ਕੈਪਟਨ ਦੀ ਸਰਕਾਰ ''ਚ ਅਹੁਦਾ ਸੰਭਾਲਣ ਤੋਂ ਬਾਅਦ ਸਿੱਧੂ ਜੋੜੇ ਦੀ ਦਹਾੜ, ਜਾਣੋ ਕੀ ਬੋਲੇ

03/18/2017 11:48:10 AM

ਅੰਮ੍ਰਿਤਸਰ : ਕੈਪਟਨ ਦੀ ਸਰਕਾਰ ''ਚ ਸਥਾਨਕ ਸਰਕਾਰਾਂ ਬਾਰੇ ਵਿਭਾਗ ਸੰਭਾਲਣ ਵਾਲੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਪੰਜਾਬ ਨੂ ਖੁਸ਼ਹਾਲ ਬਣਾਉਣ ਲਈ ਪ੍ਰਣ ਕਰ ਲਿਆ ਹੈ। ਸਿੱਧੂ ਜੋੜੇ ਨੇ ਦਹਾੜਦਿਆਂ ਕਿਹਾ ਹੈ ਕਿ ਪੰਜਾਬ ''ਚ ਫੈਲੀ ਹਰ ਬੁਰਾਈ ਨੂੰ ਜੜੋਂ ਖਤਮ ਕੀਤਾ ਜਾਵੇਗਾ। ਆਪਣੇ ਦਫਤਰ ''ਚ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਕਦੇ ਵੀ ਪੰਜਾਬ ਦੀ ਪਿੱਠ ਨਹੀਂ ਲੱਗਣ ਦੇਣਗੇ ਅਤੇ ਤਨੋਂ-ਮਨੋਂ ਜਨਤਾ ਦੀ ਸੇਵਾ ਕਰਨਗੇ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਨੂੰ ਸੁਆਰਨ ਆਏ ਹਨ ਅਤੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਹ ਸਿਆਸਤ ਨੂੰ ਧੰਦਾ ਨਹੀਂ ਬਣਾਉਣਾ ਚਾਹੁੰਦੇ ਅਤੇ ਨਾ ਹੀ ਇਸ ਦਾ ਫਾਇਦਾ ਲੈਣਾ ਚਾਹੁੰਦੇ ਹਨ, ਸਗੋਂ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਅਤੇ ਇਸ ਪ੍ਰਤੀ ਦ੍ਰਿੜ ਵਿਸ਼ਵਾਸ ਜਗਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸਾਫ ਅਕਸ ਵਾਲੇ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਕੰਮ ਕਰਨ ਦਾ ਪੂਰਾ ਤਜ਼ਰਬਾ ਹੈ ਅਤੇ ਇਨ੍ਹਾਂ ਲੋਕਾਂ ਨੂੰ ਪਹਿਲੇ 6 ਮਹੀਨਿਆਂ ਦੌਰਾਨ ਵਧੀਆ ਸੋਚ ਅਤੇ ਜਜ਼ਬੇ ਨਾਲ ਕੰਮ ਕਰਨਾ ਪਵੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਜਨਤਾ ਨਾਲ ਚੋਣਾਂ ਦੇ ਸਮੇਂ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਕੁਝ ਅਜਿਹੇ ਹੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਸੀ। ਨਵਜੋਤ ਕੌਰ ਨੇ ਕਿਹਾ ਸੀ ਕਿ ਸੂਬੇ ਦੀ ਕਾਂਗਰਸ ਸਰਕਾਰ ਨਸ਼ਿਆਂ ਸਮੇਤ ਸਭ ਬੁਰਾਈਆਂ ਨੂੰ ਖਤਮ ਕਰੇਗੀ ਅਤੇ ਇਸ ਦੇ ਨਾਲ ਹੀ ਲੋਕਾਂ ਦੇ ਕੰਮਕਾਜ ਸਹੀ ਤਰੀਕੇ ਨਾਲ ਨਾ ਕਰਨ ਵਾਲੇ ਵਿਗੜੇ ਸਰਕਾਰੀ ਅਫਸਰਾਂ ਨੂੰ ਵੀ ਸਿੱਧਾ ਕਰ ਦੇਵੇਗੀ। ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਮੰਤਰੀ ਬਣਨ ਤੋਂ ਕਿਸ ਅੰਦਾਜ਼ ''ਚ ਕੰਮ ਕਰਦੇ ਹਨ। 

Babita Marhas

This news is News Editor Babita Marhas