ਪੰਜਾਬ ਕਾਂਗਰਸ ਦੇ CM ''ਤੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ''ਤਿੰਨ-ਤਿੰਨ ਲਾੜੇ, ਸਵਯੰਬਰ ਰਚਣਗੇ''

01/25/2022 9:52:00 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਇੱਕ ਵਾਰ ਫਿਰ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਮਾਮਲਾ ਭਖਾ ਦਿੱਤਾ। ਪੰਜਾਬ ਕਾਂਗਰਸ ਭਵਨ ਵਿਚ ਗੱਲਬਾਤ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਮ ਤੌਰ ’ਤੇ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਬਿਨਾਂ ਲਾੜੇ ਦੀ ਪਾਰਟੀ ਹੈ ਪਰ ਉਨ੍ਹਾਂ ਨੇ ਤਾਂ ਮੁੱਖ ਮੰਤਰੀ ਚਿਹਰਾ ਐਲਾਨ ਕਰ ਦਿੱਤਾ। ਹੁਣ ਪੰਜਾਬ ਕਾਂਗਰਸ ਬਿਨਾਂ ਲਾੜੇ ਦੇ ਹੈ, ਇਸ ਬਾਰੇ ਕੀ ਕਹੋਗੇ। ਇਸ ਦੇ ਜਵਾਬ ਵਿਚ ਸਿੱਧੂ ਨੇ ਹੱਸਦੇ ਹੋਏ ਕਿਹਾ ਕਿ ਹੋ ਸਕਦਾ ਹੈ ਕਿ ਉਹ ਮਤਲਬ ਹਾਈਕਮਾਨ ਦੁਲਹਨ ਨੂੰ ਕਹਿ ਰਹੇ ਹੋਣ ਕਿ ਤਿੰਨ-ਤਿੰਨ ਲਾੜੇ ਹਨ, ਪਸੰਦ ਕਰ ਲਓ। ਸਵਯੰਬਰ ਰਚਣਗੇ। ਸਿੱਧੂ ਦਾ ਇਹ ਜਵਾਬ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਪੰਜਾਬ ਕਾਂਗਰਸ ਵਿਚ ਮੁੱਖ ਮੰਤਰੀ ਚਿਹਰੇ ਦੀ ਦੌੜ ਵਿਚ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਦਾ ਨਾਮ ਸੁਰਖੀਆਂ ਵਿਚ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਕਾਂਗਰਸੀਆਂ ਬਾਰੇ 'ਕੈਪਟਨ' ਦਾ ਵੱਡਾ ਖ਼ੁਲਾਸਾ

ਇਹ ਨਾਮ ਵੀ ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸੂਰਜੇਵਾਲਾ ਦੇ ਬਿਆਨ ਤੋਂ ਬਾਅਦ ਸੁਰਖੀਆਂ ਵਿਚ ਆਏ ਹਨ ਕਿਉਂਕਿ ਇਸ ਤੋਂ ਪਹਿਲਾਂ ਤੱਕ ਕਿਹਾ ਜਾਂਦਾ ਰਿਹਾ ਹੈ ਕਿ ਇਸ ਵਾਰ ਪੰਜਾਬ ਕਾਂਗਰਸ ਸੰਯੁਕਤ ਅਗਵਾਈ ਨਾਲ ਚੋਣ ਮੈਦਾਨ ਵਿਚ ਉਤਰੇਗੀ। ਬਕਾਇਦਾ ਪੰਜਾਬ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਸੁਨੀਲ ਜਾਖੜ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਕਾਂਗਰਸ ਨੇ ਕਦੇ ਵੀ ਮੁੱਖ ਮੰਤਰੀ ਚਿਹਰੇ ਦਾ ਖ਼ੁਲਾਸਾ ਨਹੀਂ ਕੀਤਾ ਹੈ। 2017 ਦੀਆਂ ਰਾਜ ਵਿਧਾਨ ਸਭਾ ਚੋਣਾਂ ਅਪਵਾਦ ਰਹੀਆਂ, ਜਿਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਸੀ। ਇਸ ਲਈ ਇਸ ਵਾਰ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਦਾ ਐਲਾਨ ਨਹੀਂ ਕਰਨਗੇ ਅਤੇ ਕਾਂਗਰਸ ਦੀ ਸੰਯੁਕਤ ਅਗਵਾਈ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ।

ਇਹ ਵੀ ਪੜ੍ਹੋ : ਡੇਹਲੋਂ ਦੇ ਗੁਰਦੁਆਰਾ ਸਾਹਿਬ 'ਚ ਜਨਾਨੀ ਵੱਲੋਂ ਬੇਅਦਬੀ ਦੀ ਅਫ਼ਵਾਹ ਨਾਲ ਮਚੀ ਹਫੜਾ-ਦਫੜੀ

ਹਾਲਾਂਕਿ ਇਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸੂਰਜੇਵਾਲਾ ਨੇ ਇੱਕ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਸੀ ਕਿ ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਸਾਡਾ ਮੁੱਖ ਮੰਤਰੀ ਦਾ ਚਿਹਰਾ ਹਨ, ਸੰਗਠਨ ਦੇ ਮੁਖੀ ਦੇ ਤੌਰ ’ਤੇ ਨਵਜੋਤ ਸਿੰਘ ਸਿੱਧੂ ਸਾਡਾ ਚਿਹਰਾ ਹਨ, ਇਹ 1 ਅਤੇ 1 ਮਿਲਕੇ 11 ਹਨ। ਕੰਪੇਨ ਕਮੇਟੀ ਪ੍ਰਮੁੱਖ ਦੇ ਤੌਰ ’ਤੇ ਸੁਨੀਲ ਜਾਖੜ ਵੀ ਸਾਡਾ ਚਿਹਰਾ ਹੋਣਗੇ। ਤਿੰਨੇ ਮਿਲਕੇ 111 ਹਨ। ਅਜਿਹੇ ਵਿਚ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਤਿੰਨ ਲਾੜਿਆਂ ਦਾ ਜ਼ਿਕਰ ਕਰ ਕੇ ਇੱਕ ਵਾਰ ਫਿਰ ਮੁੱਖ ਮੰਤਰੀ ਚਿਹਰੇ ਦੀ ਦਾਅਵੇਦਾਰੀ ਦਾ ਮਾਮਲਾ ਭਖਾ ਦਿੱਤਾ ਹੈ। ਹੁਣ ਵੇਖਣਾ ਇਹ ਹੈ ਕਿ ਕਾਂਗਰਸ ਹਾਈਕਮਾਨ ਚੋਣਾਂ ਤੋਂ ਪਹਿਲਾਂ ‘ਲਾੜਾ’ ਪਸੰਦ ਕਰਦੀ ਹੈ ਜਾਂ ਚੋਣਾਂ ਤੋਂ ਬਾਅਦ ‘ਲਾੜੇ’ ਦੀ ਚੋਣ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita