ਸਿੱਧੂ ਦੇ ਯੂ. ਟਿਊਬ ਚੈਨਲ ਨਾਲ ਪੰਜਾਬ ਨੂੰ ਮਿਲ ਸਕਦੈ ਸਾਫ-ਸੁਥਰਾ ਸਿਆਸੀ ਬਦਲ : ਖਹਿਰਾ

03/17/2020 1:24:49 AM

ਸ੍ਰੀ ਚਮਕੌਰ ਸਾਹਿਬ,(ਕੌਸ਼ਲ)- ਨਵਜੋਤ ਸਿੰਘ ਸਿੱਧੂ ਨੇ 'ਜਿੱਤੇਗਾ ਪੰਜਾਬ' ਯੂ. ਟਿਊਬ ਚੈਨਲ ਖੋਲ੍ਹ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਸਾਫ ਸੁਥਰਾ ਸਿਆਸੀ ਬਦਲ ਮਿਲ ਸਕਦਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਬਾੜਾ ਦੀ ਪ੍ਰਧਾਨਗੀ ਹੇਠ 'ਪੰਜਾਬ ਏਕਤਾ' ਪਾਰਟੀ ਜ਼ਿਲਾ ਰੂਪਨਗਰ ਦੇ ਵਾਲੰਟੀਅਰਾਂ ਦੀ ਹੋਈ ਇਕ ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਲਾਇਕ ਸਿਆਸਤਦਾਨ ਇਕੱਠੇ ਹੋ ਕੇ ਇਕ ਤੀਜਾ ਫਰੰਟ ਬਣਾਉਣਗੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਵੀ ਉਹ ਹਮਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਚੋਣਾਂ ਲੜਨ ਦਾ ਵਿਚਾਰ ਰੱਖਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਐੱਸ. ਜੀ. ਪੀ. ਸੀ. ਦੀ ਚੋਣ ਸਰਕਾਰ ਨੂੰ ਹੁਣ ਕਰਵਾਉਣੀ ਚਾਹੀਦੀ ਹੈ ਤਾਂ ਜੋ ਸ਼੍ਰੋਮਣੀ ਕਮੇਟੀ ਨੂੰ ਇਕ ਪਰਿਵਾਰ ਦੇ ਚੁੰਗਲ 'ਚੋਂ ਆਜ਼ਾਦ ਕਰਵਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਨਵਜੋਤ ਸਿੰਘ ਸਿੱਧੂ, ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ, ਪਰਮਿੰਦਰ ਸਿੰਘ ਢੀਂਡਸਾ, ਰਵੀਇੰਦਰ ਸਿੰਘ ਅਤੇ ਬੈਂਸ ਬ੍ਰਦਰਜ਼ ਜਿਹੇ ਸਾਫ-ਸੁਥਰੇ ਅਕਸ ਵਾਲੇ ਲੀਡਰ ਇਕੱਠੇ ਹੋ ਕੇ ਪੰਜਾਬ ਨੂੰ ਇਕ ਚੰਗਾ ਸਿਆਸੀ ਬਦਲ ਦੇ ਸਕਦੇ ਹਨ ਕਿਉਂਕਿ ਮੌਜੂਦਾ ਅਤੇ ਪੁਰਾਣੀਆਂ ਸਰਕਾਰਾਂ ਨੇ ਤਾਂ ਲੋਕਾਂ ਨੂੰ ਸਿਰਫ ਸੁਪਨੇ ਦਿਖਾ ਕੇ ਹੀ ਵੋਟਾਂ ਬਟੋਰੀਆਂ ਹਨ।