ਈਦ ਮੌਕੇ ਪੰਜਾਬ ਸਰਕਾਰ ਵਲੋਂ ਮਾਲੇਰਕੋਟਲਾ ਲਈ ਵੱਡਾ ਐਲਾਨ

06/17/2018 8:37:08 AM

ਮਾਲੇਰਕੋਟਲਾ (ਯਾਸੀਨ) : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਈਦ-ਉਲ-ਫ਼ਿਤਰ ਦੇ ਪਵਿੱਤਰ ਤਿਉਹਾਰ ਮੌਕੇ ਈਦਗਾਹ ਮਾਲੇਰਕੋਟਲਾ ਵਿਖੇ ਪੰਜਾਬ ਸਰਕਾਰ ਵਲੋਂ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫ਼ਾ ਭੇਟ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵੱਲੋਂ ਈਦਗਾਹ ਦੇ ਆਲੇ-ਦੁਆਲੇ ਨੂੰ ਖਿੱਚ ਭਰਪੂਰ ਬਣਾਉਣ ਲਈ 15 ਕਰੋੜ ਰੁਪਏ ਦੀ ਲਾਗਤ ਨਾਲ ਕਾÎਇਆ ਕਲਪ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਅਗਲੇ ਡੇਢ ਸਾਲਾਂ ਦੇ ਅੰਦਰ ਈਦਗਾਹ ਦੇ ਨੇੜਲੇ ਖੇਤਰ ਦੀ ਦਿੱਖ ਨੂੰ ਖੂਬਸੂਰਤ ਬਣਾ ਦਿੱਤਾ ਜਾਵੇਗਾ ਅਤੇ ਮਾਲੇਰਕੋਟਲਾ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਦੇ ਮਕਸਦ ਨਾਲ 'ਸੈਲਾਨੀ ਕੇਂਦਰ' ਵਜੋਂ ਵਿਕਸਤ ਕੀਤਾ ਜਾਵੇਗਾ। 
ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 590 ਕਰੋੜ ਦੀ ਲਾਗਤ ਨਾਲ ਸੂਬੇ ਦੀਆਂ 30 ਅਹਿਮ ਥਾਂਵਾਂ ਨੂੰ 'ਸੈਲਾਨੀ ਕੇਂਦਰ' ਵਜੋਂ ਵਿਕਸਤ ਕਰਨ ਦਾ ਪ੍ਰੋਜੈਕਟ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਈਦਗਾਹ ਦੇ ਆਲੇ-ਦੁਆਲੇ ਨੂੰ ਮੁਗਲੀਆ ਸਰਕਟ ਜਾਂ ਸੂਫ਼ੀ ਸਰਕਟ ਦੇ ਤਹਿਤ ਖੂਬਸੂਰਤ ਬਣਾਇਆ ਜਾਵੇਗਾ ਅਤੇ ਆਧੁਨਿਕ ਕਿਸਮ ਦੀਆਂ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਥਿਤ ਮੁਗਲ ਕਾਲ ਨਾਲ ਸਬੰਧਤ ਇਤਿਹਾਸਕ ਸੈਲਾਨੀ ਥਾਵਾਂ ਨੂੰ ਵਿਕਸਤ ਕਰਨ ਲਈ 'ਮੁਗਲ ਸਰਕਟ' ਅਧੀਨ ਵਿਸ਼ੇਸ਼ ਪ੍ਰੋਜੈਕਟ ਬਣਾਇਆ ਗਿਆ ਹੈ। ਜਦਕਿ ਇਸ ਤੋਂ ਬਾਅਦ 'ਮਹਾਰਾਜਾ ਸਰਕਟ' ਅਧੀਨ ਪੰਜਾਬ ਦੇ ਰਿਆਸਤੀ ਸ਼ਹਿਰਾਂ ਲਈ ਇਕ ਹੋਰ ਅਹਿਮ ਪ੍ਰੋਜੈਕਟ ਤਿਆਰ ਕੀਤਾ ਜਾਵੇਗਾ। 
ਕੈਬਨਿਟ ਮੰਤਰੀ ਸਿੱਧੂ ਨੇ ਕਿਹਾ ਕਿ ਪਿਛਲੇ ਵਰ੍ਹੇ ਕਾਂਗਰਸ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਕ ਈਦਗਾਹ ਨੇੜਲੇ ਖੇਤਰ ਦੇ ਕਾਇਆ ਕਲਪ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਅਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲੇਰਕੋਟਲਾ ਸ਼ਹਿਰ ਲਈ 50 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਉਹ ਆਪਣੇ ਪਹਿਲਾਂ ਕੀਤੇ ਐਲਾਨ ਮੁਤਾਬਕ ਨਿੱਜੀ ਫ਼ੰਡ ਵਿੱਚੋਂ 50 ਲੱਖ ਰੁਪਏ ਦਾ ਚੈਕ ਲੈ ਕੇ ਆਏ ਹਨ। ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਦਿੰਦਿਆਂ ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਸਰਕਾਰ ਵਿਚ ਮੁਸਲਿਮ ਭਾਈਚਾਰੇ ਦਾ ਪੂਰਾ ਮਾਣ-ਸਨਮਾਨ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਈਦ ਦਾ ਪਵਿੱਤਰ ਤਿਉਹਾਰ ਪ੍ਰੇਮ ਅਤੇ ਆਪਸੀ ਭਾਈਚਾਰੇ ਦਾ ਪੈਗਾਮ ਲੈ ਕੇ ਆਉਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲਵਰਤਨ ਨਾਲ ਰਹਿ ਕੇ ਲੋਕ ਸੇਵਾ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ। 
ਇਸ ਮੌਕੇ ਸਿੱਧੂ ਨੇ ਰਜ਼ੀਆ ਸੁਲਤਾਨਾ ਨੂੰ 50 ਲੱਖ ਰੁਪਏ ਦਾ ਚੈਕ ਭੇਟ ਕੀਤਾ ਅਤੇ ਈਦਗਾਹ ਇੰਤਜਾਮੀਆ ਕਮੇਟੀ ਦੀ ਤਰਫੋਂ ਕੈਬਨਿਟ ਮੰਤਰੀ ਸਿੱਧੂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਡੀ. ਜੀ. ਪੀ ਮੁਹੰਮਦ ਮੁਸਤਫ਼ਾ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ. ਐਸ. ਪੀ  ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਸਿੰਘ ਬੱਤਰਾ, ਐਸ. ਡੀ. ਐਮ ਮਲੇਰਕੋਟਲਾ ਪ੍ਰੀਤੀ ਯਾਦਵ, ਪ੍ਰਧਾਨ ਈਦਗਾਹ ਕਮੇਟੀ ਮੁਹੰਮਦ ਨਾਸਰ, ਪ੍ਰਧਾਨ ਨਗਰ ਕੌਂਸਲ ਮੁਹੰਮਦ ਇਕਬਾਲ ਸਮੇਤ ਹੋਰ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਵੀ ਹਾਜ਼ਰ ਸਨ।