ਸੇਵਾ ਲਈ ਤੱਤਪਰ ਹੈ। ਇਸ ਮੌਕੇ ਸਿੱਧੂ ਵਲੋਂ ਪੁੱਛੇ ਜਾਣ ’ਤੇ ਡਿਪਟੀ ਕਮਿਸ਼ਨਰ ਸੰਘਾ ਨੇ ਦੱਸਿਆ ਕਿ ਉਹ ਬਹੁਤ ਛੇਤੀ ਇਸ ਨੁਕਸਾਨ ਦੀ ਗਿਰਦਾਵਰੀ ਕਰਾ ਕੇ ਕੇਸ ਪਾਵਰਕਾਮ ਨੂੰ ਮੁਆਵਜ਼ੇ ਲਈ ਭੇਜ ਦੇਣਗੇ ਅਤੇ ਖ਼ੁਦ ਵਿਭਾਗ ਨਾਲ ਤਾਲਮੇਲ ਰੱਖ ਕੇ ਛੇਤੀ ਤੋਂ ਛੇਤੀ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਦਾ ਯਤਨ ਕਰਨਗੇ।