ਪੰਜਾਬ ''ਚ ਅਗਲੇ ਹਫਤੇ ਵਿਰੋਧੀਆਂ ਖਿਲਾਫ ਦਹਾੜਨਗੇ ''ਸਿੱਧੂ''

05/08/2019 10:44:29 AM

ਚੰਡੀਗੜ੍ਹ : ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਦੌਰਾਨ ਅਗਲੇ ਹਫਤੇ ਆਪਣੇ ਵਿਰੋਧੀਆਂ ਖਿਲਾਫ ਪੰਜਾਬ 'ਚ ਦਹਾੜਨਗੇ। ਇਸ ਸਬੰਧੀ ਪਾਰਟੀ ਦੀ ਸੂਬਾ ਇਕਾਈ ਦੀ ਚੋਣ ਪ੍ਰਚਾਰ ਮੁਹਿੰਮ ਦੇ ਪ੍ਰਭਾਰੀ ਤੇ ਸੀਨੀਅਰ ਨੇਤਾ ਲਾਲ ਸਿੰਘ ਨੇ ਐਲਾਨ ਕੀਤਾ ਕਿ ਨਵਜੋਤ ਸਿੱਧੂ 12 ਮਈ ਤੋਂ ਬਾਅਦ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ 'ਚ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਸਿੱਧੂ ਹਰ ਰੋਜ਼ 2-3 ਰੈਲੀਆਂ 'ਚ ਹਿੱਸਾ ਲੈਣਗੇ ਅਤੇ ਇਸ ਸਬੰਧੀ ਪ੍ਰੋਗਰਾਮ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਲਾਲ ਸਿੰਘ ਨੇ ਕਿਹਾ ਕਿ ਸਿੱਧੂ ਇਨ੍ਹੀਂ ਦਿਨੀਂ ਦੇਸ਼ ਭਰ 'ਚ ਕਾਂਗਰਸ ਲਈ ਚੋਣ ਪ੍ਰਚਾਰ ਰੈਲੀਆਂ 'ਚ ਰੁੱਝੇ ਹੋਏ ਹਨ ਅਤੇ ਹਰਿਆਣਾ 'ਚ 12 ਮਈ ਨੂੰ ਵੋਟਾਂ ਤੋਂ ਬਾਅਦ ਉਹ ਪੰਜਾਬ 'ਚ ਚੋਣ ਪ੍ਰਚਾਰ 'ਚ ਸ਼ਾਮਲ ਹੋ ਜਾਣਗੇ। 
ਦੱਸ ਦੇਈਏ ਕਿ ਨਵਜੋਤ ਸਿੱਧੂ ਨੂੰ ਪੰਜਾਬ 'ਚ ਕਾਂਗਰਸ ਦੇ ਪ੍ਰਚਾਰ ਨੂੰ ਲੈ ਕੇ ਸੂਬਾ ਇਕਾਈ ਵਲੋਂ ਦਰਕਿਨਾਰ ਕਰ ਦਿੱਤਾ ਗਿਆ ਸੀ, ਜਿਸ ਕਾਰਨ ਸਿੱਧੂ ਕਾਫੀ ਖਫਾ ਚੱਲ ਰਹੇ ਸਨ। ਸਿੱਧੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਵੀ ਦੇਖਣਗੇ ਕਿ ਸੂਬੇ ਦੇ ਨੇਤਾ ਕਿੰਨੀਆਂ ਚੋਣ ਰੈਲੀਆਂ ਆਪਣੇ ਦਮ 'ਤੇ ਕਰਨਗੇ। ਸਿੱਧੂ ਨੇ ਇਸ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ ਪੰਜਾਬ 'ਚ ਕਾਂਗਰਸ ਦੀ ਹਾਰ ਹੋਈ ਤਾਂ ਇਸ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੀ ਪ੍ਰਦੇਸ਼ ਪ੍ਰਭਾਰੀ ਆਸ਼ਾ ਕੁਮਾਰੀ ਹੀ ਜ਼ਿੰਮੇਵਾਰ ਹੋਣਗੇ। 

Babita

This news is Content Editor Babita